17 ਅਕਤੂਬਰ 2024 : ਪੰਚਾਇਤੀ ਚੋਣਾਂ ਲਈ ਕੱਲ੍ਹ ਵੋਟਾਂ ਪੈਣ ਤੋਂ ਬਾਅਦ ਜਦੋਂ ਗਿਣਤੀ ਦਾ ਕੰਮ ਨਿੱਬੜਿਆ ਤਾਂ ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਪਿੰਡ ਦਾਖਾ ’ਚ ਮਾਹੌਲ ਤਣਾਅਪੂਰਨ ਹੋ ਗਿਆ। ਸੁਵਖਤੇ ਤਿੰਨ ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਨੇ ਗਿਣਤੀ ਵਾਲੀ ਥਾਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਹੁੱਲੜਬਾਜ਼ਾਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਵੀ ਤਾਕਤ ਦਿਖਾਉਣੀ ਪਈ ਜਿਸ ਦੇ ਵਿਰੋਧ ’ਚ ਸ਼ਰਾਰਤੀ ਅਨਸਰਾਂ ਨੇ ਕਥਿਤ ਹਮਲਾ ਕਰ ਦਿੱਤਾ। ਹਾਲਾਤ ਵਿਗੜਦੇ ਦੇਖ ਪੁਲੀਸ ਨੇ ਸਥਿਤੀ ਕਾਬੂ ’ਚ ਕਰਨ ਲਈ ਲਾਠੀਚਾਰਜ ਕਰ ਦਿੱਤਾ। ਸ਼ਰਾਰਤੀ ਅਨਸਰ ਪਿੱਛੇ ਹਟਣ ਦੀ ਥਾਂ ਹੋਰ ਹਮਲਾਵਰ ਹੋ ਗਏ ਅਤੇ ਮੌਕੇ ’ਤੇ ਇੱਟਾਂ ਰੋੜੇ ਚਲਾ ਦਿੱਤੇ। ਇਸ ’ਚ ਕਈ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲੀਸ ਮੁਲਾਜ਼ਮਾਂ ਨੇ ਆਪਣੀ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਹਵਾ ’ਚ ਗੋਲੀ ਚਲਾਈ ਤਾਂ ਕਿਤੇ ਜਾ ਕੇ ਮਾਹੌਲ ਸ਼ਾਂਤ ਹੋਇਆ। ਵੇਰਵਿਆਂ ਮੁਤਾਬਕ ਇਸ ਮੌਕੇ ਥਾਣਾ ਮੁਖੀ ਗੁਰਵਿੰਦਰ ਸਿੰਘ, ਏਐਸਆਈ ਆਤਮਾ ਸਿੰਘ ਤੇ ਤਰਸੇਮ ਸਿੰਘ ਦੇ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਹਾਲਾਤ ਉਦੋਂ ਬੇਕਾਬੂ ਹੋਏ ਜਦੋਂ ਗਿਣਤੀ ਦੇ ਕੰਮ ’ਚ ਦੇਰੀ ਹੋ ਗਈ। ਇਸੇ ਦੌਰਾਨ ਕੁਝ ਲੋਕ ਜਬਰਨ ਗਿਣਤੀ ਕੇਂਦਰ ’ਚ ਦਾਖ਼ਲ ਹੋਣਾ ਚਾਹੁੰਦੇ ਸਨ। ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਕੁਝ ਸਮਾਂ ਬੀਤਣ ਮਗਰੋਂ ਇਨ੍ਹਾਂ ਨੇ ਪੁਲੀਸ ਪਾਰਟੀ ’ਤੇ ਹੀ ਕਥਿਤ ਹਮਲਾ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੂੰ ਫੌਰੀ ਸੂਚਨਾ ਦਿੱਤੀ ਗਈ ਅਤੇ ਹੋਰ ਫੋਰਸ ਮੌਕੇ ’ਤੇ ਪਹੁੰਚ ਗਈ।
ਇਸ ਤੋਂ ਬਾਅਦ ਹੀ ਗੱਲ ਹਵਾਈ ਫਾਇਰਿੰਗ ਤੱਕ ਪਹੁੰਚੀ। ਥਾਣਾ ਦਾਖਾ ਮੁਖੀ ਦੇ ਬਿਆਨਾਂ ’ਤੇ ਪੁਲੀਸ ਨੇ ਦਰਜਨਾਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਦਾਖਾ ਬਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਲਈ ਨੇੜਲੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੰਗਾਮਾ ਅਤੇ ਪੁਲੀਸ ’ਤੇ ਹਮਲਾ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ, ਉਹ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਵੇ। ਗਿਣਤੀ ’ਚ ਦੇਰੀ ਬਾਰੇ ਉਨ੍ਹਾਂ ਸਾਫ ਕੀਤਾ ਕਿ ਦਾਖਾ ਤੋਂ ਸਰਪੰਚ ਲਈ ਉਮੀਦਵਾਰ ਜਗਜੀਤ ਸਿੰਘ ਭੋਲਾ ਸੱਤ ਵੋਟਾਂ ਨਾਲ ਜਿੱਤ ਪਰ ਦੂਜੀ ਧਿਰ ਮੁੜ ਤੋਂ ਗਿਣਤੀ ਕਰਵਾਉਣ ’ਤੇ ਅੜੀ ਰਹੀ। ਵਾਰ-ਵਾਰ ਸਮਝਾਉਣ ਅਤੇ ਅੜੀ ਕਰਕੇ ਰਾਤ ਦੇ ਕਰੀਬ ਦੋ ਵੱਜ ਗਏ ਜਿਸ ਮਗਰੋਂ ਇਹ ਘਟਨਾ ਵਾਪਰੀ।