11 ਜੂਨ 2024 (ਪੰਜਾਬੀ ਖਬਰਨਾਮਾ) : ਭਾਰਤ ਦੇ ਬਹੁਤ ਸਾਰੇ ਅੱਤਵਾਦੀ ਪਹਿਲਾਂ ਹੀ ਪਾਕਿਸਤਾਨ ’ਚ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਉੱਥੋਂ ਦੀ ਸਰਕਾਰ ਵੱਲੋਂ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਕੌਮਾਂਤਰੀ ਮੰਚਾਂ ’ਤੇ ਭਾਰਤ ਪਹਿਲਾਂ ਹੀ ਕਈ ਵਾਰ ਇਹ ਮਸਲਾ ਉਠਾ ਚੁੱਕਾ ਹੈ। ਪਾਕਿਸਤਾਨ ਨੂੰ ਕਸ਼ਮੀਰ ਦਾ ਭਾਰਤ ’ਚ ਰਲੇਵਾਂ ਕਦੇ ਵੀ ਮਨਜ਼ੂਰ ਨਹੀਂ ਹੋਇਆ।

ਜੰਮੂ ਦੇ ਰਿਆਸੀ ਜ਼ਿਲ੍ਹੇ ’ਚ ਸ਼ਿਵਖੋੜੀ ਧਾਮ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਦੀ ਬੱਸ ’ਤੇ ਅੱਤਵਾਦੀ ਹਮਲਾ ਬੇਹੱਦ ਮੰਦਭਾਗੀ ਘਟਨਾ ਹੈ। ਬੱਸ ’ਚ ਸਵਾਰ ਇਨ੍ਹਾਂ ਬੇਕਸੂਰ ਲੋਕਾਂ ’ਤੇ ਹਮਲਾ ਸਿਰਫ਼ ਦਹਿਸ਼ਤ ਫੈਲਾਉਣ ਲਈ ਹੀ ਕੀਤਾ ਗਿਆ ਹੈ। ਮਿ੍ਤਕਾਂ ’ਚ ਦੋ ਬੱਚੇ ਸ਼ਾਮਲ ਹਨ ਜਿਨ੍ਹਾਂ ’ਚ ਇਕ ਦੀ ਉਮਰ ਇਕ ਤੋਂ ਤਿੰਨ ਸਾਲ ਤੇ ਦੂਜੇ ਦੀ 10 ਤੋਂ 12 ਸਾਲ ਸੀ। ਅੱਤਵਾਦੀਆਂ ਦਾ ਆਪਣਾ ਤਾਂ ਕੋਈ ਧਰਮ ਨਹੀਂ ਹੁੰਦਾ ਤੇ ਨਾ ਹੀ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝ ਸਕਦੇ ਹਨ। ਉਨ੍ਹਾਂ ਦਾ ਇੱਕੋ ਹੀ ਧਰਮ ਦਹਿਸ਼ਤ ਫੈਲਾਉਣਾ ਹੁੰਦਾ ਹੈ।

ਇਨ੍ਹਾਂ ਸ਼ਰਧਾਲੂਆਂ ’ਤੇ ਹਮਲਾ ਕਰ ਕੇ ਅੱਤਵਾਦੀ ਆਮ ਲੋਕਾਂ ’ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਸਨ। ਇਹ ਘਟਨਾ ਉਨ੍ਹਾਂ ਨੇ ਅਜਿਹੇ ਸਮੇਂ ਕੀਤੀ ਜਦੋਂ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਤੀਜੇ ਕਾਰਜਕਾਲ ਦੀ ਸਹੁੰ ਚੁੱਕ ਰਹੀ ਸੀ। ਹਾਲੇ ਤੱਕ ਐੱਨਡੀਏ ਸਰਕਾਰ ਨੇ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਹੈ। ਇਹ ਘਟਨਾ ਉਨ੍ਹਾਂ ਦੀ ਹਤਾਸ਼ਾ ਨੂੰ ਦਰਸਾ ਰਹੀ ਹੈ।

ਅੱਤਵਾਦੀਆਂ ਨੂੰ ਇਕ ਗੱਲ ਸਮਝਣੀ ਚਾਹੀਦੀ ਹੈ ਕਿ ਹਿੰਸਾ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ। ਦੁਨੀਆ ਭਰ ’ਚ ਜਿੰਨੇ ਵੀ ਮਸਲੇ ਹਨ, ਉਹ ਗੱਲਬਾਤ ਰਾਹੀਂ ਹੀ ਹੱਲ ਹੋਏ ਹਨ। ਕਿਸੇ ਵੀ ਇਲਾਕੇ ’ਚ ਦਹਿਸ਼ਤਗਰਦੀ ਉਦੋਂ ਤੱਕ ਸਿਰ ਨਹੀਂ ਚੁੱਕ ਸਕਦੀ ਜਦੋਂ ਤੱਕ ਉਸ ਨੂੰ ਫੰਡਿੰਗ ਨਾ ਹੋ ਰਹੀ ਹੋਵੇ। ਇਸ ’ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਜੰਮੂ-ਕਸ਼ਮੀਰ ’ਚ ਦਹਿਸ਼ਤਗਰਦਾਂ ਨੂੰ ਫੰਡਿੰਗ ਦੇ ਨਾਲ-ਨਾਲ ਪਨਾਹ ਵੀ ਦਿੰਦਾ ਰਿਹਾ ਹੈ।

