ਹੁਸ਼ਿਆਰਪੁਰ, 29 ਜਨਵਰੀ ( ਪੰਜਾਬੀ ਖ਼ਬਰਨਾਮਾ)
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਅੱਜ 842.90 ਲੱਖ ਰੁਪਏ ਦੀ ਲਾਗਤ ਨਾਲ ਮਾਹਿਲਪੁਰ-ਫਗਵਾੜਾ ਰੋਡ ਤੋਂ ਖੜੌਦੀ, ਈਸਪੁਰ, ਪੰਡੋਰੀ ਗੰਗਾ ਸਿੰਘ ਵਾਹਿਦ ਰੋਡ (ਡਿਸਟਰਿਕਟ ਬਾਊਂਡਰੀ) ਤੱਕ ਬਣੀ 13.200 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕੇਂਦਰੀ ਯੋਜਵਾਨਾਂ ਤਹਿਤ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਦੌਰਾਨ ਉਨ੍ਹਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਰਾਹੀਂ ਸੜਕ ਨੈਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਕਈ ਮਹੱਤਵਪੂਰਨ ਸੜਕਾਂ ਦਾ ਨਿਰਮਾਣ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਤਹਿਤ ਬਣਾਈ ਗਈ ਇਸ ਸੜਕ ਨਾਲ ਇਲਾਕੇ ਦੇ ਕਈ ਪਿੰਡਾਂ ਨੂੰ ਲਾਭ ਮਿਲੇਗਾ ਅਤੇ ਲੋਕਾਂ ਨੂੰ ਆਵਾਜਾਈ ਦਾ ਵੱਡਾ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ਦੀਆਂ ਲੋੜਾਂ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ।
ਸੋਮ ਪ੍ਰਕਾਸ਼ ਨੇ ਦੱਸਿਆ ਕਿ ਹਾਲ ਹੀ ਵਿਚ ਕੇਂਦਰੀ ਸੜਕ, ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹੁਸ਼ਿਆਰਪੁਰ ਵਿਚ ਆਯੋਜਿਤ ਸਮਾਗਮ ਦੌਰਾਨ ਸੂਬੇ ਵਿਚ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 29 ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟਾਂ ਦੇ ਲੋਕ ਅਰਪਣ/ਨੀਂਹ ਪੱਥਰ ਰੱਖੇ ਸਨ। ਇਨ੍ਹਾਂ ਪ੍ਰੋਜੈਕਟਾਂ ਵਿਚ ਉਨ੍ਹਾਂ ਨੇ 1553 ਕਰੋੜ ਰੁਪਏ ਦੀ ਲਾਗਤ ਵਾਲੇ ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਸਮੇਤ ਫਗਵਾੜਾ-ਹੁਸ਼ਿਆਰਪੁਰ ਖੰਡ ਦਾ 4 ਲੇਨ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ ਸੀ।
![](https://punjabikhabarnama.com/wp-content/uploads/2024/01/IMG-20240129-WA0173.jpg)