harbhajan singh

28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਹਿੰਦੀ ਤੋਂ ਬਾਅਦ ਅੱਜਕੱਲ੍ਹ ਪੰਜਾਬੀ ਸਿਨੇਮਾ ਖੇਤਰ ‘ਚ ਵੀ ਬਤੌਰ ਅਦਾਕਾਰਾ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੀ ਹੈ ਅਦਾਕਾਰਾ ਗੀਤਾ ਬਸਰਾ, ਜੋ ਬਤੌਰ ਨਿਰਮਾਤਰੀ ਇੱਕ ਹੋਰ ਨਵੇਂ ਫਿਲਮੀ ਸਫ਼ਰ ਵੱਲ ਵਧਣ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਅਪਣੇ ਪ੍ਰੋਡੋਕਸ਼ਨ ਹਾਊਸ ਦੀ ਰਸਮੀ ਸਥਾਪਨਾ ਨੂੰ ਅੰਜ਼ਾਮ ਦਿੰਦਿਆਂ ਇਸ ਅਧੀਨ ਬਣਨ ਵਾਲੀ ਪਹਿਲੀ ਫਿਲਮ ਦਾ ਵੀ ਅੱਜ ਐਲਾਨ ਕਰ ਦਿੱਤਾ ਗਿਆ ਹੈ।

ਗਲੈਮਰ ਅਤੇ ਸਿਨੇਮਾ ਦੀ ਦੁਨੀਆ ਦਾ ਪ੍ਰਭਾਵੀ ਹਿੱਸਾ ਰਹੀ ਹੈ ਇਹ ਖੂਬਸੂਰਤ ਅਦਾਕਾਰਾ, ਜਿੰਨ੍ਹਾਂ ਵੱਲੋਂ ਅਪਣੇ ਪਤੀ ਅਤੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਸਮੇਤ ਆਪਣੀ ਖੁਦ ਦੀ ਪ੍ਰੋਡਕਸ਼ਨ ਕੰਪਨੀ “ਪਰਪਲ ਰੋਜ਼ ਐਂਟਰਟੇਨਮੈਂਟ” ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਬੈਨਰ ਹੇਠ ਹੀ ਉਕਤ ਪਹਿਲੇ ਫਿਲਮ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਸੰਬੰਧਤ ਵਿਸਥਾਰਕ ਜਾਣਕਾਰੀ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਪਰ ਏਨਾਂ ਜ਼ਰੂਰ ਤੈਅ ਹੈ ਕਿ ਇਸ ਵਿੱਚ ਅਦਾਕਾਰਾ ਖੁਦ ਲੀਡਿੰਗ ਰੋਲ ਨਿਭਾਉਂਦੀ ਨਜ਼ਰ ਆਵੇਗੀ।

ਉਕਤ ਨਵੇਂ ਸਫ਼ਰ ਨੂੰ ਲੈ ਕੇ ਉਤਸ਼ਾਹਿਤ ਵਿਖਾਈ ਦੇ ਰਹੀ ਅਦਾਕਾਰਾ ਗੀਤਾ ਬਸਰਾ ਵੱਲੋਂ ਇਸ ਸੰਬੰਧਤ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਵੀ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਖੁੱਲ੍ਹ ਕੇ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਵੱਡੀਆਂ ਮੁਸਕਰਾਹਟਾਂ ਦਾ ਸਬੱਬ ਬਣਨ ਦੇ ਨਾਲ-ਨਾਲ ਵੱਡੇ ਸੁਫ਼ਨਿਆਂ ਨੂੰ ਤਾਬੀਰ ਦੇਣ ਜਾ ਰਿਹਾ ਹੈ ਇਹ ਨਵਾਂ ਸਫ਼ਰ, ਜੋ ਸਾਡੇ ਦੋਹਾਂ ਲਈ ਇੱਕ ਬਿਲਕੁੱਲ ਨਵੇਂ ਅਧਿਆਏ ਦਾ ਰਾਹ ਖੋਲ੍ਹਣ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰਭਜਨ ਅਤੇ ਮੈਂ ‘ਪਰਪਲ ਰੋਜ਼ ਐਂਟਰਟੇਨਮੈਂਟ’ ਦੇ ਅਧੀਨ ਸਾਡੇ ਪਹਿਲੇ ਪ੍ਰੋਜੈਕਟ ਲਈ ਅਧਿਕਾਰਤ ਤੌਰ ‘ਤੇ ਕੈਮਰੇ ਸਾਹਮਣੇ ਆ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ, ਉੱਥੇ ਨਾਲ ਹੀ ਨਿਰਮਾਤਾ ਦੇ ਤੌਰ ‘ਤੇ ਫਿਲਮ ਉਤਪਾਦਨ ਦੀ ਦੁਨੀਆਂ ਵਿੱਚ ਕਦਮ ਰੱਖਣ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹਾਂ, ਜੋ ਸਭ ਕੁਝ ਇੱਕ ਜਾਦੂ ਵਾਂਗ ਮਹਿਸੂਸ ਹੋ ਰਿਹਾ ਹੈ।

