28 ਜੂਨ (ਪੰਜਾਬੀ ਖਬਰਨਾਮਾ):ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਇਹ ਸੰਸਾਰ ਬੜਾ ਹੀ ਜ਼ਾਲਮ ਹੈ। ਇਹ ਸਦਾ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦਾ ਤੇ ਛਿਪ ਗਏ ਸੂਰਜ ਦੀ ਬਾਤ ਵੀ ਨਹੀਂ ਪੁੱਛਦਾ। ਇਹ ਹਕੀਕਤ ਬਾਲੀਵੁੱਡ ਦੇ ਅਨੇਕਾਂ ਅਦਾਕਾਰਾਂ, ਗੀਤਕਾਰਾਂ, ਸੰਗੀਤਕਾਰਾਂ ਤੇ ਫ਼ਿਲਮ ਨਿਰਦੇਸ਼ਕਾਂ ਨੇ ਆਪਣੇ ਪਿੰਡੇ ’ਤੇ ਹੰਢਾਈ ਤੇ ਇਸੇ ਹਕੀਕਤ ਦੇ ਰੂਬਰੂ ਬਾਲੀਵੁੱਡ ਦੇ ਕਈ ਗਵੱਈਆਂ ਨੂੰ ਵੀ ਹੋਣਾ ਪਿਆ। ਬਾਲੀਵੁੱਡ ਦੇ ਪ੍ਰਸ਼ੰਸ਼ਕ ਤੇ ਸੰਗੀਤ ਪ੍ਰੇਮੀ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੌਸਲੇ, ਮੁਕੇਸ਼, ਕਿਸ਼ੋਰ ਕੁਮਾਰ, ਮਹਿੰਦਰ ਕਪੂਰ, ਮੰਨਾ ਡੇ ਤੇ ਹੇਮੰਤ ਕੁਮਾਰ ਆਦਿ ਜਿਹੇ ਮਹਾਨ ਗਾਇਕਾਂ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਪਰ ਉਨ੍ਹਾਂ ਅਨੇਕਾਂ ਸੁਰੀਲੇ ਗਾਇਕਾਂ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਨਗ਼ਮੇ ਦੇ ਕੇ ਬਾਲੀਵੁੱਡ ਦੀ ਸ਼ਾਨ ਨੂੰ ਚਾਰ ਚੰਨ ਲਗਾਏ ਸਨ। ਆਓ ਅੱਜ ਉਨ੍ਹਾਂ ਮਹਾਨ ਗਾਇਕਾਂ ਤੇ ਗਾਇਕਾਵਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਥੋੜ੍ਹੀ ਮਾਲੂਮਾਤ ਹਾਸਿਲ ਕਰੀਏ ਤੇ ਉਨ੍ਹਾ ਦੀ ਮਿਹਨਤ ਨੂੰ ਸਿੱਜਦਾ ਕਰੀਏ :

ਕੇਜੇ ਯੇਸੂਦਾਸ ਨੇ ਹਿੰਦੀ ਸਿਨੇਮਾ ਨੂੰ ਬੜੇ ਹੀ ਮਨਮੋਹਕ ਗੀਤ ਦਿੱਤੇ ਹਨ। ਹਿੰਦੀ ਤੋਂ ਇਲਾਵਾ ਮਲਿਆਲਮ, ਤੇਲਗੂ, ਤਾਮਿਲ, ਕੰਨੜ, ਬੰਗਾਲੀ, ਉੜੀਆ, ਮਰਾਠੀ, ਅਰਬੀ, ਲਾਤੀਨੀ, ਅੰਗਰੇਜ਼ੀ ਤੇ ਰੂਸੀ ਭਾਸ਼ਾਵਾਂ ‘ਚ ਗੀਤ ਗਾ ਕੇ ਉਸ ਨੇ ਹਿੰਦੁਸਤਾਨ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮਹਾਨ ਗਾਇਕ ਦੇ ਨਾਂ ਇੱਕੋ ਦਿਨ 11 ਵੱਖ-ਵੱਖ ਭਾਸ਼ਾਵਾਂ ’ਚ ਗੀਤ ਰਿਕਾਰਡ ਕਰਵਾਉਣ ਦਾ ਰਿਕਾਰਡ ਦਰਜ ਹੈ। ਯੇਸੂਦਾਸ ਨੇ ਆਪਣੇ ਦਿਲਕਸ਼ ਗੀਤਾਂ ਲਈ ‘ਸਰਬੋਤਮ ਗਾਇਕ’ ਦੇ ਅੱਠ ਕੌਮੀ, ਪੰਜ ਫਿਲਮਫੇਅਰ ਤੇ 43 ਰਾਜ ਪੁਰਸਕਾਰ ਹਾਸਲ ਕੀਤੇ ਹਨ। ਇਥੇ ਹੀ ਬਸ ਨਹੀਂ ਯੇਸੂਦਾਸ ਨੂੰ ਭਾਰਤ ਸਰਕਾਰ ਵੱਲੋਂ ‘ਪਦਮਸ੍ਰੀ’,‘ਪਦਮ ਭੂਸ਼ਨ’ ਤੇ ‘ਪਦਮ ਵਿਭੂਸ਼ਨ’ ਜਿਹੇ ਕੌਮੀ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੰਨ 1970 ‘ਚ ਫ਼ਿਲਮ ‘ਜੈ ਜਵਾਨ, ਜੈ ਕਿਸਾਨ’ ਨਾਲ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਯੇਸੂਦਾਸ ਨੂੰ ਸੰਨ 1976 ‘ਚ ਆਈ ਸਫ਼ਲ ਫ਼ਿਲਮ ‘ਛੋਟੀ ਸੀ ਬਾਤ’ ਤੋਂ ਪਛਾਣ ਮਿਲੀ। ਫ਼ਿਲਮ ‘ਚਿਤਚੋਰ’ ਲਈ ਉਸ ਵੱਲੋਂ ਗਾਏ ਸਾਰੇ ਗੀਤ ਸੁਪਰਹਿੱਟ ਰਹੇ। ਬਾਲੀਵੁੱਡ ਲਈ ਇਸ ਮਹਾਨ ਗਾਇਕ ਵੱਲੋਂ ਗਾਏ ਸੁਪਰਹਿਟ ਗੀਤਾਂ ‘ਚ- ‘ਕਾ ਕਰੂੰ ਸਜਨੀ ਆਏ ਨਾ ਬਾਲਮ’, ‘ਦਿਲ ਕੇ ਟੁਕੜੇ-ਟੁਕੜੇ ਕਰਕੇ ਮੁਸਕਰਾ ਕੇ ਚਲ ਦੀਏ’, ‘ਚਾਂਦ ਜੈਸੇ ਮੁਖੜੇ ਪੇ ਬਿੰਦੀਆ ਸਿਤਾਰਾ’, ‘ਕਹਾਂ ਸੇ ਆਏ ਬਦਰਾ, ਬਹਿਤਾ ਜਾਏ ਕਜਰਾ’, ‘ਸੁਰਮਈ ਅੱਖੀਓਂ ਮੇਂ ਨੰਨ੍ਹਾ-ਮੁੰਨਾ ਇਕ ਸਪਨਾ ਦੇ ਜਾ ਰੇ’ ਅਤੇ ‘ਚਾਂਦ ਕੋ ਬਨਾ ਕੇ ਤੇਰੇ ਮਾਥੇ ਕੀ ਬਿੰਦੀਆ’ ਆਦਿ ਜਿਹੇ ਕਈ ਨਗਮੇ ਸ਼ਾਮਲ ੍ਹਨ ਜੋ ਸੰਗੀਤ ਪ੍ਰੇਮੀਆਂ ਨੇ ਕਈ ਵਾਰ ਸੁਣੇ ਤੇ ਸਦਾ ਪਸੰਦ ਕੀਤੇ ਹਨ।

