16 ਸਤੰਬਰ 2024 : ਪੰਜਾਬ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ 12ਵੀਂ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਲੁਧਿਆਣਾ ਦੀ ਟੀਮ ਨੇ ਜਿੱਤ ਲਈ ਹੈ। ਫਾਈਨਲ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਦੀ ਟੀਮ ਨੂੰ 9-5 ਅੰਕਾਂ ਨਾਲ ਹਰਾਇਆ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ ਕੁੱਲ 14 ਟੀਮਾਂ ਨੇ ਹਿੱਸਾ ਲਿਆ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜਨੀਅਰ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਤਹਿਤ ਲੜਕਿਆਂ ਦੀਆਂ ਟੀਮਾਂ ਦੇ ਮੁਕਾਬਲੇ ਜੀਵਨ ਮੱਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿੱਚ ਕਰਵਾਏ ਗਏ। ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਲੁਧਿਆਣਾ ਦੀ ਟੀਮ 6-2 ਨਾਲ ਜੇਤੂ ਰਹੀ। ਦੂਜੇ ਸੈਮੀਫਾਈਨਲ ਵਿੱਚ ਫਿਰੋਜ਼ਪੁਰ ਨੇ ਸੰਗਰੂਰ ਨੂੰ 13-8 ਨਾਲ ਹਰਾਇਆ। ਫਾਈਨਲ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ 9-5 ਨਾਲ ਹਰਾ ਕੇ ਖਿਤਾਬ ਜਿੱਤ ਲਿਆ।