ਨਵੀਂ ਦਿੱਲੀ, 23 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਈਡੀ ਨੇ ਕਰਨਾਟਕ ਦੇ ਕਾਂਗਰਸੀ ਵਿਧਾਇਕ ਕੇਸੀ ਵੀਰੇਂਦਰ ਨੂੰ ਸ਼ਨਿਚਰਵਾਰ ਨੂੰ ਸਿੱਕਮ ਤੋਂ ਪ੍ਰੀਵੈਨਸ਼ਨ ਆਫ ਮਨੀ ਲਾਂਡ੍ਰਿੰਗ ਐਕਟ ਦੇ ਤਹਿਤ ਕਥਿਤ ਨਾਜਾਇਜ਼ ਆਨਲਾਈਨ ਤੇ ਆਫਲਾਈਨ ਸੱਟੇਬਾਜ਼ੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ। ਨਾਲ ਹੀ, ਈਡੀ ਨੇ ਕਈ ਸੂਬਿਆਂ ’ਚ ਕੀਤੀ ਗਈ ਛਾਪੇਮਾਰੀ ਦੇ ਬਾਅਦ ਉਨ੍ਹਾਂ ਦੇ ਟਿਕਾਣੇ ਤੋਂ (ਲਗਪਗ ਇਕ ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ) 12 ਕਰੋੜ ਰੁਪਏ ਨਕਦ, ਛੇ ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, ਲਗਪਗ 10 ਕਿਲੋਗ੍ਰਾਮ ਚਾਂਦੀ ਤੇ ਚਾਰ ਲਗਜ਼ਰੀ ਵਾਹਨ ਵੀ ਜ਼ਬਤ ਕੀਤੇ ਹਨ।
ਵੀਰੇਂਦਰ ਨੂੰ 22 ਅਗਸਤ ਨੂੰ ਸ਼ੁਰੂ ਹੋਏ ਦੋ ਦਿਨਾ ਦੇਸ਼ ਪੱਧਰੀ ਤਲਾਸ਼ੀ ਮੁਹਿੰਮ ਤੋਂ ਬਾਅਦ ਸਿੱਕਮ ਦੇ ਗੰਗਟੋਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਈਡੀ ਦੇ ਬੈਂਗਲੁਰੂ ਸਥਿਤ ਖੇਤਰੀ ਦਫਤਰ ਵੱਲੋਂ 22 ਤੇ 23 ਅਗਸਤ ਨੂੰ ਗੰਗਟੋਕ, ਚਿਤਰਦੁਰਗ, ਬੈਂਗਲੁਰੂ, ਹੁਬਲੀ, ਜੋਧਪੁਰ, ਮੁੰਬਈ ਤੇ ਗੋਆ ਸਮੇਤ ਦੇਸ਼ ਭਰ ’ਚ 31 ਥਾਵਾਂ ’ਤੇ ਤਲਾਸ਼ੀ ਲਈ ਗਈ। ਇਕੱਲੇ ਗੋਆ ’ਚ ਪੰਜ ਪ੍ਰਮੁੱਖ ਕੈਸੀਨੋ- ਪਪੀਜ਼ ਕੈਸੀਨੋ ਗੋਲਡ, ਓਸ਼ਨ ਰਿਵਰਸ ਕੈਸੀਨੋ, ਪਪੀਜ਼ ਕੈਸੀਨੋ ਪ੍ਰਾਈਡ, ਓਸ਼ਨ ਸੈਵਨ ਕੈਸੀਨੋ ਤੇ ਬਿੱਗ ਡੈਡੀ ਕੈਸੀਨੋ ’ਚ ਛਾਪੇਮਾਰੀ ਕੀਤੀ ਗਈ।