ਬੜੌਦਾ ਦੇ ਸਾਂਵਰਕਾਂਡਲਾ ਵਿਖੇ ਜਨਮਿਆ ਮਨਹਰ ਉਧਾਸ ਨਾਮਵਰ ਗਾਇਕ ਸਵਰਗਵਾਸੀ ਪੰਕਜ ਉਧਾਸ ਦਾ ਵੱਡਾ ਭਰਾ ਤੇ ਅਨੇਕਾਂ ਹੀ ਬਲਾਕਬਸਟਰ ਗੀਤਾਂ ਦਾ ਗਾਇਕ ਹੈ ਪਰ ਬਦਕਿਸਮਤੀ ਇਹ ਰਹੀ ਕਿ ਉਸਦੇ ਗਾਏ ਗੀਤਾਂ ਨੂੰ ਅਕਸਰ ਗੁਣਗੁਣਾਉਣ ਵਾਲੇ ਤੇ ਰੇਡੀਓ ਅਤੇ ਟੀਵੀ ’ਤੇ ਗੀਤਾਂ ਦਾ ਭਰਪੂਰ ਅਨੰਦ ਉਠਾਉਣ ਵਾਲੇ ਸਰੋਤੇ ਇਸ ਮਹਾਨ ਗਾਇਕ ਦੇ ਨਾਂ ਤੇ ਇਸਦੀ ਸ਼ਕਲ ਨੂੰ ਵਿਸਾਰ ਚੁੱਕੇ ਹਨ। ਮਕੈਨੀਕਲ ਇੰਜੀਨਿਅਰਿੰਗ ਪਾਸ ਮਨਹਰ ਉਧਾਸ ਸੰਨ 1960 ‘ਚ ਨੌਕਰੀ ਦੀ ਤਲਾਸ਼ ‘ਚ ਮੁੰਬਈ ਆਇਆ ਸੀ ਤੇ ਠੀਕ ਨੌ ਸਾਲ ਬਾਅਦ ਉਸ ਨਾਲ ਇਕ ਐਸੀ ਘਟਨਾ ਘਟੀ ਕਿ ਉਸਦਾ ਜੀਵਨ ਹੀ ਬਦਲ ਗਿਆ। 1969 ’ਚ ਸੰਗੀਤਕਾਰ ਕਲਿਆਣਜੀ-ਅਨੰਦਜੀ ਨੇ ਫ਼ਿਲਮ ‘ਵਿਸ਼ਵਾਸ’ ਦਾ ਇਕ ਗੀਤ ਗਾਉਣ ਲਈ ਗਾਇਕ ਮੁਕੇਸ਼ ਨੂੰ ਸਾਈਨ ਕੀਤਾ ਤੇ ਰਿਕਾਰਡਿੰਗ ਰੱਖ ਦਿੱਤੀ ਪਰ ਰਿਕਾਰਡਿੰਗ ਵਾਲੇ ਦਿਨ ਮੁਕੇਸ਼ ਸਟੂਡੀਓ ਨਾ ਪੁੱਜੇ। ਕਲਿਆਣਜੀ ਨੇ ਉਥੇ ਮੌਜੂਦ ਮਨਹਰ ਉਧਾਸ ਨੂੰ ਕੱਚੇ ਤੌਰ ‘ਤੇ ਰਿਕਾਰਡਿੰਗ ਲਈ ਕਿਹਾ ਤਾਂ ਉਹ ਮੰਨ ਗਿਆ। ਜਦੋਂ ਇਸ ’ਤੇ ਮੁਕੇਸ਼ ਦੀ ਆਵਾਜ਼ ਚੜ੍ਹਾਉਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਗੀਤ ਬਹੁਤ ਵਧੀਆ ਗਾਇਆ ਹੈ ਤੇ ਸੁਪਰਹਿੱਟ ਹੋਵੇਗਾ। ਗੀਤ ਦੇ ਬੋਲ ਸਨ- ‘ਆਪ ਸੇ ਹਮ ਕੋ ਬਿਛੜੇ ਹੂਏ, ਏਕ ਜ਼ਮਾਨਾ ਬੀਤ ਗਿਆ|’ ਜਦੋਂ ਫਿਲਮ ਰਿਲੀਜ਼ ਹੋਈ ਤਾਂ ਇਹ ਗੀਤ ਸੁਪਰਹਿੱਟ ਹੋਇਆ। ਬਹੁਤ ਸਾਰੇ ਸਰੋਤੇ ਕਈ ਸਾਲ ਤਕ ਇਹੋ ਸਮਝਦੇ ਰਹੇ ਸਨ ਕਿ ਇਹ ਗੀਤ ਮੁਕੇਸ਼ ਨੇ ਗਾਇਆ ਸੀ ਜਦੋਂਕਿ ਹਕੀਕਤ ਕੁਝ ਹੋਰ ਹੀ ਸੀ।

ਫ਼ਿਲਮ ‘ਤਾਜ ਮਹਿਲ’ ਰਾਹੀਂ ਸੰਗੀਤ ਨਿਰਦੇਸ਼ਕ ਰੌਸ਼ਨ ਦੀ ਛਤਰ-ਛਾਇਆ ਹੇਠ ਬਾਲੀਵੁੱਡ ’ਚ ਆਪਣੇ ਕਰੀਅਰ ਦੀ ਆਰੰਭਤਾ ਕਰਨ ਵਾਲੀ ਸੁਰੀਲੀ ਗਾਇਕਾ ਮੀਨੂੰ ਪੁਰਸ਼ੋਤਮ ਨੇ ਲਤਾ ਮੰਗੇਸ਼ਕਰ ਤੇ ਆਸ਼ਾ ਭੌਸਲੇ ਜਿਹੀਆਂ ਗਾਇਕਾਵਾਂ ਦੇ ਨਾਲ ਕਈ ਸੁਪਰਹਿੱਟ ਗੀਤ ਗਾਏ ਜਿਨ੍ਹਾਂ ਵਿੱਚੋਂ ਸਭ ਤੋਂ ਸੁਪਰਹਿੱਟ ਰਿਹਾ ਗੀਤ ਫ਼ਿਲਮ ‘ਦਾਗ਼’ ਵਿਚਲਾ ਗੀਤ– ‘ਨੀ ਮੈਂ ਯਾਰ ਮਨਾਨਾ ਨੀ ਚਾਹੇ ਲੋਗ ਬੋਲੀਆਂ ਬੋਲੇਂ’ ਸੀ। ਮੀਨੂੰ ਦੀ ਸੁਰਬੱਧ ਆਵਾਜ਼ ’ਚ ਗਾਏ ਗਏ ਕੁਝ ਹੋਰ ਨਗ਼ਮਿਆਂ ‘ਚੋਂ- ‘ਉਨਸੇ ਨਜ਼ਰੇਂ ਮਿਲੀ ਔਰ ਹਿਜਾਬ ਆ ਗਿਆ’, ‘ਜਬ ਸੇ ਤੇਰੇ ਮਨ ਮੇਂ’, ‘ਖੁਲੇ ਗਗਨ ਕੇ ਨੀਚੇ’, ‘ਦੁਰਗਾ ਹੈ ਮੇਰੀ ਮਾਂ’, ‘ਮਨ ਰੇ ਪ੍ਰਭ ਕੀ ਸ਼ਰਨ ਬਿਚਾਰੋ’, ‘ਲੌਂਗ ਦਾ ਲਿਸ਼ਕਾਰਾ’, ਆਦਿ ਗੀਤ ਵਿਸ਼ੇਸ਼ ਕਰਕੇ ਜ਼ਿਕਰਯੋਗ ਹਨ।