ਭਾਰਤ ਦੇ ਬਹੁਤ ਸਾਰੇ ਅੱਤਵਾਦੀ ਪਹਿਲਾਂ ਹੀ ਪਾਕਿਸਤਾਨ ’ਚ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਉੱਥੋਂ ਦੀ ਸਰਕਾਰ ਵੱਲੋਂ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਕੌਮਾਂਤਰੀ ਮੰਚਾਂ ’ਤੇ ਭਾਰਤ ਪਹਿਲਾਂ ਹੀ ਕਈ ਵਾਰ ਇਹ ਮਸਲਾ ਉਠਾ ਚੁੱਕਾ ਹੈ। ਪਾਕਿਸਤਾਨ ਨੂੰ ਕਸ਼ਮੀਰ ਦਾ ਭਾਰਤ ’ਚ ਰਲੇਵਾਂ ਕਦੇ ਵੀ ਮਨਜ਼ੂਰ ਨਹੀਂ ਹੋਇਆ। ਜਦੋਂ ਰਾਜਾ ਹਰੀ ਸਿੰਘ ਨੇ ਕਸ਼ਮੀਰ ਨੂੰ ਆਜ਼ਾਦ ਰੱਖਣ ਦਾ ਫ਼ੈਸਲਾ ਕੀਤਾ ਸੀ ਤਾਂ ਪਾਕਿਸਤਾਨ ਨੇ ਛਾਪਾਮਾਰ ਭੇਜ ਕੇ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਰਾਜਾ ਹਰੀ ਸਿੰਘ ਨੇ ਜੰਮੂ-ਕਸ਼ਮੀਰ ਨੂੰ ਭਾਰਤ ’ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਤੇ ਭਾਰਤ ਦੀ ਫ਼ੌਜ ਨੇ ਉਨ੍ਹਾਂ ਨੂੰ ਇਲਾਕੇ ਤੋਂ ਖਦੇੜ ਦਿੱਤਾ। ਉਸ ਤੋਂ ਬਾਅਦ ਤੋਂ ਲਗਾਤਾਰ ਪਾਕਿਸਤਾਨ ਇੱਥੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।

ਜੰਮੂ-ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰ ਕੇ ਉੱਥੋਂ ਦੇ ਲੋਕਾਂ ਲਈ ਸਰਕਾਰ ਨੇ ਇਕ ਵੱਡਾ ਕੰਮ ਕੀਤਾ ਹੈ। ਹੁਣ ਉੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਕੰਪਨੀਆਂ ਉੱਥੇ ਨਿਵੇਸ਼ ਕਰਨ ਲਈ ਤਿਆਰ ਹਨ। ਇਲਾਕੇ ਦਾ ਆਰਥਿਕ ਵਿਕਾਸ ਹੋ ਰਿਹਾ ਹੈ। ਸੈਲਾਨੀਆਂ ਨੇ ਵੀ ਇਸ ਇਲਾਕੇ ਵੱਲ ਰੁਖ਼ ਕੀਤਾ ਹੈ। ਇਹ ਵੀ ਸਹੀ ਹੈ ਕਿ ਇਲਾਕੇ ਦੇ ਲੋਕ ਤਾਂ ਖ਼ੁਸ਼ ਹਨ ਪਰ ਪਾਕਿਸਤਾਨ ਨੂੰ ਇਹ ਪਸੰਦ ਨਹੀਂ ਆ ਰਿਹਾ ਕਿਉਂਕਿ ਮਕਬੂਜ਼ਾ ਜੰਮੂ-ਕਸ਼ਮੀਰ ’ਚ ਪਹਿਲਾਂ ਹੀ ਲੋਕ ਪਾਕਿ ਤੋਂ ਵੱਖ ਹੋਣ ਦੀ ਮੰਗ ਕਰ ਰਹੇ ਹਨ। ਉੱਥੇ ਭੁੱਖਮਰੀ ਹੈ, ਲੋਕਾਂ ਕੋਲ ਰੁਜ਼ਗਾਰ ਨਹੀਂ ਹਨ, ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ।

ਉੱਥੇ ਲੋਕ ਪ੍ਰਦਰਸ਼ਨ ਕਰ ਕੇ ਭਾਰਤ ’ਚ ਸ਼ਾਮਲ ਹੋਣ ਦੀ ਮੰਗ ਕਰ ਰਹੇ ਹਨ। ਸਰਕਾਰ ਅੱਤਵਾਦੀਆਂ ਨੂੰ ਖ਼ਤਮ ਕਰ ਕੇ ਇਲਾਕੇ ’ਚ ਸ਼ਾਂਤੀ ਬਹਾਲੀ ਲਈ ਵਚਨਬੱਧ ਹੈ। ਸਾਡੇ ਬਹੁਤ ਸਾਰੇ ਜਵਾਨ ਇਸ ਇਲਾਕੇ ’ਚ ਸ਼ਹੀਦ ਹੋ ਚੁੱਕੇ ਹਨ। ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦੇਸ਼ ਦੀ ਏਕਤਾ ਨਾਲ ਕਿਸੇ ਵੀ ਪੱਧਰ ’ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।