13 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਖ਼ਿਲਾਫ਼ ‘ਇਤਿਹਾਸਕ ਪ੍ਰਾਪਤੀਆਂ’ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵੱਡੀ ਸੱਟ ਮਾਰੀ ਹੈ। ਸ਼ਨਿਚਰਵਾਰ ਨੂੰ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਸਾਫ਼ ਕੀਤਾ ਕਿ ਇਰਾਨ ਵਿਰੁੱਧ ਮੁਹਿੰਮ ਹਾਲੇ ਖ਼ਤਮ ਨਹੀਂ ਹੋਈ। ਨੇਤਨਯਾਹੂ ਨੇ ਦਾਅਵਾ ਕੀਤਾ ਕਿ ਇਰਾਨ ਪਰਮਾਣੂ ਹਥਿਆਰ ਬਣਾਉਣ ਦੇ ਬਹੁਤ ਕਰੀਬ ਸੀ, ਜਿਸ ਨੂੰ ਇਜ਼ਰਾਈਲ ਨੇ ਰੋਕ ਦਿੱਤਾ ਹੈ।
ਉਨ੍ਹਾਂ ਦਾਅਵਾ ਕੀਤਾ, ‘‘ਉਹ ਪਰਮਾਣੂ ਪ੍ਰੋਗਰਾਮ ਨੂੰ ਇੰਨਾ ਜ਼ਮੀਨ ਹੇਠਾਂ ਲੁਕਾਉਣਾ ਚਾਹੁੰਦੇ ਸਨ ਕਿ ਬੀ-2 ਜਹਾਜ਼ ਵੀ ਉੱਥੇ ਨਾ ਪਹੁੰਚ ਸਕਣ। ਉਹ ਸਾਨੂੰ ਘੇਰਨਾ ਚਾਹੁੰਦੇ ਸਨ ਪਰ ਅਸੀਂ ਉਨ੍ਹਾਂ ਨੂੰ ਘੇਰ ਲਿਆ ਹੈ।’’ ਉਨ੍ਹਾਂ ਚਿਤਾਵਨੀ ਦਿੱਤੀ ਕਿ ਇਰਾਨ ਵਿੱਚ ਪਿਆ 400 ਕਿਲੋਗ੍ਰਾਮ ਤੋਂ ਵੱਧ ਯੂਰੇਨੀਅਮ ਕੂਟਨੀਤੀ ਜਾਂ ਤਾਕਤ ਨਾਲ ਹਟਵਾਇਆ ਜਾਵੇਗਾ। ਲੈਬਨਾਨ ਬਾਰੇ ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਿੱਧੀ ਸ਼ਾਂਤੀ ਗੱਲਬਾਤ ਲਈ ਤਿਆਰ ਹਨ, ਬਸ਼ਰਤੇ ਹਿਜ਼ਬੁੱਲਾ ਨੂੰ ਪੂਰੀ ਤਰ੍ਹਾਂ ਨਿਹੱਥਾ ਕੀਤਾ ਜਾਵੇ ਅਤੇ ਸ਼ਾਂਤੀ ਸਮਝੌਤਾ ਅਸਲੀ ਤੇ ਪੀੜ੍ਹੀਆਂ ਤੱਕ ਚੱਲਣ ਵਾਲਾ ਹੋਵੇ।