ਅਜਿਹਾ ਭਲਾ ਕੌਣ ਬਾਲੀਵੁੱਡ ਪ੍ਰੇਮੀ ਹੋ ਸਕਦਾ ਹੈ ਜਿਸਨੇ ਇਕ ਵਿਲੱਖਣ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਦੀ ਮਲਿਕਾ ਗਾਇਕਾ ਸ਼ਾਰਦਾ ਵੱਲੋਂ ਗਾਏ- ‘ਤਿਤਲੀ ਉੜੀ, ਉੜ ਜੋ ਚਲੀ’ ਅਤੇ ‘ਚਲੇ ਜਾਨਾ, ਜ਼ਰਾ ਠਹਿਰੋ, ਕਿਸੀ ਕਾ ਦਮ ਨਿਕਲਤਾ ਹੈ’ ਆਦਿ ਜਿਹੇ ਸੁੰਦਰ ਗੀਤ ਨਾ ਸੁਣੇ ਹੋਣ? ਦਰਅਸਲ ਮਸ਼ਹੂਰ ਸੰਗੀਤਕਾਰ ਜੋੜੀ ਸ਼ੰਕਰ-ਜੈ ਕਿਸ਼ਨ ਦਾ ਗਾਇਕਾ ਲਤਾ ਮੰਗੇਸ਼ਕਰ ਨਾਲ ਕਿਸੇ ਗੱਲੋਂ ਮਨਮੁਟਾਅ ਹੋ ਗਿਆ ਸੀ ਤੇ ਇਨ੍ਹਾਂ ਨੇ ਲਤਾ ਦੀ ਆਵਾਜ਼ ’ਚ ਗੀਤ ਰਿਕਾਰਡ ਕਰਵਾਉਣੇ ਬੰਦ ਕਰ ਦਿੱਤੇ ਸਨ ਤੇ ਲਤਾ ਦੀ ਥਾਂ ਸ਼ਾਰਦਾ ਦੀ ਆਵਾਜ਼ ਨੂੰ ਪ੍ਰਮੁੱਖਤਾ ਦੇਣੀ ਸ਼ੁਰੂ ਕਰ ਦਿੱਤੀ ਸੀ। ਉਹ ਸਮਾਂ ਸ਼ਾਰਦਾ ਦੇ ਫ਼ਿਲਮੀ ਕਰੀਅਰ ਦਾ ਸੁਨਹਿਰੀ ਕਾਲ ਬਣ ਗਿਆ ਸੀ ਪਰ ਜਿਸ ਦਿਨ ਸ਼ੰਕਰ-ਜੈ ਕਿਸ਼ਨ ਦੀ ਲਤਾ ਨਾਲ ਸੁਲ੍ਹਾ ਹੋ ਗਈ, ਉਸੇ ਦਿਨ ਤੋਂ ਸ਼ਾਰਦਾ ਦਾ ਕਰੀਅਰ ਖੜੋਤ ਵਾਲੇ ਪਾਸੇ ਚਲਾ ਗਿਆ ਸੀ। ਸ਼ਾਰਦਾ ਦੇ ਗਾਏ ਗੀਤਾਂ ‘ਚੋਂ ਚਰਚਿਤ ਗੀਤ- ‘ਜਬ ਭੀ ਯੇ ਦਿਲ ਉਦਾਸ ਹੋਤਾ ਹੈ’, ‘ਗੰਗਾਰਾਮ ਕੀ ਸਮਝ ਮੇਂ ਨਾ ਆਏ’, ‘‘ਤੇਰੇ ਸਿਵਾ ਕੌਨ ਹੈ ਮੇਰਾ’, ‘ਮੇਰੇ ਅਲੀ ਬਾਬਾ’ ਅਤੇ ‘ਕੂਚੀ-ਕੂਚੀ ਰਕਮਾ ਪਾਸ ਆਈ ਨਾ’ ਵੀ ਸ਼ਾਮਿਲ ਹਨ।

ਚੰਦਰਾਣੀ ਮੁਖਰਜੀ ਅਸਲ ’ਚ ਬੰਗਾਲ ਤੋਂ ਆਏ ਤੇ ਬਾਲੀਵੁੱਡ ’ਚ ਹੁਨਰ ਦੇ ਬਲਬੂਤੇ ਆਪਣੇ ਨਾਂ ਦਾ ਡੰਕਾ ਵਜਵਾਉਣ ਵਾਲੇ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਦੀ ਨਜ਼ਦੀਕੀ ਰਿਸ਼ਤੇਦਾਰ ਸੀ। ਉਸ ਨੇ ਬੱਪੀ ਲਹਿਰੀ, ਰਵਿੰਦਰ ਜੈਨ ਤੇ ਰਾਜ ਕਮਲ ਆਦਿ ਸੰਗੀਤ ਨਿਰਦੇਸ਼ਕਾਂ ਦੀ ਅਗਵਾਈ ’ਚ ਕੰਮ ਕੀਤਾ ਤੇ ਤਿੰਨ ਵਾਰ ਫ਼ਿਲਮਫ਼ੇਅਰ ਪੁਰਸਕਾਰ ਲਈ ਨਾਮਜ਼ਦ ਵੀ ਹੋਈ ਪਰ ਇਹ ਵੱਡੀਆਂ ਗਾਇਕਾਵਾਂ ਨਾਲ ਸਖ਼ਤ ਮੁਕਾਬਲੇ ਕਾਰਨ ਇਹ ਪੁਰਸਕਾਰ ਜਿੱਤਣ ਤੋਂ ਵਾਂਝੀ ਰਹਿ ਗਈ।

ਗਾਇਕਾ ਦੇ ਨਾਂ ਤੋਂ ਹੀ ਸਪੱਸ਼ਟ ਹੈ ਕਿ ਇਹ ਮਹਾਨ ਫ਼ਨਕਾਰ ਦੀਨਾਨਾਥ ਮੰਗੇਸ਼ਕਰ ਦੇ ਖ਼ਾਨਦਾਨ ਦਾ ਹਿੱਸਾ ਸੀ ਤੇ ਲਤਾ ਮੰਗੇਸ਼ਕਰ ਦੀ ਚੌਥੀ ਭੈਣ ਹੈ। ਕਿੰਨੀ ਦਿਲਚਸਪ ਗੱਲ ਹੈ ਕਿ ਜਿਸ ਵਕਤ ‘ਸ਼ੋਅਲੇ’ ਤੇ ‘ਦੀਵਾਰ’ ਜਿਹੀਆਂ ਦੋ ਬਲਾਕਬਸਟਰ ਫ਼ਿਲਮਾਂ ਰਿਲੀਜ਼ ਹੋਈਆਂ ਸਨ ਉਸੇ ਵੇਲੇ ਹੀ ‘ਜੈ ਸੰਤੋਸ਼ੀ ਮਾਂ’ ਜਿਹੀ ਛੋਟੇ ਬਜਟ ਦੀ ਅਤੇ ਘੱਟ ਮਸ਼ਹੂਰ ਕਲਾਕਾਰਾਂ ਨਾਲ ਸਜੀ ਫ਼ਿਲਮ ਵੀ ਰਿਲੀਜ਼ ਹੋਈ ਸੀ ਤੇ ਬਲਾਕਬਸਟਰ ਹਿੱਟ ਰਹੀ। ਇਸ ਫ਼ਿਲਮ ਦੇ ਸਾਰੇ ਹਿੱਟ ਰਹੇ ਗੀਤ ਊਸ਼ਾ ਮੰਗੇਸ਼ਕਰ ਨੇ ਗਾਏ ਸਨ। ਊਸ਼ਾ ਨੇ ‘ਤਰਾਨਾ’, ‘ਡਿਸਕੋ ਡਾਂਸਰ’, ‘ਖੱਟਾ-ਮੀਠਾ’, ‘ਨਸੀਬ’ ਆਦਿ ਜਿਹੀਆਂ ਸੁਪਰ-ਡੁਪਰ ਹਿੱਟ ਰਹੀਆਂ ਫ਼ਿਲਮਾਂ ਤੋਂ ਇਲਾਵਾ ਇਕ ਫ਼ਿਲਮ ‘ਇਨਕਾਰ’ ਵੀ ਕੀਤੀ ਸੀ ਜਿਸ ਵਿਚਲਾ ਮਰਾਠੀ ਸੰਗੀਤ ’ਚ ਗੁੰਦਿਆ ਗੀਤ- ‘ਮੁੰਗੜਾ, ਮੁੰਗੜਾ ਮੈਂ ਗੁੜ ਕੀ ਡਲੀ’ ਤਾਂ ਜ਼ਮਾਨੇ ਭਰ ’ਚ ਧੁੰਮਾਂ ਪਾ ਗਿਆ ਸੀ।

