(ਪੰਜਾਬੀ ਖਬਰਨਾਮਾ) 20 ਮਈ Punjab: ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਰ ਸੁਖਪਾਲ ਸਿੰਘ ਖਹਿਰਾ ਨੇ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀਆਂ ਬਾਰੇ ਵਿਵਾਦਗ੍ਰਸਤ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਲੋਕ ਪੰਜਾਬ ’ਤੇ ਕਬਜ਼ਾ ਕਰ ਕੇ ਪੰਜਾਬੀਅਤ ਨੂੰ ਖ਼ਤਮ ਕਰ ਦੇਣਗੇ। ਪੰਜਾਬ ਤਾਂ ਪੰਜਾਬੀਆਂ ਦਾ ਹੈ। ਇਥੇ ਗ਼ੈਰ-ਪੰਜਾਬੀ ਭਾਵ ਦੂਜੇ ਰਾਜਾਂ ਤੋਂ ਆਉਣ ਵਾਲਿਆਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਨਾ ਉਨ੍ਹਾਂ ਨੂੰ ਪੰਜਾਬ ’ਚ ਨੌਕਰੀ ਮਿਲਣੀ ਚਾਹੀਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਘਰ ਬਣਾਉਣ ਦੇਣੇ ਚਾਹੀਦੇ ਹਨ।

ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸੀਨੀਅਰ ਕਾਂਗਰਸ ਆਗੂ ਸੁਖਪਾਲ ਖਹਿਰਾ ਵਲੋਂ ਦੂਜੇ ਰਾਜਾਂ ਦੇ ਗ਼ੈਰ ਪੰਜਾਬੀ ਪ੍ਰਵਾਸੀ ਲੋਕਾਂ ਦੇ ਪੰਜਾਬ ਵਿਚ ਜ਼ਮੀਨ ਜਾਇਦਾਦਾਂ ਖ਼ਰੀਦਣ ਉਪਰ ਰੋਕ ਲਾਉਣ ਲਈ ਕਾਨੂੰਨ ਬਣਾਏ ਜਾਣ ਸਬੰਧੀ ਦਿਤੇ ਬਿਆਨ ਉਪਰ ਸਿਆਸਤ ਭਖ ਗਈ ਹੈ। ਇਸ ਬਿਆਨ ਬਾਰੇ ਜਿਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਰਮ ਦਿਤਾ ਹੈ, ਉਥੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਸਖ਼ਤ ਪ੍ਰਤੀਕਰਮ ਦਿਤਾ ਹੈ।

ਜ਼ਿਕਰਯੋਗ ਹੈ ਕਿ ਬਾਹਰਲੇ ਰਾਜਾਂ ਦੇ ਪੰਜਾਬ ਆਉਣ ਵਾਲੇ ਪ੍ਰਵਾਸੀ ਲੋਕਾਂ ਬਾਰੇ ਇਹ ਬਿਆਨ ਪਹਿਲੀ ਵਾਰ ਨਹੀਂ ਦਿਤਾ ਗਿਆ ਬਲਕਿ ਉਹ ਵਿਧਾਨ ਸਭਾ ਵਿਚ ਵੀ ਇਸ ਸਬੰਧ ਵਿਚ ਮਤਾ ਲਿਆਉਣ ਦੀ ਸੈਸ਼ਨ ਤੋਂ ਪਹਿਲਾਂ ਮੰਗ ਕਰ ਚੁੱਕੇ ਹਨ। ਖਹਿਰਾ ਨੇ ਪ੍ਰਵਾਸੀਆਂ ਦੇ ਜਾਇਦਾਦਾਂ ਖ਼ਰੀਦਣ ’ਤੇ ਰੋਕ ਦਾ ਕਾਨੂੰਨ ਬਣਾਉੁਣ ਦਾ ਤਰਕ ਦਿੰਦਿਆਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਘੱਟ ਜਾਵੇਗੀ ਅਤੇ ਸਾਡੀ ਪੱਗ ਵੀ ਨਹੀਂ ਬਚਣੀ। ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਵਲੋਂ ਉਨ੍ਹਾਂ ਦੇ ਬਿਆਨ ਉਪਰ ਪ੍ਰਤੀਕਰਮ ਆਉਣ ਬਾਅਦ ਅਪਣਾ ਪੱਖ ਮੁੜ ਸਪੱਸ਼ਟ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕੁੱਝ ਨਹੀਂ ਕਿਹਾ ਕਿ ਬਿਹਾਰ ਜਾਂ ਉਤਰ ਪ੍ਰਦੇਸ਼ ਵਰਗੇ ਰਾਜਾਂ ਤੋਂ ਪੰਜਾਬ ਆਉਣ ਵਾਲੇ ਲੋਕਾਂ ’ਤੇ ਪਾਬੰਦੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੰਮਕਾਰ ਲਈ ਬਾਹਰੋਂ ਆਉਣ ਵਾਲੇ ਲੋਕਾਂ ਬਾਰੇ ਕੋਈ ਇਤਰਾਜ਼ ਨਹੀਂ ਅਤੇ ਉਹ ਇਥੇ ਕੰਮਕਾਰ ਕਰ ਕੇ ਕਮਾਈ ਕਰ ਸਕਦੇ ਹਨ ਪਰ ਮੇਰੀ ਮੰਗ ਸਿਰਫ਼ ਹਿਮਾਚਲ ਪ੍ਰਦੇਸ਼ ਤੇ ਕੁੱਝ ਹੋਰ ਰਾਜਾਂ ਦੀ ਤਰਜ਼ ’ਤੇ ਸਿਰਫ਼ ਬਾਹਰੋਂ ਆਏ ਲੋਕਾਂ ਵਲੋਂ ਖੇਤੀ ਜ਼ਮੀਨਾਂ ਤੇ ਹੋਰ ਜਾਇਦਾਦਾਂ ਖ਼ਰੀਦਣ ’ਤੇ ਰੋਕ ਲਾਉਣ ਲਈ ਕਾਨੂੰਨ ਬਣਾਉਣ ਦੀ ਹੈ, ਤਾਂ ਪੰਜਾਬ ਦੇ ਲੋਕਾਂ ਦੇ ਹਿਤ ਸੁਰੱਖਿਅਤ ਹੋ ਸਕਣ ਪਰ ਮੀਡੀਆ ਦੇ ਇਕ ਹਿੱਸੇ ਵਲੋਂ ਮੇਰੀ ਵਿਚਾਰ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਖਹਿਰਾ ਦੇ ਬਿਆਨ ਉਪਰ ਪ੍ਰਤੀਕਰਮ ਦਿੰਦੇ ਹੋਏ ਕਿਹਾ ਗਿਆ ਹੈ ਕਿ ਖਹਿਰਾ ਜੋ ਹਰ ਨਾਲ ਲੜਦਾ ਰਹਿੰਦਾ ਹੈ, ਨੇ ਕਿਹਾ ਹੈ ਕਿ ਬਾਹਰੋਂ ਆਉਂਦੇ ਪ੍ਰਵਾਸੀ ਲੋਕਾਂ ’ਤੇ ਪਾਬੰਦੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਵੀ ਤਾਂ ਬਾਹਰ ਦੇਸ਼ ਵਿਦੇਸ਼ ਵਿਚ ਰਹਿੰਦੇ ਹਨ ਤੇ ਜੇ ਉਨ੍ਹਾਂ ’ਤੇ ਰੋਕ ਲੱਗ ਜਾਵੇ ਤਾਂ ਕੀ ਹੋਵੇਗਾ? ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਰਕਤ ਵਾਲੀ ਹੈ। ਅਸੀ ਲੰਗਰ ਲਾਉਂਦੇ ਹਾਂ ਅਤੇ ਕਦੇ ਕਿਸੇ ਨੂੰ ਪੁਛਦੇ ਹਾਂ ਕਿਥੋਂ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤਾਂ ਅਨਾਜ ਭੰਡਾਰ ਭਰ ਕੇ ਸਾਰੇ ਦੇਸ਼ ਨੂੰ ਰੋਟੀ ਖੁਆਉਂਦਾ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਲੋਕਾਂ ਨੂੰ ਰੋਕਣ ਦੀ ਮੰਗ ਛੋਟੀ ਸੋਚ ਹੈ ਅਤੇ ਅਜਿਹੀ ਮਾਨਸਿਕਤਾ ਨਹੀਂ ਹੋਣੀ ਚਾਹੀਦੀ। ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਖਹਿਰਾ ਦੇ ਬਿਆਨ ਉਪਰ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕਿਸੇ ਸਮੇਂ ਪਿਛਲੀਆਂ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੀ ਅਜਿਹਾ ਬਿਆਨ ਦਿਤਾ ਸੀ ਕਿ ਭਈਆਂ ਨੂੰ ਪੰਜਾਬ ਵਿਚੋਂ ਬਾਹਰ ਕਢਿਆ ਜਾਵੇ।

ਉਨ੍ਹਾਂ ਕਿਹਾ ਕਿ ਇਹ ਸੋੜੀ ਮਾਨਸਿਕ ਸੋਚ ਦਾ ਹੀ ਪ੍ਰਗਟਾਵਾ ਹੈ ਜਦਕਿ ਪੂਰੇ ਦੇਸ਼ ਵਿਚ ਇਕ ਦੂਜੇ ਰਾਜਾਂ ਵਿਚ ਲੋਕ ਕੰਮਾਕਾਰਾਂ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਾਂ ਜਦੋਂ ਝੋਨੇ ਦਾ ਮੌਸਮ ਹੁੰਦਾ ਹੈ ਤਾਂ ਉਦੋਂ ਰੇਲਵੇ ਸਟੇਸ਼ਨਾਂ ਉਪਰ ਪੰਜਾਬ ਦੇ ਲੋਕ ਪ੍ਰਵਾਸੀ ਮਜ਼ਦੂਰਾਂ ਦੀ ਭਾਲ ਵਿਚ ਲਾਈਨਾਂ ਲਾ ਕੇ ਖੜਦੇ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਆਰਥਕਤਾ ਵਿਚ ਵੱਡਾ ਯੋਗਦਾਨ ਹੈ।

ਭਾਰਤ ਸਮੇਤ ਸਾਰੇ ਦੇਸ਼ਾਂ ਵਿਚ ਘੱਟਗਿਣਤੀਆਂ ਦੇ ਅਤੇ ਕਮਜ਼ੋਰ ਰਾਜਾਂ ਲਈ ਅਜਿਹੇ ਪ੍ਰਬੰਧ ਕੀਤੇ ਜਾਂਦੇ ਹਨ

