26 ਜੂਨ (ਪੰਜਾਬੀ ਖਬਰਨਾਮਾ): ਉੱਤਰ ਪ੍ਰਦੇਸ਼ ’ਚ ਪੁਲਿਸ ਭਰਤੀ ਤੇ ਸਮੀਖਿਆ/ਸਹਾਇਕ ਸਮੀਖਿਆ ਅਧਿਕਾਰੀ (ਆਰਓ/ਏਆਰਓ) ਪ੍ਰੀਖਿਆ ’ਚ ਨਕਲ ਮਾਫ਼ੀਆ ਦੀ ਸੰਨ੍ਹਮਾਰੀ ਤੋਂ ਬਾਅਦ ਯੋਗੀ ਸਰਕਾਰ ਹੁਣ ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਲਈ ਆਰਡੀਨੈਂਸ ਲੈ ਕੇ ਆਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਮੀਟਿੰਗ ’ਚ ਉੱਤਰ ਪ੍ਰਦੇਸ਼ ਜਨਤਕ ਪ੍ਰੀਖਿਆ (ਗ਼ਲਤ ਸਾਧਨਾਂ ਦੀ ਰੋਕਥਾਮ) ਆਰਡੀਨੈਂਸ-2024 ਨੂੰ ਹਰੀ ਝੰਡੀ ਦਿੱਤੀ ਗਈ। ਇਸ ਤਹਿਤ ਪੇਪਰ ਲੀਕ ਕਰਵਾਉਣ ਵਾਲਿਆਂ ’ਤੇ ਦੋ ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਤੇ ਇਕ ਕਰੋੜ ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਅਪਰਾਧ ਸਾਬਤ ਹੋਣ ’ਤੇ ਦੋਸ਼ੀਆਂ ਦੀ ਜਾਇਦਾਦ ਵੀ ਕੁਰਕ ਕੀਤੀ ਜਾਵੇਗੀ। ਪ੍ਰੀਖਿਆ ਰੱਦ ਹੋਣ ’ਤੇ ਸਾਲਵਰ ਗਿਰੋਹ ਤੋਂ ਪੂਰਾ ਖ਼ਰਚ ਵੀ ਵਸੂਲਿਆ ਜਾਵੇਗਾ।

ਲੋਕ ਭਵਨ ’ਚ ਮੰਗਲਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ’ਚ ਕੁੱਲ 44 ਪ੍ਰਸਤਾਵ ਰੱਖੇ ਗਏ, ਜਿਨ੍ਹਾਂ ਵਿਚੋਂ 43 ਪਾਸ ਹੋ ਗਏ। ਸਭ ਤੋਂ ਮਹੱਤਵਪੂਰਨ ਪ੍ਰਸਤਾਵ ’ਚ ਨਕਲ ਮਾਫ਼ੀਆ ’ਤੇ ਸਖ਼ਤੀ ਲਈ ਆਰਡੀਨੈਂਸ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਅਤੇ ਸੰਸਦੀ ਕਾਰਜ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਦੱਸਿਆ ਕੀ ਜਨਤਕ ਪ੍ਰੀਖਿਆਵਾਂ ’ਚ ਗ਼ਲਤ ਸਾਧਨਾਂ, ਪੇਪਰ ਲੀਕ ਰੋਕਣ, ਸਾਲਵਰ ਗਿਰੋਹ ’ਤੇ ਪਾਬੰਦੀ ਲਾਉਣ ਲਈ ਆਰਡੀਨੈਂਸ ਪਾਸ ਕੀਤਾ ਗਿਆ ਹੈ। ਇਸ ਤਹਿਤ ਪ੍ਰੀਖਿਆ ਅਥਾਰਟੀ ਜਿਵੇਂ ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ, ਉੱਤਰ ਪ੍ਰਦੇਸ਼ ਅਧੀਨ ਸੇਵਾਵਾਂ ਚੋਣ ਬੋਰਡ, ਯੂਪੀ ਬੋਰਡ, ਯੂਨੀਵਰਿਸਟੀ, ਅਥਾਰਟੀ, ਬਾਡੀ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਸੰਸਥਾਵਾਂ ਵੀ ਆਉਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਇਹ ਆਰਡੀਨੈਂਸ ਜਨਤਕ ਸੇਵਾ ਭਰਤੀ ਪ੍ਰੀਖਿਆਵਾਂ, ਰੈਗੂਲਰਾਈਜ਼ੇਸ਼ਨ ਜਾਂ ਤਰੱਕੀ ਪ੍ਰੀਖਿਆਵਾਂ, ਡਿਗਰੀ ਡਿਪਲੋਮਾ, ਸਰਟੀਫਿਕੇਟਾਂ ਜਾਂ ਵਿੱਦਿਅਕ ਸਰਟੀਫਿਕੇਟਾਂ ਦੀ ਪ੍ਰਵੇਸ਼ ਪ੍ਰੀਖਿਆ ’ਤੇ ਵੀ ਲਾਗੂ ਹੋਵੇਗਾ। ਫ਼ਰਜ਼ੀ ਪ੍ਰਸ਼ਨ-ਪੱਤਰ ਵੰਡਣਾ, ਫ਼ਰਜ਼ੀ ਰੁਜ਼ਗਾਰ ਵੈੱਬਸਾਈਟਾਂ ਬਣਾਉਣਾ ਆਦਿ ਵੀ ਇਸ ਤਹਿਤ ਸਜ਼ਾਯੋਗ ਅਪਰਾਧ ਬਣਾਏ ਗਏ ਹਨ। ਪ੍ਰੀਖਿਆ ’ਚ ਗੜਬੜੀ ਕਰਨ ਵਾਲੀਆਂ ਕੰਪਨੀਆਂ ਤੇ ਸੇਵਾ ਦਾਤਿਆਂ ਨੂੰ ਸਦਾ ਲਈ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਗ੍ਰਹਿ ਵਿਭਾਗ ਦੇ ਇਸ ਆਡੀਨੈਂਸ ’ਚ ਅਪਰਾਧ ਦੀ ਹਾਲਤ ’ਚ ਦੋਸ਼ੀਆਂ ਦੀ ਜਾਇਦਾਦ ਕੁਰਕ ਕਰਨ ਦਾ ਨਿਯਮ ਬਣਾਇਆ ਗਿਆ ਹੈ। ਐਕਟ ਅਧੀਨ ਸਾਰੇ ਅਪਰਾਧਾਂ ਨੂੰ ਨੋਟਿਸਯੋਗ, ਗੈਰ-ਜ਼ਮਾਨਤੀ ਅਤੇ ਸੈਸ਼ਨ ਕੋਰਟ ਵੱਲੋਂ ਮੁਕੱਦਮੇ ਯੋਗ ਬਣਾਇਆ ਗਿਆ ਹੈ। ਜ਼ਮਾਨਤ ਦੇ ਸਬੰਧ ’ਚ ਵੀ ਇਸ ਦੇ ਨਿਯਮ ਸਖ਼ਤ ਹਨ।

ਇਸ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾਉਣ ਲਈ ਸਰਕਾਰ ਨੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ’ਚ ਕੋਈ ਵੀ ਪ੍ਰਤੀਯੋਗੀ ਪ੍ਰੀਖਿਆ ਇਕ ਹੀ ਏਜੰਸੀ ਦੇ ਭਰੋਸੇ ਨਾ ਕਰਵਾ ਕੇ ਵੱਖ-ਵੱਖ ਕੰਮਾਂ ਲਈ ਚਾਰ ਏਜੰਸੀਆਂ ਦੀ ਚੋਣ ਦੀ ਵਿਵਸਥਾ ਕੀਤੀ ਗਈ ਹੈ। ਧੋਖਾਧੜੀ ਰੋਕਣ ਲਈ ਉਮੀਦਵਾਰਾਂ ਨੂੰ ਉਨ੍ਹਾਂ ਦੇ ਘਰੇਲੂ ਬੋਰਡ ਤੋਂ ਬਾਹਰ ਜਾ ਕੇ ਪ੍ਰੀਖਿਆ ਦੇਣਾ ਤੇ ਹਰੇਕ ਸ਼ਿਫਟ ਲਈ ਘੱਟੋ-ਘੱਟ ਦੋ ਸੈੱਟ ’ਚ ਪ੍ਰਸ਼ਨ-ਪੱਤਰ ਤਿਆਰ ਕਰਨ ਨਾਲ ਜੁੜੇ ਨਿਯਮ ਮੁੱਖ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।