ਵਾਣੀ ਜੈਰਾਮ

ਦੱਖਣ ਭਾਰਤੀ ਫ਼ਿਲਮਾਂ ’ਚ ਜਾਦੂ ਬਿਖੇਰਨ ਤੋਂ ਬਾਅਦ ਹਿੰਦੀ ਸਿਨੇਮਾ ਵੱਲ ਨੂੰ ਮੁੜੀ ਵਾਣੀ ਜੈ ਰਾਮ ਨੂੰ ਪਹਿਲੀ ਫ਼ਿਲਮ ‘ਗੁੱਡੀ’ ਮਿਲੀ ਸੀ ਜਿਸ ਵਿਚ ਸੰਗੀਤ ਨਿਰਦੇਸ਼ਕ ਵਸੰਤ ਦੇਸਾਈ ਨੇ ਉਸ ਕੋਲੋਂ- ‘ਬੋਲੇ ਰੇ ਪਪੀਹਰਾ’ ਤੇ ‘ਹਮ ਕੋ ਮਨ ਕੀ ਸ਼ਕਤੀ ਦੇਨਾ’ ਗੀਤ ਗਵਾਏ ਸਨ। ‘ਹਮ ਕੋ ਮਨ ਕੀ ਸ਼ਕਤੀ ਦੇਨਾ’ ਗੀਤ ਤਾਂ ਜ਼ਿਆਦਾਤਰ ਸਕੂਲਾਂ ’ਚ ‘ਸਵੇਰ ਦੀ ਪ੍ਰਾਥਨਾ’ ਵਜੋਂ ਹੀ ਗਾਇਆ ਜਾਣ ਲੱਗ ਪਿਆ ਸੀ। ਇਸ ਉਪਰੰਤ ਵਾਣੀ ਨੇ ਬਾਲੀਵੁੱਡ ਦੇ ਦਿੱਗਜ ਸੰਗੀਤਕਾਰਾਂ ਲਕਸ਼ਮੀਕਾਂਤ-ਪਿਆਰੇ ਲਾਲ, ਆਰ.ਡੀ ਬਰਮਨ, ਪੰਡਿਤ ਰਵੀ ਸ਼ੰਕਰ ਸਮੇਤ ਕਈ ਹੋਰ ਸੰਗੀਤ ਨਿਰਦੇਸ਼ਕਾਂ ਦੇ ਨਿਰਦੇਸ਼ਨ ’ਚ ਅਨੇਕਾਂ ਹੀ ਸੁਰੀਲੇ ਗੀਤ ਬਾਲੀਵੁੱਡ ਦੀ ਝੋਲੀ ਪਾਏ ਸਨ। ਫਿਲਮ ‘ਮੀਰਾ’ ’ਚ ਉਸ ਵੱਲੋਂ ਗਾਏ ‘ਮੇਰੇ ਤੋ ਗਿਰਧਰ ਗੋਪਾਲ’ ਭਜਨ ਲਈ ਉਸਨੂੰ ਫਿਲਮਫ਼ੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਊਸ਼ਾ ਖੰਨਾ

ਪੁਰਸ਼ ਸੰਗੀਤ ਨਿਰਦੇਸ਼ਕਾਂ ਦੀ ਬਹੁਤਾਤ ਵਾਲੇ ਬਾਲੀਵੁੱਡ ’ਚ ਬਤੌਰ ਸੰਗੀਤ ਨਿਰਦੇਸ਼ਕਾ ਸਫ਼ਲਤਾਪੂਰਵਕ ਟਿਕੀ ਰਹਿਣ ਵਾਲੀ ਊਸ਼ਾ ਖੰਨਾ ਇਕ ਸੁਰੀਲੀ ਗਾਇਕਾ ਵੀ ਸੀ। ਉਸ ਨੇ ਆਪਣੇ ਪਤੀ ਸਾਵਨ ਕੁਮਾਰ ਟਾਕ ਜੋ ਕਿ ਨਾਮਵਰ ਨਿਰਮਾਤਾ-ਨਿਰਦੇਸ਼ਕ ਸਨ ਦੀ ਸੁਪਰਇਟ ਫ਼ਿਲਮ ‘ਸੌਤਨ’ ਸਣੇ ਲਗਪਗ ਸਾਰੀਆਂ ਹੀ ਫ਼ਿਲਮਾਂ ਦੇ ਗੀਤਾਂ ਲਈ ਸੰਗੀਤ ਨਿਰਦੇਸ਼ਨ ਕੀਤਾ ਸੀ ਤੇ ਇਸ ਫਿਲਮ ਦੇ ਸੁਪਰਹਿਟ ਗੀਤਾਂ ਲਈ ਉਸ ਨੂੰ ਫਿਲਮਫ਼ੇਅਰ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ। ਬਤੌਰ ਗਾਇਕਾ ਊਸ਼ਾ ਖੰਨਾ ਨੇ ਫ਼ਿਲਮ ‘ਸਾਜਨ ਕੀ ਸਹੇਲੀ’ ਤੇ ‘ਬਿਨ ਫ਼ੇਰੇ ਹਮ ਤੇਰੇ’ ਜਿਹੀਆਂ ਚੰਦ ਹੋਰ ਕਾਮਯਾਬ ਫ਼ਿਲਮਾਂ ਲਈ ਗੀਤ ਵੀ ਗਾਏ ਸਨ ਜੋ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤੇ ਗਏ ਸਨ।

