02 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮਈ ਦਿਵਸ ਮੌਕੇ ਵੱਖ-ਵੱਖ ਥਾਵਾਂ ’ਤੇ ਸਮਾਗਮ ਕੀਤੇ ਗਏ ਹਨ ਪਰ ਤ੍ਰਾਸਦੀ ਇਹ ਹੈ ਕਿ ਮਜ਼ਦੂਰਾਂ ਦੇ ਹਾਲਾਤ ਅੱਜ ਵੀ ਤਰਸਯੋਗ ਹਨ। ਮਜ਼ਦੂਰ ਅੱਜ ਵੀ ਦੋ ਵਕਤ ਦੀ ਰੋਟੀ ਲਈ ਜੂਝ ਰਿਹਾ ਹੈ ਅਤੇ ਮਹਿੰਗਾਈ ਦੀ ਮਾਰ ਨੇ ਮਜ਼ਦੂਰ ਦਾ ਪੂਰੀ ਤਰ੍ਹਾਂ ਦਿਵਾਲਾ ਕੱਢ ਕੇ ਰੱਖਿਆ ਹੋਇਆ ਹੈ। ਮਜ਼ਦੂਰ ਦੀ ਹਾਲਤ ਸੁਧਾਰਨ ਲਈ ਸਰਕਾਰਾਂ ਵੱਲੋਂ ਕਈ ਕਾਨੂੰਨ ਬਣਾਏ ਹਨ ਪਰ ਇਹ ਕਾਨੂੰਨ ਸਿਰਫ਼ ਕਿਤਾਬਾਂ ਵਿਚ ਹੀ ਸਿਮਟ ਕੇ ਰਹਿ ਗਏ ਹਨ।
ਮਾਈ ਦਿਵਸ ਮੌਕੇ ਬਟਾਲਾ ਦੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ’ਚ ਦਿਹਾੜੀ ਦੀ ਆਸ ’ਚ ਖੜ੍ਹੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਰੌਂਗਟੇ ਖੜ੍ਹੇ ਹੋ ਗਏ। ਮਜ਼ਦੂਰਾਂ ਨੇ ਕਿਹਾ ਕਿ ਅਸੀਂ ਕਿੱਦਾਂ ਮਜ਼ਦੂਰ ਦਿਵਸ ਮਨਾਈਏ, ਸਾਨੂੰ ਤਾਂ ਰੋਟੀ ਦੇ ਲਾਲੇ ਪਏ ਹਨ। ਮਜ਼ਦੂਰਾਂ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਅੱਠ ਤੋਂ ਦਸ ਘੰਟੇ ਕੰਮ ਕਰਨ ਤੋਂ ਬਾਅਦ ਵੀ ਇਕ ਮਜ਼ਦੂਰ 400 ਤੋਂ 500 ਰੁਪਏ ਹੀ ਕਮਾ ਸਕਦਾ ਹੈ ਪਰ ਬਹੁਤੀ ਵਾਰ ਦਿਹਾੜੀ ਹੀ ਨਹੀਂ ਮਿਲਦੀ। 18 ਕਿਲੋਮੀਟਰ ਦਾ ਸਫਰ ਤਹਿ ਕਰਕੇ ਰੋਜ਼ਾਨਾ ਦਿਹਾੜੀ ਦੀ ਆਸ ’ਚ ਬਟਾਲੇ ਆਉਂਦੇ 17 ਸਾਲਾ ਅਨਮੋਲ ਪ੍ਰੀਤ ਸਿੰਘ ਨੇ ਕਿਹਾ ਕਿ ਉਹ ਬਾਰ੍ਹਵੀਂ ਪਾਸ ਹੈ ਅਤੇ ਆਈਟੀਆਈ ਤੋਂ ਟਰੇਡ ਡਿਪਲੋਮਾ ਕਰਨਾ ਚਾਹੁੰਦਾ ਹੈ, ਪਰ ਉਸ ਲਈ ਪੈਸਿਆਂ ਦੀ ਜ਼ਰੂਰਤ ਹੈ ਅਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਦਾਖਲੇ ਲਈ ਪੈਸੇ ਇਕੱਠੇ ਕਰ ਰਿਹਾ ਹੈ।
