(ਪੰਜਾਬੀ ਖਬਰਨਾਮਾ) 16 ਮਈ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਕਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਅਦਾਕਾਰ ਦੀ ਫਿਲਮ 10 ਮਈ ਨੂੰ ਸਿਨੇਮਾਘਰਾਂ ਦੇ ਵਿਚ ਰਿਲੀਜ਼ ਹੋਈ ਸੀ, ਜਿਸ ‘ਚ ਉਹ ਆਪਣੇ ਬੇਟੇ ਸ਼ਿੰਦਾ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ। ਇਸਦੇ ਨਾਲ ਹੀ ਅਦਕਾਰਾ ਹਿਨਾ ਖਾਨ ਗਿੱਪੀ ਨਾਲ ਰੋਮਾਂਸ ਕਰਦੀ ਵਿਖਾਈ ਦਿੱਤੀ। ਫੈਨਜ਼ ਨੂੰ ਇਨ੍ਹਾਂ ਦੀ ਜੋੜੀ ਖੂਬ ਪਸੰਦ ਆਈ ਅਤੇ ਉਨ੍ਹਾਂ ਨੂੰ ਕਾਫੀ ਹੁੰਗਾਰਾ ਮਿਲਿਆ।
ਪਾਰਟੀ ਤੋਂ ਜ਼ਿਆਦਾ ਕਰਮਜੀਤ ‘ਤੇ ਹੈ ਵਿਸ਼ਵਾਸ- ਗਿੱਪੀ ਗਰੇਵਾਲ
ਹੁਣ ਇਸੀ ਵਿਚਾਲੇ ਗਿੱਪੀ ਨੇ ਪੰਜਾਬੀ ਐਕਟਰ ਅਤੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਸਪੋਰਟ ਕੀਤਾ ਹੈ। ਉਨ੍ਹਾਂ ਨੇ ਨਿਊਜ਼ 18 ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਕਰਮਜੀਤ ਅਨਮੋਲ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਇਹ ਮੇਰੀ ਜ਼ਿੰਦਗੀ ਦੇ ਬੜੇ ਜ਼ਰੂਰੀ ਬੰਦੇ ਹਨ। ਇਹ ਮੇਰੀ ਹਰ ਚੀਜ਼ ‘ਚ ਸਾਥ ਦਿੰਦੇ ਅਤੇ ਮੇਰਾ ਵੀ ਫਰਜ਼ ਬਣਦਾ ਹੈ ਮੈਂ ਵੀ ਇਨ੍ਹਾਂ ਦਾ ਸਾਥ ਦੇਵਾਂ। ਕਰਮਜੀਤ ਅਨਮੋਲ ਚੋਣਾਂ ‘ਚ ਖੜੇ ਹੋਏ ਹਨ। ਗਿੱਪੀ ਨੇ ਅੱਗੇ ਕਿਹਾ ਕਿ ਮੈਂ ਪਾਰਟੀ ਤੋਂ ਜ਼ਿਆਦਾ ਕਰਮਜੀਤ ‘ਤੇ ਵਿਸ਼ਵਾਸ ਰੱਖਦਾ ਹਾਂ ਕਿਉਂਕਿ ਉਹ ਕਿਸੇ ਨਾਲ ਗਲਤ ਨਹੀਂ ਕਰਨਗੇ। ਅੱਜ ਤੱਕ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਕਿਸੇ ਦਾ ਦਿਲ ਦੁੱਖਿਆ ਹੋਵੇ।
ਦੱਸ ਦੇਈਏ ਕਿ ਇਸ ਸਮੇਂ ਦੇਸ਼ ਭਰ ਨਾਲ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈਕੇ ਮਾਹੌਲ ਭਖਿਆ ਹੋਇਆ ਹੈ। ਪੰਜਾਬੀ ਐਕਟਰ ਕਰਮਜੀਤ ਅਨਮੋਲ ਵੀ ਆਪ ਉਮੀਦਵਾਰ ਵਜੋਂ ਫਰੀਦਕੋਟ ਸੀਟ ਤੋਂ ਚੋਣ ਲੜ ਰਹੇ ਹਨ।