ਚੋਣਾਂ ਦੇ ਮਾਹੌਲ ਵਿਚ ਦਲੀਲ ਦੀ ਗੱਲ ਸੁਣਾਉਣੀ ਸੌਖੀ ਨਹੀਂ ਹੁੰਦੀ ਕਿਉਂਕਿ ਹਰ ਕੋਈ ਅਪਣੀਆਂ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਨੂੰ ਮੁੱਖ ਰੱਖ ਕੇ ਪ੍ਰਤੀਕਰਮ ਦੇਂਦਾ  ਹੈ, ਹਕੀਕਤ ਵਲ ਵੇਖ ਕੇ ਨਹੀਂ। ਕਸ਼ਮੀਰ ਅਤੇ ਹਿਮਾਚਲ ਵਿਚ ਵਿਸ਼ੇਸ਼ ਕਾਨੂੰਨਾਂ ਅਧੀਨ, ਦੂਜੇ ਰਾਜਾਂ ਵਿਚ ਰਹਿੰਦੇ ਭਾਰਤੀਆਂ ਉਤੇ ਜਾਇਦਾਦ ਆਦਿ ਖ਼ਰੀਦਣ ਅਤੇ ਵੋਟਰ ਬਣਨ ਉਤੇ ਕਈ ਪਾਬੰਦੀਆਂ ਹਨ। ਵਿਦੇਸ਼ਾਂ ਵਿਚ ਵੀ ਇਸ ਅਸੂਲ ਨੂੰ ਮਾਨਤਾ ਦਿਤੀ ਗਈ ਹੈ। ਕੈਨੇਡਾ ਵਿਚ ਇਕ ਰਾਜ ਕਿਊਬੇਕ ਫ਼ਰਾਂਸੀਸੀ ਲੋਕਾਂ ਦਾ ਹੈ, ਉਥੇ ਬਾਕੀ ਦੇ ਕੈਨੇਡੀਅਨਾਂ ਉਤੇ ਕਈ ਪਾਬੰਦੀਆਂ ਹਨ। ਫ਼ਰਾਂਸੀਸੀ ਬੋਲਣ ਵਾਲੇ ਸੂਬੇ ਦੇ ਲੋਕਾਂ ਨੂੰ ਦੇਸ਼ ਤੋਂ ਵੱਖ ਹੋਣ ਦਾ ਵੀ ਅਧਿਕਾਰ ਦਿਤਾ ਗਿਆ ਹੈ। ਬਰਤਾਨੀਆਂ ਵਿਚ ਇਕ ਰਾਜ ਸਕਾਟਲੈਂਡ ਨੂੰ ਵੱਖ ਹੋਣ ਦਾ ਵੀ ਅਧਿਕਾਰ ਹੈ ਅਤੇ ਉਥੇ ਬਾਕੀ ਦੇ ਦੇਸ਼ ਵਾਸੀਆਂ ਉਤੇ ਕਈ ਪਾਬੰਦੀਆਂ ਲੱਗੀਆਂ ਹੋਈਆਂ ਹਨ। ਅਜਿਹੀਆਂ ਪਾਬੰਦੀਆਂ ਦੀ ਮੰਗ ‘ਸੌੜੇਪਨ ਦੀ ਮੰਗ’ ਨਹੀਂ ਹੁੰਦੀ ਬਲਕਿ ਛੋਟੇ ਤੇ ਕਮਜ਼ੋਰ ਸਭਿਆਚਾਰਾਂ ਨੂੰ ਵੱਡੇ ਤੇ ਬਹੁਗਿਣਤੀ ਦੇ ਸਭਿਆਚਾਰ ਦੇ ਦਾਬੇ ਤੋਂ ਬਚਾਉਣ ਲਈ ਜਾਇਜ਼ ਮੰਨਿਆ ਜਾਂਦਾ ਹੈ। ਭਾਰਤ ਸਰਕਾਰ ਵੀ ਇਸ ਪ੍ਰਕਿਰਿਆ ਨੂੰ ਕਈ ਰਾਜਾਂ ਵਿਚ ਮਾਨਤਾ ਦੇ ਚੁੱਕੀ ਹੈ ਤਾਂ ਖਹਿਰਾ ਜੀ ਦੀ ਮੰਗ ਨੂੰ ਵੀ ਚੋਣਾਂ ਦੇ ਰੌਲੇ ਰੱਪੇ ਵਿਚ ਵਗਾਹ ਸੁੱਟਣ ਦੀ ਬਜਾਏ ਪੰਜਾਬ ਦੇ ਇਕ ਵੱਡੇ ਹਿੱਸੇ ਦੀ ਚਿੰਤਾ ਸਮਝ ਕੇ ਇਸ ਦਾ ਹੱਲ ਵੀ ਲਭਣਾ ਚਾਹੀਦਾ ਹੈ।
ਯਾਦ ਰਹੇ ਅਮਰੀਕਾ ਤੇ ਕੈਨੇਡਾ ਵਿਚ ਵੀ ਹਰ ਸਾਲ ਕੋਟਾ ਨਿਰਧਾਰਤ ਕੀਤਾ ਜਾਂਦਾ ਹੈ ਕਿ ਇਸ ਸਾਲੇ ਏਨੇ ਭਾਰਤੀ, ਏਨੀ ਚੀਨੀ ਤੇ ਏਨੇ ਹੋਰ ਲੋਕ ਉਥੇ ਆ ਸਕਦੇ ਹਨ। ਕਈ ਦੇਸ਼ਾਂ ਵਿਚ ਜਦ ‘ਵਿਦੇਸ਼ੀਆਂ’ ਦੀ ਗਿਣਤੀ ਵੱਧ ਗਈ ਤਾਂ ਉਥੇ ਉਨ੍ਹਾਂ ਨੂੰ ਕੱਢ ਵੀ ਦਿਤਾ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।