22 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬੀ ਫਿਲਮ ਇੰਡਸਟਰੀ ‘ਚੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ‘ਮੇਲ ਕਰਾਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਕੈਰੀ ਆਨ ਜੱਟਾ’, ‘ਗੋਲਕ ਬੁਗਨੀ ਬੈਂਕ ਤੇ ਬਟੂਆ ਵਰਗੀਆਂ ਕਈ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਪੰਜਾਬੀ ਅਦਾਕਾਰ-ਕਾਮੇਡੀਅਨ ਜਸਵਿੰਦਰ ਭੱਲਾ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਰ ਗਏ ਹਨ।

ਜੀ ਹਾਂ…ਦਰਅਸਲ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਬ੍ਰੇਨ ਸਟ੍ਰੋਕ ਤੋਂ ਪੀੜਤ ਸਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ। ਜਸਵਿੰਦਰ ਭੱਲਾ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਸੀ। ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ ਕੱਲ੍ਹ ਮੋਹਾਲੀ ਦੇ ਬਲੌਂਗੀ ਵਿਚ ਹੋਵੇਗਾ।

ਜਸਵਿੰਦਰ ਭੱਲਾ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਏ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ। ਇਨ੍ਹਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਪਹਿਲੀ ਵਾਰੀ 1988 ਵਿਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਇਨ੍ਹਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ।

ਪੰਜਾਬੀ ਫਿਲਮਾਂ ਵਿੱਚ ਇਨ੍ਹਾਂ ਨੇ ਆਪਣੀ ਸ਼ੁਰੂਆਤ ਫ਼ਿਲਮ “ਦੁੱਲਾ ਭੱਟੀ” ਤੋਂ ਕੀਤੀ। ਇਸ ਤੋਂ ਬਾਅਦ ਇਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫ਼ੂਲ ਆਦਿ ਫ਼ਿਲਮਾਂ ਬਹੁਤ ਮਕਬੂਲ ਹੋਈਆਂ ਹਨ।

ਜਸਵਿੰਦਰ ਭੱਲਾ ਨੇ BSc ਖੇਤੀਬਾੜੀ (ਆਨਰਜ਼) ਅਤੇ MSc (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੀਏਯੂ ਵਿੱਚ ਦਾਖਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਵਿੱਚ ਪੰਜ ਸਾਲ ਤੱਕ ਏ.ਆਈ/ਏ.ਡੀ.ੳ ਵਜੋਂ ਸੇਵਾ ਨਿਭਾਈ। ਉਹ ਸਾਲ 1989 ਵਿਚ ਪੀ ਏ ਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਲ ਹੋਏ ਤੇ ਆਪਣੀ ਪੀਐਚ.ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀਸੀਐਸਯੂ, ਮੇਰਠ ਤੋਂ ਇਕ ਸੇਵਾ-ਦੋਰਾਨ ਵਿਦਿਆਰਥੀ ਦੇ ਤੌਰ ‘ਤੇ ਪੂਰੀ ਕੀਤੀ।

ਸੰਖੇਪ:
ਪੰਜਾਬੀ ਹਾਸੇ ਦੀ ਦੁਨੀਆ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਬ੍ਰੇਨ ਸਟ੍ਰੋਕ ਕਾਰਨ ਮੋਹਾਲੀ ਵਿਚ ਦੇਹਾਂਤ ਹੋ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।