04 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਦੋ ਪ੍ਰਮੁੱਖ ਆਗੂਆਂ ਅਰਵਿੰਦਰ ਸਿੰਘ ਲਵਲੀ ਅਤੇ ਰਾਜਕੁਮਾਰ ਚੌਹਾਨ ਨੂੰ ਪਾਰਟੀ ਨੇ ਮਹੱਤਵਪੂਰਨ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਹੈ। ਗਾਂਧੀ ਨਗਰ ਤੋਂ ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਟ੍ਰਾਂਸ ਯਮੁਨਾ ਏਰੀਆ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਮੰਗੋਲਪੁਰੀ ਤੋਂ ਵਿਧਾਇਕ ਰਾਜਕੁਮਾਰ ਚੌਹਾਨ ਨੂੰ ਦਿੱਲੀ ਪੇਂਡੂ ਵਿਕਾਸ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਇਨ੍ਹਾਂ ਦੋਵਾਂ ਬੋਰਡਾਂ ਦੇ ਚੇਅਰਮੈਨ ਦਾ ਦਰਜਾ ਕੈਬਨਿਟ ਮੰਤਰੀ ਦੇ ਬਰਾਬਰ ਹੈ, ਜਿਸ ਨੂੰ ਇਨ੍ਹਾਂ ਆਗੂਆਂ ਲਈ ਭਾਜਪਾ ਵੱਲੋਂ ਇੱਕ ਵੱਡਾ ਸਿਆਸੀ ਤੋਹਫ਼ਾ ਮੰਨਿਆ ਜਾ ਰਿਹਾ ਹੈ।
ਅਰਵਿੰਦਰ ਸਿੰਘ ਲਵਲੀ ਅਤੇ ਰਾਜਕੁਮਾਰ ਚੌਹਾਨ ਦੋਵੇਂ ਦਿੱਲੀ ਦੀ ਸ਼ੀਲਾ ਦੀਕਸ਼ਿਤ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਲਵਲੀ ਨੇ 1998 ਵਿਚ ਗਾਂਧੀ ਨਗਰ ਤੋਂ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਅਤੇ 2003 ਵਿੱਚ 30 ਸਾਲ ਦੀ ਉਮਰ ਵਿੱਚ ਸ਼ੀਲਾ ਦੀਕਸ਼ਿਤ ਸਰਕਾਰ ਵਿਚ ਸਭ ਤੋਂ ਛੋਟੀ ਉਮਰ ਦੇ ਮੰਤਰੀ ਬਣੇ ਸਨ। ਉਨ੍ਹਾਂ ਨੇ ਸਿੱਖਿਆ, ਆਵਾਜਾਈ ਅਤੇ ਸ਼ਹਿਰੀ ਵਿਕਾਸ ਵਰਗੇ ਮਹੱਤਵਪੂਰਨ ਵਿਭਾਗ ਸੰਭਾਲੇ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਦਿੱਲੀ ਵਿੱਚ ਬਲੂਲਾਈਨ ਬੱਸਾਂ ਨੂੰ ਹਰੇ, ਲਾਲ ਅਤੇ ਸੰਤਰੀ ਰੰਗ ਦੀਆਂ ਲੋ-ਫਲੋਰ ਬੱਸਾਂ ਨਾਲ ਬਦਲ ਦਿੱਤਾ ਗਿਆ ਅਤੇ ਪ੍ਰਾਈਵੇਟ ਸਕੂਲਾਂ ਵਿਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਲਈ 25 ਪ੍ਰਤੀਸ਼ਤ ਰਾਖਵਾਂਕਰਨ ਲਾਗੂ ਕੀਤਾ ਗਿਆ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਲਵਲੀ ਨੇ ਕਾਂਗਰਸ ਛੱਡ ਦਿੱਤੀ
ਲਵਲੀ ਨੇ ਮਈ 2024 ਵਿਚ ਕਾਂਗਰਸ ਛੱਡ ਦਿੱਤੀ ਕਿਉਂਕਿ ਉਹ ਆਮ ਆਦਮੀ ਪਾਰਟੀ (ਆਪ) ਨਾਲ ਗੱਠਜੋੜ ਅਤੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਨਾਲ ਅਸਹਿਮਤ ਸਨ। ਇਹ ਦੂਜੀ ਵਾਰ ਸੀ ਜਦੋਂ ਉਨ੍ਹਾਂ ਨੇ ਕਾਂਗਰਸ ਛੱਡੀ। ਇਸ ਤੋਂ ਪਹਿਲਾਂ 2017 ਵਿਚ ਉਹ ਭਾਜਪਾ ਵਿੱਚ ਸ਼ਾਮਲ ਹੋਏ ਸਨ, ਪਰ 2018 ਵਿੱਚ ਕਾਂਗਰਸ ਵਿੱਚ ਵਾਪਸ ਆਏ ਸਨ। ਰਾਜਕੁਮਾਰ ਚੌਹਾਨ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਵੀ ਕਾਂਗਰਸ ਛੱਡ ਕੇ ਅਪ੍ਰੈਲ 2024 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਦੋਵੇਂ ਆਗੂਆਂ ਨੇ 2025 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਦੀਆਂ ਟਿਕਟਾਂ ‘ਤੇ ਜਿੱਤੀਆਂ ਸਨ।