4 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਲੇਖਕ ਅਤੇ ਨਿਰਦੇਸ਼ਕ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਜਗਦੀਪ ਸਿੱਧੂ, ਜੋ ਹੁਣ ਬਾਲੀਵੁੱਡ ਵਿੱਚ ਵੀ ਨਵੇਂ ਅਯਾਮ ਸਿਰਜਣ ਵੱਲ ਵੱਧ ਚੁੱਕੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਫਿਲਮ ‘ਸੰਨ ਆਫ਼ ਸਰਦਾਰ 2’, ਜੋ ਦੇਸ਼-ਵਿਦੇਸ਼ ਵਿੱਚ ਜਲਦ ਪ੍ਰਦਸ਼ਿਤ ਹੋਣ ਜਾ ਰਹੀ ਹੈ।
‘ਜਿਓ ਸਟੂਡਿਓਜ਼’ ਅਤੇ ‘ਦੇਵਗਨ ਫਿਲਮਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਵੱਲੋਂ ਕੀਤਾ ਹੈ, ਜੋ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ‘ਕਲੀ ਜੋਟਾ’, ‘ਗੋਡੇ ਗੋਡੇ ਚਾਅ’ ਆਦਿ ਜਿਹੀਆਂ ਪ੍ਰਭਾਵਪੂਰਨ ਅਤੇ ਬਿਹਤਰੀਨ ਫਿਲਮਾਂ ਵੀ ਸ਼ੁਮਾਰ ਰਹੀਆਂ ਹਨ।
ਹਿੰਦੀ ਦੇ ਨਾਲ-ਨਾਲ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚਦਾ ਕੇਂਦਰ ਬਣੀ ਉਕਤ ਫਿਲਮ ਦੀ ਸਟਾਰ ਕਾਸਟ ਵਿੱਚ ਅਜੇ ਦੇਵਗਨ, ਮ੍ਰਿਣਾਲ ਠਾਕੁਰ, ਸੰਜੇ ਦੱਤ, ਚੰਕੀ ਪਾਂਡੇ, ਵਿੰਦੂ ਦਾਰਾ ਸਿੰਘ ਆਦਿ ਸ਼ਾਮਲ ਹਨ, ਜਿਸ ਤੋਂ ਇਲਾਵਾ ਅਦਾਕਾਰਾ ਨੀਰੂ ਬਾਜਵਾ ਵੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ।
ਸਾਲ 2012 ਵਿੱਚ ਆਈ ‘ਸੰਨ ਆਫ਼ ਸਰਦਾਰ’ ਦੇ ਸੀਕਵਲ ਦੇ ਰੂਪ ਵਿੱਚ ਬਣਾਈ ਜਾ ਰਹੀ ਇਸ ਪੰਜਾਬੀ ਬੈਕ ਡ੍ਰਾਪ ਅਧਾਰਿਤ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਬਤੌਰ ਲੇਖਕ ਅਹਿਮ ਭੂਮਿਕਾ ਨਿਭਾ ਰਹੇ ਹਨ ਜਗਦੀਪ ਸਿੱਧੂ, ਜੋ 2019 ਵਿੱਚ ਸਾਹਮਣੇ ਆਈ ਅਤੇ ਤੁਸ਼ਾਰ ਹੀਰਾਨੰਦਾਨੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਆਫ ਬੀਟ ਫਿਲਮ ‘ਸਾਂਡ ਕੀ ਆਂਖ’ ਦੇ ਲੇਖਨ ਪੱਖਾਂ ਨਾਲ ਵੀ ਜੁੜੇ ਰਹੇ ਹਨ।
ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈ ਹੈ ਅਤੇ ਸੁਪਰ ਡੁਪਰ ਹਿੱਟ ਰਹੀ ‘ਜੱਟ ਐਂਡ ਜੂਲੀਅਟ 3’ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਜਗਦੀਪ ਸਿੱਧੂ ਅੱਜਕੱਲ੍ਹ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦੇ ਲੇਖਣ ਨਾਲ ਵੀ ਜੁੜੇ ਰਹੇ ਹਨ, ਜਿੰਨ੍ਹਾਂ ਵਿੱਚ ‘ਗੋਡੇ ਗੋਡੇ ਚਾਅ 2’ ਅਤੇ ‘ਨਿੱਕਾ ਜ਼ੈਲਦਾਰ 4’ ਵੀ ਸ਼ਾਮਿਲ ਹਨ।
ਸੰਖੇਪ: ਪੰਜਾਬੀ ਨਿਰਦੇਸ਼ਕ ਜਗਦੀਪ ਸਿੱਧੂ ਹੁਣ ਬਾਲੀਵੁੱਡ ਵਿੱਚ ਦਬਦਬਾ ਬਣਾਉਣ ਨੂੰ ਤਿਆਰ। ਉਹ ਅਜੇ ਦੇਵਗਨ ਦੀ ਆਉਣ ਵਾਲੀ ਫਿਲਮ ਨਾਲ ਜੁੜਣ ਜਾ ਰਹੇ ਹਨ।