12 ਅਗਸਤ 2024 : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਜੰਗਲਾਤ ਵਾਲੇ ਇਲਾਕੇ ’ਚ ਅੱਜ ਸਵੇਰੇ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਹਾਲਾਂਕਿ, ਜ਼ਿਲ੍ਹੇ ਵਿੱਚ ਮਚੈਲ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਹਲਚਲ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲੀਸ ਨੇ ਫੌਜ ਤੇ ਨੀਮ ਫੌਜੀ ਬਲਾਂ ਦੀ ਮਦਦ ਨਾਲ ਨੌਨੱਟਾ, ਨਾਗਸੈਨੀ ਪੇਆਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਕੁਝ ਦੇਰ ਲਈ ਗੋਲੀਬਾਰੀ ਵੀ ਹੋਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਵਾਧੂ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ ਅਤੇ ਸੰਘਣੇ ਜੰਗਲਾਂ ਵਿੱਚ ਭੱਜੇ ਅਤਿਵਾਦੀਆਂ ਦੀ ਭਾਲ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤਵਾੜ ਵਿੱਚ ਹੋਏ ਅੱਜ ਦੇ ਮੁਕਾਬਲੇ ਦਾ ਪਦਾਰ ਇਲਾਕੇ ਵਿੱਚ ਚੱਲ ਰਹੀ ਸਾਲਾਨਾ ਮਚੈਲ ਮਾਤਾ ਯਾਤਰਾ ’ਤੇ ਕੋਈ ਅਸਰ ਨਹੀਂ ਪਵੇਗਾ। ਇਕ ਅਧਿਕਾਰੀ ਨੇ ਕਿਹਾ, ‘‘ਨਾਗਸੈਨੀ ਦੇ ਪੇਆਸ ਵਿੱਚ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਹਤਿਆਤ ਦੇ ਤੌਰ ’ਤੇ ਆਵਾਜਾਈ ਤੇ ਸ਼ਰਧਾਲੂਆਂ ਦਾ ਆਉਣ-ਜਾਣਾ ਰੋਕ ਦਿੱਤਾ ਗਿਆ ਸੀ ਪਰ ਕੁਝ ਦੇਰ ਬਾਅਦ ਤੀਰਥ ਯਾਤਰਾ ਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਘਬਰਾਉਣ ਦੀ ਕੋਈ ਲੋੜ ਨਹੀਂ ਹੈ।’’ -ਪੀਟੀਆਈ
ਜ਼ਖ਼ਮੀ ਸਿਵਲੀਅਨ ਨੇ ਦਮ ਤੋੜਿਆ, ਮਰਨ ਵਾਲਿਆਂ ਦੀ ਗਿਣਤੀ 3 ਹੋਈ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਖਿਲਾਫ਼ ਲੰਘੀ ਰਾਤ ਤੋਂ ਜਾਰੀ ਅਪਰੇਸ਼ਨ ਵਿਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿੱਚ ਦੋ ਫੌਜੀ ਜਵਾਨ ਸ਼ਹੀਦ ਅਤੇ ਚਾਰ ਜਵਾਨਾਂ ਦੇ ਨਾਲ ਦੋ ਆਮ ਨਾਗਰਿਕ ਜ਼ਖ਼ਮੀ ਹੋਏ ਸਨ। ਇਨ੍ਹਾਂ ਵਿੱਚੋਂ ਇਕ ਆਮ ਨਾਗਰਿਕ ਅਬਦੁਲ ਰਾਸ਼ਿਦ ਡਾਰ ਨੇ ਐਤਵਾਰ ਨੂੰ ਵੱਡੇ ਤੜਕੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਅਹਿਲਾਨ ਗਾਗਰਮੰਡੂ ਦੇ ਜੰਗਲੀ ਇਲਾਕੇ ਵਿੱਚ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਵਿੱਚ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੀ ਪਛਾਣ ਹਵਲਦਾਰ ਦੀਪਕ ਕੁਮਾਰ ਯਾਦਵ ਤੇ ਲਾਂਸ ਨਾਇਕ ਪ੍ਰਵੀਨ ਸ਼ਰਮਾ ਵਜੋਂ ਹੋਈ ਦੱਸੀ ਗਈ ਹੈ। ਆਖਰੀ ਖ਼ਬਰਾਂ ਤੱਕ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਜਾਰੀ ਸੀ। ਇਹ ਜਾਣਕਾਰੀ ਪੁਲੀਸ ਦੇ ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਵੀ.ਕੇ. ਵਿਰਦੀ ਨੇ ਦਿੱਤੀ।