10 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਜੇ ਭਾਜਪਾ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਜਿੱਤਦੀ ਹੈ ਤਾਂ ਬੰਗਾਲ ਦੀ ਜਨਤਾ ਨੂੰ ਛੇ ਗਾਰੰਟੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨਾਲ ਹੀ ‘ਬੇਰਹਿਮ’ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਹਟਾਉਣ ਦਾ ਸੱਦਾ ਦਿੱਤਾ ਜੋ ਵਿਕਾਸ ਦੇ ਮਾਮਲੇ ’ਚ ‘ਸੂਬੇ ਨੂੰ ਪਿਛਾਂਹ ਖਿੱਚ ਰਹੀ ਹੈ।’

ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦਾ ਗੜ੍ਹ ਮੰਨੇ ਜਾਣ ਵਾਲੇ ਇਲਾਕੇ ਹਲਦੀਆ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਵਾਅਦਾ ਕੀਤਾ ਕਿ ਸੂਬੇ ’ਚ ਭਾਜਪਾ ਦੀ ਸਰਕਾਰ ਤ੍ਰਿਣਮੂਲ ਕਾਂਗਰਸ ਦੇ ‘ਡਰ’ ਦੇ ਸ਼ਾਸਨ ਨੂੰ ‘ਭਰੋਸੇ’ ਦੇ ਸ਼ਾਸਨ ’ਚ ਬਦਲ ਦੇਵੇਗੀ ਅਤੇ ਸਾਰੇ ਲੋਕ ਸੇਵਕਾਂ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਇਆ ਜਾਵੇਗਾ। ਉਨ੍ਹਾਂ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸਨਅਤੀ ਏਜੰਡੇ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਜਦੋਂ ਡਰ ਦਾ ਮਾਹੌਲ ਹੋਵੇ ਤਾਂ ਨਿਵੇਸ਼ ਨਹੀਂ ਲਿਆਂਦਾ ਜਾ ਸਕਦਾ। ਇਹ ਤਾਂ ਹੀ ਸੰਭਵ ਹੈ ਜਦੋਂ ਭਰੋਸਾ ਹੋਵੇ ਜੋ ਭਾਜਪਾ ਬੰਗਾਲ ’ਚ ਸਰਕਾਰ ਬਣਾਉਣ ਤੋਂ ਬਾਅਦ ਲਿਆਵੇਗੀ।’’

ਉਨ੍ਹਾਂ ਮਮਤਾ ਬੈਨਰਜੀ ਪ੍ਰਸ਼ਾਸਨ ਨੂੰ ‘ਬੇਰਹਿਮ ਸਰਕਾਰ’ ਕਿਹਾ ਜੋ ਮੁੱਖ ਮੰਤਰੀ ਦੇ ਨਾਂ (ਮਮਤਾ) ਦਾ ਵਿਰੋਧੀ ਸ਼ਬਦ ਹੈ। ਉਨ੍ਹਾਂ ਕਿਹਾ, ‘‘ਜਦੋਂ ਪੂਰਾ ਦੇਸ਼ ਪ੍ਰਗਤੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ, ਟੀ ਐੱਮ ਸੀ ਦੀ ਬੇਰਹਿਮ ਸਰਕਾਰ ਬੰਗਾਲ ਨੂੰ ਲਗਾਤਾਰ ਪਿੱਛੇ ਖਿੱਚ ਰਹੀ ਹੈ। ਵਿਕਸਤ ਬੰਗਾਲ ਬਣਾਉਣ ਲਈ ਟੀ ਐੱਮ ਸੀ ਦੀ ‘ਬੇਰਹਿਮ ਸਰਕਾਰ’ ਨੂੰ ਹਟਾਉਣਾ ਜ਼ਰੂਰੀ ਹੈ।’’ ਉਨ੍ਹਾਂ ਇਹ ਵੀ ਅਹਿਦ ਲਿਆ ਕਿ ਭਾਜਪਾ ਭ੍ਰਿਸ਼ਟਾਚਾਰ ਤੇ ਔਰਤਾਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ ਉਹ ਸਾਰੀਆਂ ਫਾਈਲਾਂ ਮੁੜ ਖੋਲ੍ਹੇਗੀ ‘ਜੋ ਟੀ ਐੱਮ ਸੀ ਨੇ ਦਬਾ ਦਿੱਤੀਆਂ ਹਨ’ ਅਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਸਾਰੇ ਆਗੂ ਜੇਲ੍ਹ ਭੇਜੇ ਜਾਣਗੇ। ਉਨ੍ਹਾਂ ਵਾਅਦਾ ਕੀਤਾ ਕਿ ਭਾਜਪਾ ਰਾਜ ਨੂੰ ਮੱਛੀ ਪਾਲਣ ਅਤੇ ਸਮੁੰਦਰੀ ਭੋਜਨ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਏਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।