03 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਬਾਲੀਵੁੱਡ ਗਲਿਆਰਿਆਂ ਵਿੱਚ ਅਧਾਰ ਦਾਇਰਾ ਲਗਾਤਾਰ ਵਧਾਉਂਦੇ ਜਾ ਰਹੇ ਹਨ ਕਪਿਲ ਸ਼ਰਮਾ, ਜੋ ਸਟੈਂਡ-ਅੱਪ ਕਾਮੇਡੀਅਨ ਤੋਂ ਹੋਸਟ ਅਤੇ ਹੁਣ ਬਤੌਰ ਅਦਾਕਾਰ ਵੀ ਨਵੇਂ ਅਯਾਮ ਸਿਰਜਣ ਵੱਲ ਵੱਧ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਹਿੰਦੀ ਫਿਲਮ ‘ਦਾਦੀ ਕੀ ਸ਼ਾਦੀ’ ਦੀ ਸ਼ੂਟਿੰਗ ਸ਼ਿਮਲਾ ਵਿਖੇ ਪੂਰੀ ਕਰ ਲਈ ਗਈ ਹੈ, ਜਿੰਨ੍ਹਾਂ ਦੀ ਇਸ ਭਾਵਪੂਰਨ ਅਤੇ ਮੰਨੋਰੰਜਕ ਫਿਲਮ ਦਾ ਨਿਰਦੇਸ਼ਨ ਆਸ਼ੀਸ਼ ਆਰ ਮੋਹਨ ਵੱਲੋਂ ਕੀਤਾ ਗਿਆ ਹੈ।
ਪਰਿਵਾਰਿਕ-ਡ੍ਰਾਮੈਟਿਕ ਕਹਾਣੀਸਾਰ ਅਧਾਰਿਤ ਉਕਤ ਫਿਲਮ ਵਿੱਚ ਵੈਟਰਨ ਬਾਲੀਵੁੱਡ ਅਦਾਕਾਰਾ ਨੀਤੂ ਸਿੰਘ ਟਾਈਟਲ ਭੂਮਿਕਾ ਵਿੱਚ ਹਨ, ਜਿੰਨ੍ਹਾਂ ਦੀ ਬੇਟੀ ਅਤੇ ਰਣਬੀਰ ਕਪੂਰ ਦੀ ਵੱਡੀ ਭੈਣ ਰਿਧਿਮਾ ਕਪੂਰ ਇਸ ਦੁਆਰਾ ਹਿੰਦੀ ਸਿਨੇਮਾ ਜਗਤ ਵਿੱਚ ਅਪਣੀ ਸ਼ਾਨਦਾਰ ਪਾਰੀ ਦਾ ਅਗਾਜ਼ ਕਰਨ ਜਾ ਰਹੀ ਹੈ, ਜਿੰਨ੍ਹਾਂ ਤੋਂ ਇਲਾਵਾ ਸਾਦਿਆ ਖਤੀਬ, ਬਾਲ ਅਦਾਕਾਰ ਵਿਧਾਨ ਸ਼ਰਮਾ ਆਦਿ ਵੀ ਮਹੱਤਵਪੂਰਨ ਭੂਮਿਕਾਵਾ ਵਿੱਚ ਹਨ।
ਪਹਾੜ੍ਹਾਂ ਦੀ ਰਾਣੀ ਵਿੱਚ ਸਿਨੇਮਾਟੋਗ੍ਰਾਫ਼ਰ ਸੁਰੇਸ਼ ਵੱਲੋਂ ਕਰੀਬ-ਕਰੀਬ ਇੱਕ ਮਹੀਨੇ ਤੱਕ ਫਿਲਮਾਈ ਗਈ ਉਕਤ ਖੂਬਸੂਰਤ ਫਿਲਮ ਦੀ ਸ਼ੂਟਿੰਗਜ ਸ਼ਿਮਲਾ ਦੇ ਫੇਮਸ ਮਾਲ ਰੋਡ ਦੇ ਨਾਲ-ਨਾਲ ਇਤਿਹਾਸਕ ਜਾਖੂ ਮੰਦਰ ਤੋਂ ਇਲਾਵਾ ਨਾਲਦੇਹਰਾ, ਕੁਫਰੀ, ਨਾਰਕੰਡਾ ਆਦਿ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਕੀਤੀ ਗਈ ਹੈ।
ਇੰਨ੍ਹੀ ਦਿਨੀ ਅਪਣੀ ਇੱਕ ਹੋਰ ਹਿੰਦੀ ਫਿਲਮ ‘ਕਿਸ ਕਿਸ ਕੋ ਪਿਆਰ ਕਰੂੰ 2’ ਨੂੰ ਆਖ਼ਰੀ ਛੋਹਾਂ ਦੇ ਰਹੇ ਹਨ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ, ਜਿੰਨ੍ਹਾਂ ਦੀ ਇਸ ਬੈਕ-ਟੂ-ਬੈਕ ਸੈੱਟ ਉਤੇ ਜਾਣ ਵਾਲੀ ਉਕਤ ਦੂਜੀ ਫਿਲਮ ਹੈ, ਜਿਸ ਵਿੱਚ ਉਹ ਨੀਤੂ ਸਿੰਘ ਦੇ ਪੋਤੇ ਦੇ ਰੋਲ ਵਿੱਚ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਸ ਅਜ਼ੀਮ ਅਦਾਕਾਰਾ ਅਤੇ ਉਨ੍ਹਾਂ ਦੀ ਬੇਟੀ ਨਾਲ ਸਕਰੀਨ ਸਪੇਸ ਸ਼ੇਅਰ ਕਰਨਗੇ।
ਓਧਰ ਕਪਿਲ ਸ਼ਰਮਾ ਦੀ ਉਕਤ ਨਵੀਂ ਫਿਲਮ ਦੇ ਨਿਰਦੇਸ਼ਕ ਅਸ਼ੀਸ਼ ਆਰ ਮੋਹਨ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਅਰਸ਼ਦ ਵਾਰਸੀ ਸਟਾਰਰ ‘ਵੈਲਕਮ ਟੂ ਕਰਾਂਚੀ’ ਤੋਂ ਇਲਾਵਾ ਅਕਸ਼ੈ ਕੁਮਾਰ ਦੀ ‘ਖਿਲਾੜੀ 786’ ਵੀ ਨਿਰਦੇਸ਼ਿਤ ਕਰ ਚੁੱਕੇ ਹਨ।
ਸੰਖੇਪ: ਕਪਿਲ ਸ਼ਰਮਾ ਦੀ ਨਵੀਂ ਫਿਲਮ ਦੀ ਸ਼ੂਟਿੰਗ ਸ਼ਿਮਲਾ ਵਿੱਚ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਅਸ਼ੀਸ਼ ਆਰ ਮੋਹਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ।