ਤਰਨਤਾਰਨ, 25 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਕਿਸਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੋਹਲਵੜ ਵਿਖੇ ਰੇਲਾਂ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖ਼ਜ਼ਾਨਚੀ ਫਤਿਹ ਸਿੰਘ ਪਿੱਦੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ, ਦਿਆਲ ਸਿੰਘ ਮੀਆਂਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਹਰਬਿੰਦਰਜੀਤ ਸਿੰਘ ਕੰਗ ਨੇ ਕਿਹਾ ਕੀ ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਸਰਕਾਰ ਮੰਨੀਆਂ ਹੋਈਆਂ ਮੰਗਾਂ ਤੋਂ ਮੁੱਕਰ ਰਹੀ ਹੈ। ਜਦੋਂ ਕਿਸਾਨ ਉਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਆਪਣੇ ਹੀ ਜ਼ਿਲ੍ਹੇ ਦੇ ਡੀਸੀ ਕੋਲ ਰੋਸ ਪ੍ਰਦਰਸ਼ਨ ਕਰਨ ਲਈ ਗਏ ਤਾਂ ਪ੍ਰਸ਼ਾਸਨ ਨੇ ਵੱਡੀ ਗਿਣਤੀ ਕਿਸਾਨਾਂ ’ਤੇ ਲਾਠੀ ਚਾਰਜ ਕੀਤਾ । ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ’ਚ ਭੇਜ ਦਿੱਤਾ। ਜਿਸ ’ਚ ਕਿਸਾਨ ਮਜ਼ਦੂਰ ਮੋਰਚੇ ਦੇ ਵੱਡੇ ਆਗੂ ਸਰਵਨ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਰਣਜੀਤ ਸਿੰਘ ਕਲੇਰ ਬਾਲਾ, ਡਾ. ਕਵਰਦਲੀਪ, ਜਰਮਨਜੀਤ ਬੰਡਾਲਾ ਆਦਿ ਵੀ ਸ਼ਾਮਲ ਹਨ। ਜਿਸ ਦੇ ਵਿਰੋਧ ’ਚ ਪੰਜਾਬ ਭਰ ’ਚ ਕਿਸਾਨਾਂ ਨੇ ਵੱਡੇ ਰੋਸ ਪ੍ਰਦਰਸ਼ਨ ਕੀਤੇ ਹਨ। ਜਿਸ ਤਰ੍ਹਾਂ ਜ਼ਿਲ੍ਹਾ ਤਰਨਤਾਰਨ ’ਚ ਰੇਲਵੇ ਟਰੈਕ ਗੋਹਲਵੜ ਵਿਖੇ ਵੱਡੀ ਗਿਣਤੀ ਕਿਸਾਨਾਂ ਨੇ ਰੇਲ ਦਾ ਚੱਕਾ ਜਾਮ ਕੀਤਾ। ਉਸੇ ਤਰ੍ਹਾਂ ਗੁਰਦਾਸਪੁਰ ਤੇ ਹੋਰ ਕਈ ਜ਼ਿਲ੍ਹਿਆਂ ’ਚ ਵੀ ਕਿਸਾਨਾਂ ਨੇ ਵੱਡੀ ਗਿਣਤੀ ’ਚ ਆਪਣੇ ਕਿਸਾਨ ਆਗੂਆਂ ਨੂੰ ਛਡਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ।

ਕਿਸਾਨਾਂ ਨੇ ਕਿਹਾ ਕਿ ਰੇਲਾਂ ਦੇ ਟਰੈਕਾਂ ’ਤੇ ਬੈਠਣਾ ਸਾਡਾ ਕੋਈ ਸ਼ੌਂਕ ਨਹੀਂ ਹੈ। ਕਿਸਾਨ ਕਦੇ ਵੀ ਗੱਲਬਾਤ ਤੋਂ ਭੱਜਦੇ ਨਹੀਂ। ਚਾਰ ਵਾਰ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਵਾਅਦਾ ਕੀਤਾ ਗਿਆ ਤੇ ਹਰ ਵਾਰ ਸਰਕਾਰ ਵੱਲੋਂ ਮੀਟਿੰਗ ਰੱਦ ਕਰ ਦਿੱਤੀ ਗਈ। ਜਿਸ ’ਚ ਕਿਸਾਨਾਂ ਦੀਆਂ ਮੰਗਾਂ ਜਿਵੇਂ ਬਿਜਲੀ ਸੋਧ ਬਿੱਲ, ਬੀਜ ਸੋਧ ਬਿੱਲ, ਹੜ੍ਹਾਂ ਦਾ ਮੁਆਵਜ਼ਾ, ਸ਼ੰਭੂ ਖਨੌਰੀ ਤੇ ਹੋਏ ਨੁਕਸਾਨ ਦੀ ਭਰਪਾਈ, ਚਾਰ ਲੇਬਰ ਕੋਡ ਕਾਨੂੰਨ, ਝੂਠੇ ਮੁਕਾਬਲਿਆਂ ਦੀ ਜਾਂਚ ਆਦਿ ਮੰਗਾਂ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਉਕਤ ਮੰਗਾਂ ਤੇ ਕਿਸਾਨਾਂ ਦੀ ਰਿਹਾਈ ਤੱਕ ਮੋਰਚਾ ਜਾਰੀ ਰਹੇਗਾ। ਜੇਕਰ ਸਰਕਾਰ ਇਸ ਦਾ ਕੋਈ ਹੱਲ ਨਹੀਂ ਕੱਢਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ।

ਇਸ ਮੌਕੇ ਸਲਵਿੰਦਰ ਸਿੰਘ ਜੀਓਬਾਲਾ, ਪਰਮਜੀਤ ਸਿੰਘ ਛੀਨਾ, ਕੁਲਵਿੰਦਰ ਸਿੰਘ ਕੈਰੋਂਵਾਲ, ਮਨਜਿੰਦਰ ਸਿੰਘ ਗੋਹਲਵੜ, ਸੁਖਚੈਨ ਸਿੰਘ ਅੱਲੋਵਾਲ, ਮੁਖਤਾਰ ਸਿੰਘ ਬਿਹਾਰੀਪੁਰ, ਬਲਜਿੰਦਰ ਸਿੰਘ ਸੈਰੋ, ਕੁਲਵੰਤ ਸਿੰਘ ਭੈਲ, ਕੁਲਵੰਤ ਸਿੰਘ ਢੋਟੀਆਂ, ਗੁਰਭੇਜ ਸਿੰਘ ਧਾਰੀਵਾਲ, ਆਤਮਾ ਸਿੰਘ ਘਰਿਆਲੀ,ਮਨਜੀਤ ਸਿੰਘ ਕਰਮੂਵਾਲਾ, ਇਕਬਾਲ ਸਿੰਘ ਵੜਿੰਗ, ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੂਵਿੰਡ, ਨਿਰੰਜਨ ਸਿੰਘ ਬਗਰਾੜੀ, ਲਖਵਿੰਦਰ ਸਿੰਘ ਪਲਾਸੌਰ ਆਦਿ ਆਗੂ ਹਾਜ਼ਰ ਸਨ।

ਸੰਖੇਪ:-

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਰਨਤਾਰਨ ਦੇ ਗੋਹਲਵੜ ’ਚ ਰੇਲਵੇ ਟਰੈਕਾਂ ’ਤੇ ਚੱਕਾ ਜਾਮ ਕਰਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਆਪਣੇ ਆਗੂਆਂ ਦੀ ਰਿਹਾਈ ਅਤੇ ਮੰਗਾਂ ਦੇ ਪੂਰੇ ਹੋਣ ਦੀ ਮੰਗ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।