ਆਰਤੀ ਮੁਖਰਜੀ

ਬੰਗਾਲੀ ਫ਼ਿਲਮਾਂ ਤੋਂ ਹਿੰਦੀ ਸਿਨੇਮਾ ’ਚ ਆਪਣੀ ਕਿਸਮਤ ਅਜ਼ਮਾਉਣ ਆਈ ਆਰਤੀ ਮੁਖਰਜੀ ਨਾਂ ਦੀ ਗਾਇਕਾ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਅੱਧ ‘ਚ ਆ ਕੇ ਉਦੋਂ ਲੋਕਾਂ ਦੀਆਂ ਨਜ਼ਰਾਂ ’ਚ ਚੜ੍ਹੀ ਸੀ ਜਦੋਂ ਸੰਗੀਤ ਨਿਰਦੇਸ਼ਕ ਰਵਿੰਦਰ ਜੈਨ ਨੇ ਉਸਨੂੰ ‘ਗੀਤ ਗਾਤਾ ਚਲ’ ਤੇ ‘ਤਪੱਸਿਆ’ ਫ਼ਿਲਮਾਂ ਲਈ ਰਿਕਾਰਡ ਕੀਤਾ। ਉੱਘੇ ਗੀਤਕਾਰ ਗੁਲਜ਼ਾਰ ਦੇ ਲਿਖੇ ਅਤੇ ਆਰ.ਡੀ ਬਰਮਨ ਦੇ ਸੰਗੀਤਬੱਧ ਕੀਤੇ ਫ਼ਿਲਮ ‘ਮਾਸੂਮ’ ਦੇ ਗੀਤ ‘ਦੋ ਨੈਨਾ ਔਰ ਇਕ ਕਹਾਨੀ’ ਲਈ ਆਰਤੀ ਮੁਖਰਜੀ ‘ਫ਼ਿਲਮਫ਼ੇਅਰ ਪੁਰਸਕਾਰ’ ਜਿੱਤਣ ਵਿਚ ਸਫ਼ਲ ਰਹੀ ਸੀ। ਆਰਤੀ ਨੇ ‘ਸ਼ਾਮ ਤੇਰੀ ਬੰਸੀ ਪੁਕਾਰੇ’, ‘ਦੋ ਪੰਛੀ ਦੋ ਤਿਨਕੇ’, ‘ਕਰ ਗਿਆ ਕਾਨਹਾ ਮਿਲਨ ਕਾ ਵਾਅਦਾ’ ਆਦਿ ਜਿਹੇ ਹਿੱਟ ਗੀਤ ਵੀ ਗਾਏ ਸਨ।

ਜਗਜੀਤ ਕੌਰ

ਸੰਗੀਤ ਦੇ ਚਾਹੁਣ ਵਾਲੇ ਉੱਘੇ ਸੰਗੀਤ ਨਿਰਦੇਸ਼ਕ ਖ਼ਯਾਮ ਦਾ ਨਾਂ ਤਾਂ ਜ਼ਰੂਰ ਜਾਣਦੇ ਹੋਣਗੇ ਪਰ ਇਹ ਨਹੀਂ ਜਾਣਦੇ ਹੋਣਗੇ ਕਿ ਖ਼ਯਾਮ ਦੀ ਸ਼ਰੀਕ-ਏ-ਹਯਾਤ ਦਾ ਨਾਂ ਜਗਜੀਤ ਕੌਰ ਸੀ ਜੋ ਕਿ ਵਧੀਆ ਗਾਇਕਾ ਵੀ ਸੀ। ਉਸਨੇ ਵੀ ਲਤਾ ਮੰਗੇਸ਼ਕਰ ਤੇ ਆਸ਼ਾ ਭੌਸਲੇ ਨਾਲ ਕਈ ਦਿਲਕਸ਼ ਨਗ਼ਮੇ ਰਿਕਾਰਡ ਕਰਵਾਏ ਸਨ। ਸ਼ਾਸਤਰੀ ਸੰਗੀਤ ’ਚ ਗੁੰਨ੍ਹੇ ਹੋਏ ਜਾਂ ਗ਼ਜ਼ਲਨੁਮਾ ਨਗ਼ਮਿਆਂ ਨੂੰ ਆਪਣੀ ਪੁਰਸੋਜ਼ ਆਵਾਜ਼ ਬਖ਼ਸ਼ਣ ਵਾਲੀ ਜਗਜੀਤ ਕੌਰ ਨੇ ਖ਼ਯਾਮ ਵੱਲੋਂ ਸੰਗੀਤਬੱਧ ਕੀਤੀ ਫ਼ਿਲਮ ‘ਉਮਰਾਓ ਜਾਨ’ ‘ਚ ‘ਕਾਹੇ ਕੋ ਬਿਆਹੀ ਬਿਦੇਸ’ ਨਾਮਕ ਇਕ ਖ਼ੂਬਸੂਰਤ ਗ਼ਜ਼ਲ ਸਰੋਤਿਆਂ ਦੇ ਰੂਬਰੂ ਕੀਤੀ ਸੀ। ਜਗਜੀਤ ਕੌਰ ਨੇ ‘ਦੇਖੋ-ਦੇਖੋ ਜੀ ਗੋਰੀ ਸਸੁਰਾਲ ਚਲੀ’, ‘ਤੁਮ ਅਪਨਾ ਰੰਜੋ ਗ਼ਮ ਮੁਝੇ ਦੇ ਦੋ’, ‘ਸਾਡਾ ਚਿੜੀਆਂ ਦਾ ਚੰਬਾ ਵੇ’,’ਲੜੀ ਰੇ ਲੜੀ ਤੁਝਸੇ ਆਂਖ ਲੜੀ’, ‘ਆਸ਼ਿਕ ਹੋ ਤੋ ਐਸਾ ਹੋ’, ’ਤੇੇ ‘ਆਈ ਜਿਸ ਘਰ ਬੇਟੀ ਬਨ ਕੇ’ ਆਦਿ ਜਿਹੇ ਗੀਤ ਬਾਲੀਵੁੱਡ ਦੀ ਝੋਲੀ ਪਾਏ ਸਨ।