ਅਨਮੋਲ ਪ੍ਰੀਤ ਨੇ ਦੱਸਿਆ ਕਿ ਉਸ ਦੀ ਮਾਂ ਚੱਲ ਵਸੀ ਹੈ ਅਤੇ ਉਹ ਆਪਣੇ ਪਿਤਾ ਅਤੇ ਭਰਾ ਸਮੇਤ ਇੱਕ ਕਮਰੇ ’ਚ ਗੁਜ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਵੀ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਉਸ ਦਾ ਛੋਟਾ ਭਰਾ ਦਸਵੀਂ ’ਚ ਪੜ੍ਹ ਰਿਹਾ ਹੈ। ਉਸ ਨੇ ਦੱਸਿਆ ਕਿ ਕਈ ਕਈ ਦਿਨ ਉਸ ਨੂੰ ਦਿਹਾੜੀ ਹੀ ਨਹੀਂ ਮਿਲਦੀ ਹੈ ਪਰ ਫਿਰ ਵੀ ਕੰਮ ਦੀ ਆਸ ’ਚ ਉਹ ਇਸ ਚੌਕ ’ਚ ਆ ਖੜ੍ਹਾ ਹੁੰਦਾ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਨੇ ਸਿਵਲ ਇੰਜੀਨੀਅਰਿੰਗ ’ਚ ਡਿਪਲੋਮਾ ਕੀਤਾ ਹੈ ਪਰ ਨੌਕਰੀ ਨਾ ਮਿਲਣ ਕਾਰਨ ਉਸ ਨੂੰ ਮਜਬੂਰੀਵੱਸ ਮਜ਼ਦੂਰੀ ਕਰਨੀ ਪੈ ਰਹੀ ਹੈ। ਉਸ ਨੇ ਦੱਸਿਆ ਕਿ ਨੌਕਰੀ ਦੀ ਪ੍ਰਾਪਤੀ ਲਈ ਉਸ ਨੇ ਬਹੁਤ ਟੈਸਟ ਦਿੱਤੇ ਹਨ ਪਰ ਹਰ ਵਾਰ ਕਿਸੇ ਨਾ ਕਿਸੇ ਪੱਖ ਤੋਂ ਉਹ ਨੌਕਰੀ ਤੋਂ ਵਾਂਝਾ ਰਹਿ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਪਤਨੀ, ਦੋ ਬੱਚੇ ਅਤੇ ਮਾਤਾ ਸਮੇਤ ਦਿਹਾੜੀ ਡੱਪੇ ਨਾਲ ਗੁਜ਼ਾਰਾ ਕਰ ਰਿਹਾ ਹੈ। ਉਸ ਨੇ ਸਰਕਾਰਾਂ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰਾਂ ਕਹਿੰਦੀਆਂ ਕੁਝ ਹਨ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਉਸ ਨੇ ਕਿਹਾ ਕਿ ਆਪਣੇ ਬੁਰੇ ਆਰਥਿਕ ਹਾਲਾਤ ਨਾਲ ਜੂਝ ਰਿਹਾ ਹੈ।
ਦਿਹਾੜੀ ਦੀ ਆਸ ’ਚ ਬੈਠੇ ਇੱਕ ਬਜ਼ੁਰਗ ਨੇ ਦੱਸਿਆ ਕਿ ਉਮਰ ਵਡੇਰੀ ਹੋਣ ਕਾਰਨ ਉਸ ਨੂੰ ਲੋਕ ਦਿਹਾੜੀ ’ਤੇ ਵੀ ਨਹੀਂ ਖੜ੍ਹਦੇ ਹਨ। ਬਜ਼ੁਰਗ ਨੇ ਦੱਸਿਆ ਕਿ ਬਹੁਤੀ ਵਾਰ ਬਿਨਾਂ ਦਿਹਾੜੀ ਦੇ ਖਾਲੀ ਹੱਥ ਪਰਤਣਾ ਪੈਂਦਾ ਹੈ ਅਤੇ ਮਾਯੂਸੀ ’ਚ ਹੀ ਉਹ ਦਿਨ ਕੱਟੀ ਕਰ ਰਹੇ ਹਨ। ਮਜ਼ਦੂਰਾਂ ਨੇ ਕਿਹਾ ਕਿ ਸਰਕਾਰ ਭਾਵੇਂ ਕਿਸੇ ਪਾਰਟੀ ਦੀ ਹੋਵੇ, ਮਜ਼ਦੂਰਾਂ ਦਾ ਜੀਵਨ ਪੱਧਰ ਚੁੱਕਣ ਲਈ ਕੋਈ ਠੋਸ ਉਪਰਾਲੇ ਨਹੀਂ ਹੋਏ ਹਨ। ਉਹਨਾਂ ਕਿਹਾ ਕਿ ਸਿਰਫ ਵੋਟਾਂ ਦੀ ਖਾਤਰ ਮਜ਼ਦੂਰਾਂ ਨੂੰ ਲਾਰੇ ਲੱਪੇ ਦਿੱਤੇ ਜਾਂਦੇ ਹਨ।
ਸੰਖੇਪ: ਮਜ਼ਦੂਰ ਦਿਵਸ ‘ਤੇ, ਮਹਿੰਗਾਈ ਅਤੇ ਆਰਥਿਕ ਮੁਸ਼ਕਲਾਂ ਨੇ ਮਜ਼ਦੂਰਾਂ ਦੀ ਜ਼ਿੰਦਗੀ ਔਖੀ ਕਰ ਦਿੱਤੀ, ਰੋਟੀ ਦੇ ਲਾਲੇ ਪੈ ਗਏ ਹਨ।