11 ਜੂਨ (ਪੰਜਾਬੀ ਖਬਰਨਾਮਾ):ਫਾਜ਼ਿਲਕਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਅਰਨੀਵਾਲਾ ਦੀ ਪੁਲਿਸ ਨੇ 4 ਲੋਕਾਂ ਖ਼ਿਲਾਫ਼ 62 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਭਜਨ ਦਾਸ ਨੇ ਦੱਸਿਆ ਕਿ 15 ਮਾਰਚ 2024 ਨੂੰ ਸੁੰਦਰਵੀਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਟਾਹਲੀ ਵਾਲਾ ਵੱਲੋ ਐੱਸਐੱਸਪੀ ਫਾਜ਼ਿਲਕਾ ਨੂੰ ਸ਼ਿਕਾਇਤ ਦਿੱਤੀ ਗਈ ਕਿ ਸੀ ਗੋਵਿੰਦ ਡੇਅਰੀ ਐਡ ਸਵੀਟਸ ਦੇ ਮਾਲਕਾਂ ਅਮਨਦੀਪ ਸਿੰਘ ਪੁੱਤਰ ਸੁਖਵੰਤ ਸਿੰਘ ਤੇ ਹੋਰਨਾਂ ਨੇ ਮੁਦਈ ਕੋਲੋਂ 48 ਲੱਖ, 40 ਹਜ਼ਾਰ ਰੁਪਏ ਹਾਸਲ ਕਰ ਕੇ ਉਸ ਦੇ ਬਦਲੇ ਸਮੇਤ ਵਿਆਜ ਰਕਮ ਵਾਪਸ ਦੇਣ ਲਈ 62 ਲੱਖ ਰੁਪਏ ਦਾ ਚੈੱਕ 06-07-2022 ਤਰੀਕ ਦਾ ਕੱਟ ਕੇ ਤੇ ਆਪਣੇ ਗ਼ਲਤ ਦਸਤਖ਼ਤ ਕਰ ਕੇ ਉਸ ਨੂੰ ਦੇ ਦਿੱਤਾ ਸੀ। ਪਰ ਚੈੱਕ ’ਤੇ ਦਸਤਖ਼ਤ ਵੱਖਰੇ ਹੋਣ ਕਰਕੇ ਕੈਸ਼ ਨਾ ਹੋ ਸਕਿਆ ਸੀ ਤੇ ਬੈਂਕ ਵੱਲੋਂ ਆਪਣਾ ਮੀਮੋ ਲਗਾ ਕੇ ਚੈੱਕ ਵਾਪਸ ਕਰ ਦਿੱਤਾ ਗਿਆ ਸੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਉਕਤ ਵਿਅਕਤੀਆਂ ਨੇ ਮੁਦਈ ਨਾਲ ਜਾਣਬੁੱਝ ਕੇ ਚੈੱਕ ’ਤੇ ਗ਼ਲਤ ਦਸਤਖ਼ਤ ਕਰ ਕੇ ਠੱਗੀ ਮਾਰੀ ਹੈ। ਜਿਸ ਦੀ ਪੜਤਾਲ ਐੱਸਪੀ (ਡੀ) ਵੱਲੋਂ ਕੀਤੀ ਗਈ। ਇਸ ’ਤੇ ਅਰਨੀਵਾਲਾ ਪੁਲਿਸ ਨੇ ਮੁਲਜ਼ਮ ਅਮਨਦੀਪ ਸਿੰਘ ਪੁੱਤਰ ਸੁਖਵੰਤ ਸਿੰਘ, ਗੁਰਸੇਵਕ ਸਿੰਘ ਪੁੱਤਰ ਰਾਜਵੰਤ ਸਿੰਘ, ਰਾਜਵੰਤ ਸਿੰਘ ਪੁੱਤਰ ਫ਼ਕੀਰ ਸਿੰਘ, ਸੁਖਵੰਤ ਸਿੰਘ ਪੁੱਤਰ ਫ਼ਕੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।