ਸੁਧਾ ਮਲਹੋਤਰਾ

ਬਾਲੀਵੁੱਡ ’ਚ ਚੰਦ ਕੁ ਫ਼ਿਲਮਾਂ ਬਤੌਰ ਅਦਾਕਾਰਾ ਕਰਨ ਤੋਂ ਬਾਅਦ ਗਾਇਕੀ ਦੇ ਪਿੜ ਵਿਚ ਉੱਤਰੀ ਸੁਧਾ ਦੇ ਗੀਤਾਂ ਨਾਲ ਸਜੀਆਂ 50 ਦੇ ਕਰੀਬ ਫ਼ਿਲਮਾਂ ‘ਚੋ ‘ਆਰਜ਼ੂ’,‘ਬਰਸਾਤ ਕੀ ਰਾਤ’,‘ਦੀਦੀ’ਤੇ ਰਾਜ ਕਪੂਰ ਨਿਰਦੇਸ਼ਿਤ ਫ਼ਿਲਮ ‘ਪ੍ਰੇਮ ਰੋਗ’ ਆਦਿ ਪ੍ਰਮੱਖ ਸਨ। ਸੁਧਾ ਦੇ ਗਾਏ ਹਿੱਟ ਗੀਤਾਂ ‘ਚ- ‘ਨਾ ਤੋਂ ਕਾਰਵਾਂ ਕੀ ਤਲਾਸ਼ ਹੈ’, ‘ਤੁਮ ਮੁਝੇ ਭੂਲ ਭੀ ਜਾਓ ਯੇ ਹੱਕ ਹੈ ਤੁਮਕੋ’, ‘ਜਾਨੇ ਵਾਲੇ ਦੇਖ਼ ਲੇ ਬਸ ਏਕ ਨਜ਼ਰ’, ‘ਮਿਲ ਗਏ ਨੈਨ’, ‘ਹਮ ਤੁਮਹਾਰੇ ਹੈਂ’, ‘ਨਿਗਾਹੇ ਨਾਜ਼ ਕੇ ਮਾਰੋਂ ਕਾ ਹਾਲ ਕਿਆ’ ਆਦਿ ਗੀਤਾਂ ਨੂੰ ਭਲਾ ਕੌਣ ਭੁਲਾ ਸਕਦਾ ਹੈ?

ਸੁਮਨ ਕਲਿਆਣਪੁਰ

ਹਿੰਦੀ ਫ਼ਿਲਮਾਂ ਦੇ ਬਹੁਤ ਸਾਰੇ ਸੁਪਰਹਿਟ ਗੀਤ ਅਜਿਹੇ ਹਨ ਜੋ ਸੁਮਨ ਕਲਿਆਣਪੁਰ ਨੇ ਗਾਏ ਹਨ ਪਰ ਲੱਖਾਂ ਸਰੋਤੇ ਕਈ ਵਰ੍ਹਿਆਂ ਤਕ ਇਹੋ ਸਮਝਦੇ ਰਹੇ ਕਿ ਉਹ ਗੀਤ ਲਤਾ ਮੰਗੇਸ਼ਕਰ ਜਾਂ ਆਸ਼ਾ ਭੌਸਲੇ ਜਿਹੀਆਂ ਵੱਡੇ ਦਰਜੇ ਦੀਆ ਗਾਇਕਾਵਾਂ ਨੇ ਗਾਏ ਹਨ। ਸੁਮਨ ਨੇ ‘ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ਬਾਨ ਪਰ’, ‘ਨਾ ਨਾ ਕਰਤੇ ਪਿਆਰ ਤੁਮਹੀਂ ਸੇ ਕਰ ਬੈਠੇ’, ‘ਤੁਮਨੇ ਪੁਕਾਰਾ ਔਰ ਹਮ ਚਲੇ ਆਏ’, ‘ਨਾ ਤੁਮ ਹਮੇਂ ਜਾਨੋ’, ‘ਦਿਲ ਏਕ ਮੰਦਿਰ ਹੈ’, ‘ਆਪ ਸੇ ਹਮਕੋ ਬਿਛੜੇ ਹੂਏ ਏਕ ਜ਼ਮਾਨਾ ਬੀਤ ਗਿਆ’, ‘ਐਸੇ ਤੋ ਨਾ ਦੇਖੋ ਕਿ’, ‘ਪਰਬਤੋਂ ਕੇ ਪੇੜੋਂ ਪੇ ਸ਼ਾਮ ਕਾ ਬਸੇਰਾ ਹੈ’, ‘ਰਹੇਂ ਨਾ ਰਹੇਂ ਹਮ’, ‘ਮੇਰਾ ਪਿਆਰ ਭੀ ਤੂ ਹੈ ਯੇ ਬਹਾਰ ਭੀ ਤੂ ਹੈਂ’,’ਦਿਲ ਨੇ ਫਿਰ ਯਾਦ ਕੀਆ’, ‘ਤੁਮਸੇ ਓ ਹਸੀਨਾ ਯੇ ਮੁਹੱਬਤ ਨਾ ਮੈਨੇ ਕਰਨੀ ਥੀ, ਮਗਰ ਮੇਰੇ ਦਿਲ ਨੇ ਮੁਝੇ ਧੋਖਾ ਦੇ ਦੀਆ’ ਆਦਿ ਜਿਹੇ ਸਦਾਬਹਾਰ ਗੀਤ ਬਾਲੀਵੁੱਡ ਦੇ ਖ਼ਜ਼ਾਨੇ ’ਚ ਪਾ ਕੇ ਇਸਨੂੰ ਹੋਰ ਮਾਲਾਮਾਲ ਕਰ ਦਿੱਤਾ ਹੈ|

