ਨਵੀਂ ਦਿੱਲੀ, 19 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੇ ਅਨੋਖੇ ਵਤੀਰੇ ਤੇ ਸੰਸਦੀ ਰਵਾਇਤਾਂ ਖ਼ਿਲਾਫ਼ ਜਾਣ ਕਾਰਨ ਘਿਰਦੇ ਜਾ ਰਹੇ ਹਨ। ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਰਾਹੁਲ ਗਾਂਧੀ ਦੇ ਹੋਰ ਸੰਸਦ ਮੈਂਬਰਾਂ ਪ੍ਰਤੀ ਕਥਿਤ ਵਤੀਰੇ ’ਤੇ ਸਵਾਲ ਉਠਾਉਂਦੇ ਹੋਏ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਆਗੂ (ਐੱਲਓਪੀ) ਟਪੋਰੀ ਵਾਂਗ ਤੁਰਦੇ ਹਨ ਅਤੇ ਲੋਕ ਸਭਾ ਵਿਚ ਇੰਟਰਵਿਊ ਦੇਣ ਵਾਲਿਆਂ ਨੂੰ ‘ਪਰੇਸ਼ਾਨ’ ਕਰਦੇ ਰਹਿੰਦੇ ਹਨ। ਉੱਧਰ, ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਵੀ ਰਾਹੁਲ ਦੇ ਰਵੱਈਏ ’ਤੇ ਤਨਜ਼ ਕੱਸਦਿਆਂ ਕਿਹਾ, ‘ਮੁਹੱਬਤ ਦੀ ਦੁਕਾਨ ਵਿਚ ਸਿਰਫ਼ ਦੇਸ਼ ਵਿਰੋਧੀ ਚੀਜ਼ਾਂ ਹਨ।’
ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਬੁੱਧਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ, ‘ਅਸੀਂ ਔਰਤਾਂ ਉਨ੍ਹਾਂ (ਰਾਹੁਲ ਗਾਂਧੀ) ਦਾ ਵਤੀਰਾ ਦੇਖ ਕੇ ਬਹੁਤ ਅਸਹਿਜ ਮਹਿਸੂਸ ਕਰਦੀਆਂ ਹਾਂ। ਉਹ ਟਪੋਰੀ ਵਾਂਗ ਤੁਰਦੇ ਹਨ ਅਤੇ ਇੰਟਰਵਿਊ ਦੇਣ ਵਾਲਿਆਂ ਨੂੰ ਪਰੇਸ਼ਾਨ ਕਰਦੇ ਹਨ। ਉਨ੍ਹਾਂ ਨੂੰ ਆਪਣੀ ਭੈਣ (ਪ੍ਰਿਅੰਕਾ ਗਾਂਧੀ ਵਾਡਰਾ) ਦਾ ਚੰਗਾ ਵਤੀਰਾ ਦੇਖਣਾ ਚਾਹੀਦਾ ਹੈ। ਰਾਹੁਲ ਗਾਂਧੀ ਖ਼ੁਦ ਸ਼ਰਮਿੰਦਗੀ ਦਾ ਕਾਰਨ ਹਨ।’
ਦੂਜੇ ਪਾਸੇ, ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਯੂਐੱਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜਿਅਸ ਫ੍ਰੀਡਮ (ਯੂਐੱਸਸੀਆਈਆਰਐੱਫ) ਦੀ ਹਾਲੀਆ ਸਾਲਾਨਾ ਰਿਪੋਰਟ ਲਈ ਕਾਂਗਰਸ ਦੇ ਕਥਿਤ ਸਮਰਥਨ ’ਤੇ ਤਿੱਖਾ ਹਮਲਾ ਬੋਲਿਆ ਜਿਸ ਵਿਚ ਰਾਸ਼ਟਰੀ ਸਵੈਸੇਵਕ ਸੰਘ ਅਤੇ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ’ਤੇ ਪਾਬੰਦੀ ਲਗਾਉਣ ਦਾ ਸਮਰਥਨ ਕੀਤਾ ਗਿਆ ਹੈ। ਭਾਟੀਆ ਨੇ ਕਿਹਾ ਕਿ ਇਕ ਵਾਰ ਮੁੜ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਿਖਾਇਆ ਹੈ ਕਿ ਜੋ ਉਹ ਮੁਹੱਬਤ ਦੀ ਦੁਕਾਨ ਕਹਿੰਦੇ ਹਨ, ਉਸ ਵਿਚ ਸਿਰਫ਼ ਦੇਸ਼ ਵਿਰੋਧੀ ਚੀਜ਼ਾਂ ਹਨ। ਇੱਥੋਂ ਤੱਕ ਕਿ ਜਨਤਾ ਵੀ ਉਨ੍ਹਾਂ ਤੋਂ ਕੁਝ ਗੰਭੀਰ ਸਵਾਲ ਪੁੱਛ ਰਹੀ ਹੈ। ਉਹ ਇਕ ਵੱਡੇ ਆਦਮੀ ਹਨ। ਤਾਂ ਕੀ ਉਹ ਜਾਣਬੁੱਝ ਕੇ ਭਾਰਤ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਦੇ ਮਨ ਵਿਚ ਇਕ ਦੇਸ਼ ਵਿਰੋਧੀ ਮਾਨਸਿਕਤਾ ਹੈ? ਉਨ੍ਹਾਂ ਨੇ ਰਾਹੁਲ ਗਾਂਧੀ ਅੱਗੇ ਰਿਪੋਰਟ ਦੇ ਕਥਿਤ ਸਮਰਥਨ ’ਤੇ ਸਵਾਲ ਉਠਾਇਆ, ਇਸ ਨੂੰ ਗੰਭੀਰ ਤੌਰ ’ਤੇ ਚਿੰਤਾਜਨਕ ਦੱਸਿਆ। ਉਨ੍ਹਾਂ ਕਿਹਾ, ‘ਵਿਰੋਧੀ ਪਾਰਟੀ ਕਾਂਗਰਸ ਭਾਰਤ ਨੂੰ ਬਦਨਾਮ ਕਰਨ ’ਤੇ ਤੁਲੀ ਹੋਈ ਹੈ। ਰਾਹੁਲ ਦੇਸ਼ ਵਿਰੋਧੀ ਤਾਕਤਾਂ ਨਾਲ ਖੜ੍ਹੇ ਹੋਣ ’ਤੇ ਅੜੇ ਹੋਏ ਹਨ।’ ਭਾਜਪਾ ਆਗੂਆਂ ਦੀਆਂ ਇਹ ਟਿੱਪਣੀਆਂ 84 ਸਾਬਕਾ ਨੌਕਰਸ਼ਾਹਾਂ, 116 ਸਾਬਕਾ ਫ਼ੌਜੀਆਂ ਤੇ ਚਾਰ ਵਕੀਲਾਂ ਦੇ ਇਕ ਖੁੱਲ੍ਹੇ ਪੱਤਰ ਦੇ ਇਕ ਦਿਨ ਬਾਅਦ ਆਈ ਹੈ ਜਿਸ ਵਿਚ ਬੀਤੀ 12 ਮਾਰਚ ਨੂੰ ਰਾਹੁਲ ਗਾਂਧੀ ਨੂੰ ਸੰਸਦ ਦੇ ਮਕਰ ਦੁਆਰ ’ਤੇ ਚਾਹ-ਬਿਸਕੁਟ ਖਾਣ ਦੇ ਮਾਮਲੇ ਵਿਚ ਮਾਫ਼ੀ ਮੰਗਣ ਦੀ ਅਪੀਲ ਕੀਤੀ ਗਈ ਸੀ।
ਸੰਖੇਪ:
