Joti Malhotra

26 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਯੂ-ਟਿਊਬਰ ਜੋਤੀ ਮਲਹੋਤਰਾ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਸ ਦੇ ਲੈਪਟਾਪ ਤੇ ਮੋਬਾਈਲ ਤੋਂ ਡਿਲੀਟ ਕੀਤਾ ਗਿਆ ਕੁਝ ਡਾਟਾ ਰਿਕਵਰ ਕਰ ਲਿਆ ਗਿਆ ਹੈ। ਪੁੱਛਗਿੱਛ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਉਸ ਦੇ ਪਿਤਾ ਨੂੰ ਉਸ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ।

ਪੁਲਿਸ ਸੂਤਰਾਂ ਮੁਤਾਬਕ, ਜੋਤੀ ਦਾ ਲੈਪਟਾਪ ਅਤੇ ਫੋਨ ਫੋਰੈਂਸਿਕ ਲੈਬ ’ਚ ਜਾਂਚ ਲਈ ਭੇਜਿਆ ਗਿਆ ਸੀ ਜਿੱਥੋਂ ਡਿਲੀਟ ਕੀਤਾ ਗਿਆ ਡਾਟਾ ਮਿਲ ਗਿਆ ਹੈ। ਚਾਰ ਦਿਨਾਂ ਦਾ ਰਿਮਾਂਡ ਖਤਮ ਹੋਣ ’ਤੇ ਪੁਲਿਸ ਉਸ ਨੂੰ ਸੋਮਵਾਰ ਨੂੰ ਮੁੜ ਕੋਰਟ ’ਚ ਪੇਸ਼ ਕਰੇਗੀ। ਰਿਕਵਰ ਕੀਤੇ ਡਾਟੇ ਦੇ ਮਿਲਾਨ ਲਈ ਪੁਲਿਸ ਉਸ ਨੂੰ ਦੁਬਾਰਾ ਰਿਮਾਂਡ ’ਤੇ ਲੈ ਸਕਦੀ ਹੈ। ਨੌਂ ਸੂਬਿਆਂ ਦੀ ਪੁਲਿਸ ਅਤੇ ਜਾਂਚ ਏਜੰਸੀਆਂ ਲਗਾਤਾਰ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ। ਜੋਤੀ ਦੇ ਪਿਤਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਐਤਵਾਰ ਨੂੰ ਇਕ ਮਹਿਲਾ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਕਿ ਉਹ ਸੋਮਵਾਰ ਨੂੰ ਕੋਰਟ ਵਿਚ ਜੋਤੀ ਦੀ ਪੇਸ਼ੀ ਦੌਰਾਨ ਨਾ ਆਉਣ ਕਿਉਂਕਿ ਉਨ੍ਹਾਂ ਨੂੰ ਹੁਣ ਧੀ ਨਾਲ ਮਿਲਣ ਦੀ ਆਗਿਆ ਨਹੀਂ ਹੈ। ਪਿਛਲੀ ਵਾਰ ਜਯੋਤੀ ਨੂੰ ਸਵੇਰੇ ਹੀ ਕੋਰਟ ਵਿਚ ਪੇਸ਼ ਕਰ ਦਿੱਤਾ ਗਿਆ ਸੀ ਜਦਕਿ ਸਮਾਂ 12 ਵਜੇ ਦਾ ਸੀ। ਇਸੇ ਦੌਰਾਨ ਜਾਸੂਸੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੁਰੁਕਸ਼ੇਤਰ ਦੇ ਹਰਕੀਰਤ ਦੇ ਦੋ ਮੋਬਾਈਲ ਵੀ ਫੋਰੈਂਸਿਕ ਲੈਬ ਵਿਚ ਭੇਜੇ ਗਏ ਹਨ।

ਤਾਰੀਫ਼ ਦੇ ਘਰੋਂ ਮਿਲੀ ਪਾਕਿਸਤਾਨੀ ਕਰੰਸੀ

ਦੂਜੇ ਪਾਸੇ, ਤਾਵੜੂ (ਨੂਹ) ਦੇ ਕਾਂਗਰਕਾ ਪਿੰਡ ਵਾਸੀ ਤਾਰੀਫ਼ ਤੋਂ ਪੁੱਛਹਗਿੱਛ ਵਿਚ ਪੁਲਿਸ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ ਹੈ। ਇਸ ਦੌਰਾਨ ਉਸ ਦੇ ਘਰ ਤੋਂ ਦੋ ਹਜ਼ਾਰ ਪਾਕਿਸਤਾਨੀ ਕਰੰਸੀ, ਦੋ ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ ਬਰਾਮਦ ਹੋਏ ਹਨ। ਰਿਮਾਂਡ ਖਤਮ ਹੋਣ ’ਤੇ ਤਾਰੀਫ਼ ਨੂੰ ਨੂਹ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ ਵਿਚ ਤਾਰੀਫ਼ ਨੇ ਮੰਨਿਆ ਕਿ ਉਸ ਨੇ ਸਿਰਸਾ ਏਅਰਬੇਸ ਦੇ ਫੋਟੋ ਤੇ ਵੀਡੀਓ ਪਾਕਿਸਤਾਨ ਹਾਈ ਕਮਿਸ਼ਨ ਵਿਚ ਤਾਇਨਾਤ ਅਧਿਕਾਰੀ ਆਸਿਫ ਬਲੋਚ ਅਤੇ ਜਾਫਰ ਨਾਲ ਸਾਂਝੇ ਕੀਤੇ ਸਨ। ਉਸ ਦੇ ਮੋਬਾਈਲ ਤੋਂ ਪਾਕਿਸਤਾਨੀ ਨੰਬਰਾਂ ਨਾਲ ਸੰਬੰਧਿਤ ਚੈਟ ਅਤੇ ਫੋਟੋਆਂ ਬਰਾਮਦ ਕੀਤੀਆਂ ਗਈਆਂ ਹਨ। ਹਾਲਾਂਕਿ ਉਸ ਦੇ ਵਿੱਤੀ ਲੈਣ-ਦੇਣ ਜਾਂ ਬੈਂਕ ਖਾਤਿਆਂ ਨਾਲ ਜੁੜੀ ਜਾਣਕਾਰੀ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ।

ਸੰਖੇਪ: ਯੂਟਿਊਬਰ ਜੋਤੀ ਮਲਹੋਤਰਾ ਦੇ ਲੈਪਟਾਪ ਅਤੇ ਫੋਨ ਦਾ ਮਿਟਾਇਆ ਡਾਟਾ ਪੁਲਿਸ ਵੱਲੋਂ ਸਫਲਤਾਪੂਰਵਕ ਰਿਕਵਰ ਕੀਤਾ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।