ਹੇਮਲਤਾ

ਕਈ ਦਰਜਨ ਸੁਪਰਹਿਟ ਨਗ਼ਮੇ ਗਾਉਣ ਵਾਲੀ ਹੇਮਲਤਾ ਅਸਲ ’ਚ ਬਾਲੀਵੁੱਡ ਦੇ ਨਾਮਵਰ ਤੋਂ ਸਤਿਕਾਰਤ ਸੰਗੀਤ ਨਿਰਦੇਸ਼ਕ ਨੌਸ਼ਾਦ ਸਾਹਿਬ ਦੀ ਖੋਜ ਸੀ। ਨੌਸ਼ਾਦ ਸਾਹਿਬ ਤੋਂ ਬਾਅਦ ਸੰਗੀਤਕਾਰ ਰਵਿੰਦਰ ਜੈਨ ਨੇ ‘ਰਾਜਸ਼੍ਰੀ ਪ੍ਰੋਡਕਸ਼ਨਜ਼’ ਨਾਂ ਦੀ ਵਿਸ਼ਵ ਪ੍ਰਸਿੱਧ ਫ਼ਿਲਮ ਕੰਪਨੀ ਨਾਲ ਹੇਮਲਤਾ ਨੂੰ ਜੋੜ ਕੇ ਉਸ ਕੋਲੋਂ ਕਈ ਸਾਰੇ ਸਦਾਬਹਾਰ ਗੀਤ ਰਿਕਾਰਡ ਕਰਵਾਏ। ਹੇਮਲਤਾ ਦੇ ਸੁਰੀਲੇ ਗੀਤਾਂ ਨਾਲ ਸਜੀਆਂ ਫ਼ਿਲਮਾਂ ’ਚੋਂ ‘ਤਪੱਸਿਆ’,‘ਗੀਤ ਗਾਤਾ ਚਲ’, ‘ਨਦੀਆ ਕੇ ਪਾਰ’, ਅੱਖੀਓਂ ਕੇ ਝਰੋਖੋਂ ਸੇ’ ਤੇ ‘ਚਿਤਚੋਰ’ ਆਦਿ ਹੈ। ਗਾਇਕ ਯੇਸੂਦਾਸ ਨਾਲ ਸਭ ਤੋਂ ਵੱਧ ਗੀਤ ਰਿਕਾਰਡ ਕਰਵਾਉਣ ਵਾਲੀ ਹੇਮਲਤਾ ਦਾ ਫ਼ਿਲਮ ‘ਚਿਤਚੋਰ’ ਲਈ ਗਾਇਆ ਤੇ ਅਦਾਕਾਰਾ ਜ਼ਰੀਨਾ ਵਹਾਬ ’ਤੇ ਫ਼ਿਲਮਾਇਆ ਹੋਇਆ ਗੀਤ- ‘ਤੂ ਜੋ ਮੇਰੇ ਸੁਰ ਮੇਂ ਸੁਰ ਮਿਲਾ ਲੇ’ ਤਾਂ ਜ਼ਮਾਨੇ ਭਰ ’ਚ ਮਕਬੂਲ ਰਿਹਾ ਸੀ। ਇਸੇ ਗੀਤ ਲਈ ਉਸਨੂੰ ‘ਸਰਬੋਤਮ ਗਾਇਕਾ’ ਦਾ ‘ਫ਼ਿਲਮਫ਼ੇਅਰ ਪੁਰਸਕਾਰ’ ਵੀ ਮਿਲਿਆ ਸੀ।

ਚੇਤੇ ਰਹੇ ਕਿ ਉਕਤ ਗਾਇਕਾਂ ‘ਚੋਂ ਵਾਣੀ ਜੈ ਰਾਮ, ਜਗਜੀਤ ਕੌਰ ਅਤੇ ਸ਼ਾਰਦਾ ਜੀ ਸਦੀਵੀ ਵਿਛੋੜਾ ਦੇ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕੇ ਹਨ ਅਤੇ ਬਾਕੀ ਦੇ ਸਤਿਕਾਰਤ ਗਾਇਕ ਬਜ਼ੁਰਗ ਅਵਸਥਾ ਿਵਚ ਬਾਲੀਵੁੱਡ ਦਾ ਬੇਸ਼ਕੀਮਤੀ ਸਰਮਾਇਆ ਬਣ ਕੇ ਸਾਡੇ ਦਰਮਿਆਨ ਮੌਜੂਦ ਹਨ। ਅਜੋਕੀ ਪੀੜ੍ਹੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਉਕਤ ਗਾਇਕਾਂ ਵੱਲੋਂ ਬਾਲੀਵੁੱਡ ਸੰਗੀਤ ਵਿਚ ਪਾਏ ਯੋਗਦਾਨ ਨੂੰ ਸਦਾ ਯਾਦ ਰੱਖਣ ਅਤੇ ਇਨ੍ਹਾਂ ਮਹਾਨ ਫ਼ਨਕਾਰਾਂ ਦੀ ਮਿਹਨਤ ਨੂੰ ਹਮੇਸ਼ਾ ਸਿੱਜਦਾ ਕਰਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।