ਅਦਾਕਾਰਾ ਨੇ ਪੋਸਟ ਵਿੱਚ ਕਿਹਾ, ‘ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ, ਸਫ਼ਰ ਹੁਣੇ ਸ਼ੁਰੂ ਹੋਇਆ ਹੈ ਅਤੇ ਇਹ ਪਹਿਲਾਂ ਹੀ ਸ਼ੁੱਧ ਜਾਦੂ ਵਾਂਗ ਮਹਿਸੂਸ ਹੁੰਦਾ ਹੈ। ਅੱਗੇ ਕੀ ਹੁੰਦਾ ਹੈ ਇਸਦਾ ਐਲਾਨ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ, ਜੁੜੇ ਰਹੋ।’

ਉਲੇਖਯੋਗ ਹੈ ਕਿ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਲੰਡਨ ਵਿੱਚ ਡੇਟਿੰਗ ਸ਼ੁਰੂ ਕੀਤੀ। ਸਾਬਕਾ ਕ੍ਰਿਕਟਰ ਗੀਤਾ ਦੀ ਫਿਲਮ ‘ਦਿ ਟ੍ਰੇਨ’ ਦੇ ਇੱਕ ਸੰਗੀਤ ਵੀਡੀਓ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਇਹ ਜੋੜਾ ਅੱਠ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਦਾ ਰਿਹਾ ਅਤੇ 29 ਅਕਤੂਬਰ 2015 ਨੂੰ ਜਲੰਧਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਿਆ। ਉਨ੍ਹਾਂ ਨੇ 27 ਜੁਲਾਈ 2016 ਨੂੰ ਧੀ ਦੇ ਰੂਪ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਅਤੇ 10 ਜੁਲਾਈ 2021 ਨੂੰ ਪੁੱਤਰ ਦੇ ਰੂਪ ਵਿੱਚ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ।

ਓਧਰ ਵਰਕਫਰੰਟ ਦੀ ਗੱਲ ਕਰੀਏ ਤਾਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ ‘ਮੇਹਰ’ ਦੁਆਰਾ ਸਿਲਵਰ ਸਕ੍ਰੀਨ ਉਪਰ ਸ਼ਾਨਦਾਰ ਵਾਪਸੀ ਕਰਨ ਜਾ ਰਹੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜਿਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਚਿਹਰੇ ਰਾਜ ਕੁੰਦਰਾ ਮੁੱਖ ਰੋਲ ਅਦਾ ਕਰ ਰਹੇ ਹਨ।

ਸੰਖੇਪ: ਜਲੰਧਰ ਦੇ ਮਸ਼ਹੂਰ ਕ੍ਰਿਕਟਰ ਨੇ ਹੁਣ ਫਿਲਮ ਇੰਡਸਟਰੀ ‘ਚ ਦਾਖਲਾ ਲੈ ਲਿਆ ਹੈ। ਪਤਨੀ ਦੇ ਨਾਲ ਮਿਲ ਕੇ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕਰਕੇ ਨਵੀਂ ਇਨਿੰਗਜ਼ ਦੀ ਸ਼ੁਰੂਆਤ ਕੀਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।