ਚੰਡੀਗੜ੍ਹ, 4 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ )‘ਤੌਬਾ ਤੌਬਾ’ ਫੇਮ ਗਾਇਕ ਕਰਨ ਔਜਲਾ (Karan Aujla) ਇਨ੍ਹੀਂ ਦਿਨੀਂ ਆਪਣੇ ਸੰਗੀਤਕ ਦੌਰੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਨ੍ਹਾਂ ਦਾ ਸੰਗੀਤਕ ਦੌਰਾ 7 ਦਸੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਣਾ ਹੈ। ਪਰ ਇਸ ਤੋਂ ਪਹਿਲਾਂ ਹੀ ਕਰਨ ਔਜਲਾ ਕਾਨੂੰਨੀ ਮੁਸੀਬਤ ਵਿੱਚ ਫਸੇ ਹੋਏ ਹਨ। ਦਿਲਜੀਤ ਦੁਸਾਂਝ ਤੋਂ ਬਾਅਦ ਹੁਣ ਕਰਨ ਔਜਲਾ ‘ਤੇ ਵੀ ਗੀਤਾਂ ਰਾਹੀਂ ਸ਼ਰਾਬ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲੱਗੇ ਹਨ।
ਕਰਨ ਔਜਲਾ ਖਿਲਾਫ਼ ਚੰਡੀਗੜ੍ਹ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪ੍ਰੋਫ਼ੈਸਰ ਪੰਡਿਤਰਾਓ ਧਰਨੇਵਰ ਨੇ ਗਾਇਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕਰਨ ‘ਤੇ ਆਪਣੇ ਗੀਤਾਂ ਰਾਹੀਂ ਸ਼ਰਾਬ, ਨਸ਼ੇ, ਨੁਕਸਾਨਦੇਹ ਸਮੱਗਰੀ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਧਰਨੇਵਰ ਨਾਂ ਦੇ ਵਿਅਕਤੀ ਨੇ ਕਰਨ ਦੇ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਵਿੱਚ ਕੀਤੀ ਗਈ ਹੈ ਇਹ ਮੰਗ
ਕਰਨ ਔਜਲਾ ਖਿਲਾਫ ਦਰਜ ਕਰਵਾਈ ਸ਼ਿਕਾਇਤ ‘ਚ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਮੰਗ ਕੀਤੀ ਹੈ ਕਿ ਕਰਨ ਨੂੰ ਆਪਣੇ ਸ਼ੋਅ ‘ਚ ‘ਚਿੱਟਾ ਕੁਰਤਾ’, ‘ਆਧੀਆ’, ‘ਫਿਊ ਡੇਜ਼’, ‘ਸ਼ਰਾਬ 2’, ‘ਗੈਂਗਸਟਾ’ ਅਤੇ ‘ਬੰਦੂਕ’ ਵਰਗੇ ਗੀਤ ਨਹੀਂ ਗਾਉਣੇ ਚਾਹੀਦੇ। ਸ਼ਿਕਾਇਤਕਰਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਰਨ ਨੇ ਅਜਿਹਾ ਕੀਤਾ ਤਾਂ ਉਹ ਚੰਡੀਗੜ੍ਹ ਦੇ ਐਸਐਸਪੀ ਅਤੇ ਡੀਜੀਪੀ ਖ਼ਿਲਾਫ਼ ਅਦਾਲਤ ਵਿੱਚ ਮਾਣਹਾਨੀ ਦੀ ਪਟੀਸ਼ਨ ਦਾਇਰ ਕਰੇਗਾ।
ਇਸੇ ਵਿਅਕਤੀ ਨੇ ਦਿਲਜੀਤ ਦੁਸਾਂਝ ਖਿਲਾਫ ਵੀ ਕਰਵਾਈ ਸੀ ਸ਼ਿਕਾਇਤ ਦਰਜ
ਤੁਹਾਨੂੰ ਦੱਸ ਦੇਈਏ ਕਿ ਧਰਨਵੀਰ ਨੇ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ (Diljit Dosanjh)‘ਤੇ ਵੀ ਅਜਿਹੇ ਹੀ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਨਤੀਜਾ ਇਹ ਹੋਇਆ ਕਿ ਤੇਲੰਗਾਨਾ ਸਰਕਾਰ ਨੇ ਦਿਲਜੀਤ ਨੂੰ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਤੋਂ ਗੁਰੇਜ਼ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਸੀ।
ਕਰਨ ਔਜਲਾ 8 ਸ਼ਹਿਰਾਂ ‘ਚ ਕੰਸਰਟ ਕਰਨਗੇ
ਕਰਨ ਔਜਲਾ (Karan Aujla) ਇਟ ਵਾਜ਼ ਆਲ ਏ ਡਰੀਮ (It Was All A Dream) ਰਾਹੀਂ ਭਾਰਤ ਵਿੱਚ ਆਪਣਾ ਪਹਿਲਾ ਸੰਗੀਤਕ ਦੌਰਾ (Musical Tour) ਕਰਨ ਜਾ ਰਹੇ ਹਨ। ਇਸ ਦੌਰਾਨ ਉਹ ਭਾਰਤ ਦੇ 8 ਸ਼ਹਿਰਾਂ ਦਾ ਦੌਰਾ ਕਰਨਗੇ। ਉਹ 7 ਦਸੰਬਰ ਨੂੰ ਚੰਡੀਗੜ੍ਹ ਤੋਂ ਆਪਣਾ ਦੌਰਾ ਸ਼ੁਰੂ ਕਰਨਗੇ ਜੋ 21 ਦਸੰਬਰ ਨੂੰ ਮੁੰਬਈ ਵਿਖੇ ਸਮਾਪਤ ਹੋਵੇਗਾ।