europe tour

22 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਸਟੈਂਡ-ਅੱਪ ਕਾਮੇਡੀਅਨ ਜਸਵੰਤ ਸਿੰਘ ਰਾਠੌਰ, ਜੋ ਜਲਦ ਹੀ ਯੂਰਪ ਟੂਰ ਦਾ ਵਿਸ਼ੇਸ਼ ਹਿੱਸਾ ਬਣਨ ਜਾ ਰਹੇ ਹਨ, ਜਿਸ ਦੌਰਾਨ ਉਹ ਕਈ ਗ੍ਰੈਂਡ ਸ਼ੋਅਜ਼ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ।

‘ਰਵੀ ਦੀਪ ਕੁੰਦਨ’ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਸ਼ੋਅਜ਼ ਲੜੀ ਦਾ ਆਯੋਜਨ ਜੂਨ ਮਹੀਨੇ ਹੋਵੇਗਾ, ਜਿਸ ਦੌਰਾਨ ਯੂਰਪ ਦੇ ਕਈ ਹਿੱਸਿਆਂ ਵਿੱਚ ਉਨ੍ਹਾਂ ਵੱਲੋਂ ਵਿਸ਼ਾਲ ਕਾਮੇਡੀ ਸ਼ੋਅਜ਼ ਨੂੰ ਅੰਜ਼ਾਮ ਦਿੱਤਾ ਜਾਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਸੰਬੰਧਤ ਪ੍ਰਬੰਧਨ ਟੀਮਾਂ ਦੁਆਰਾ ਤੇਜ਼ੀ ਨਾਲ ਸੰਪੂਰਨ ਕੀਤਾ ਜਾ ਰਿਹਾ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ ਇਹ ਹੋਣਹਾਰ ਕਾਮੇਡੀਅਨ ਅਤੇ ਅਦਾਕਾਰ, ਜਿੰਨ੍ਹਾਂ ਵਿੱਚ ਗੁਰਪ੍ਰੀਤ ਘੁੱਗੀ ਵੱਲੋਂ ਨਿਰਮਿਤ ਅਤੇ ਮਰਹੂਮ ਵਿਕਰਮ ਗਰੋਵਰ ਦੁਆਰਾ ਨਿਰਦੇਸ਼ਿਤ ਅਰਥ-ਭਰਪੂਰ ਪੰਜਾਬੀ ਫਿਲਮ ‘ਫਰਲੋ’ ਅਤੇ ਬਹੁ-ਚਰਚਿਤ ਹਿੰਦੀ ਫਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਆਦਿ ਸ਼ਾਮਿਲ ਰਹੀਆਂ ਹਨ।

ਮੂਲ ਰੂਪ ਵਿੱਚ ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਨਾਲ ਸੰਬੰਧਿਤ ਇਹ ਪ੍ਰਤਿਭਾਵਾਨ ਅਦਾਕਾਰ ਬਤੌਰ ਸਟੈਂਡ ਅੱਪ ਕਾਮੇਡੀਅਨ ‘ਦਾ ਕਪਿਲ ਸ਼ਰਮਾ’ ਸ਼ੋਅ ਸਮੇਤ ਕਈ ਕਾਮੇਡੀ ਰਿਐਲਟੀ ਸ਼ੋਅਜ਼ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵੱਲੋਂ ਕੀਤੀਆਂ ਪੰਜਾਬੀ ਫਿਲਮਾਂ ਵਿੱਚ ਦਿਲਜੀਤ ਦੁਸਾਂਝ ਸਟਾਰਰ ‘ਮੁਖਤਿਆਰ ਚੱਢਾ’, ‘ਰੇਡੂਆਂ ਰਿਟਰਨਜ਼’, ‘ਕੁਲਚੇ ਛੋਲੇ’ ਤੋਂ ਇਲਾਵਾ ’15 ਲੱਖ ਕਦੋਂ ਆਊਗਾ’, ‘ਵਿਆਹ 70 ਕਿਲੋਮੀਟਰ ਦੂਰ’ ਆਦਿ ਸ਼ਾਮਿਲ ਰਹੀਆਂ ਹਨ।

ਕਾਮੇਡੀ-ਅਦਾਕਾਰੀ ਦੇ ਨਾਲ-ਨਾਲ ਗਾਇਕੀ ਅਤੇ ਮਿਮਕਰੀ ਕਲਾਵਾਂ ‘ਚ ਵੀ ਕਾਫ਼ੀ ਮੁਹਾਰਤ ਰੱਖਦੇ ਹਨ ਅਦਾਕਾਰ ਜਸਵੰਤ ਸਿੰਘ ਰਾਠੌਰ, ਜੋ ਅਪਣੀ ਉਕਤ ਸ਼ੋਅਜ਼ ਲੜੀ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਯੂਰਪ ਦੇ ਦਰਸ਼ਕਾਂ ਦੇ ਸਨਮੁੱਖ ਹੋਣਾ ਉਨ੍ਹਾਂ ਦੇ ਲਈ ਇੱਕ ਹੋਰ ਯਾਦਗਾਰੀ ਅਨੁਭਵ ਸਾਬਿਤ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਬੇਹੱਦ ਐਕਸਾਈਟਮੈਂਟ ਵੀ ਮਹਿਸੂਸ ਕਰ ਰਹੇ ਹਨ।

ਸੰਖੇਪ: ਸਟੈਂਡ-ਅੱਪ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਯੂਰਪ ਟੂਰ ਲਈ ਤਿਆਰ ਹਨ ਅਤੇ ਉਹ ਗ੍ਰੈਂਡ ਕਾਮੇਡੀ ਸ਼ੋਅਜ਼ ਦਾ ਹਿੱਸਾ ਬਣਨਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।