05 ਜੂਨ 2024 (ਪੰਜਾਬੀ ਖਬਰਨਾਮਾ) : ਅੱਜ ਬੁੱਧਵਾਰ ਦਾ ਦਿਨ ਹੈ ਤੇ ਤਾਰੀਕ ਹੈ 5 ਜੂਨ। ਇਹ ਉਹ ਦਿਨ ਹੈ, ਜਦ ਭਾਰਤ ਟੀ20 ਵਿਸ਼ਵ ਕੱਪ 2024 (T20 World Cup 2024) ਵਿਚ ਆਪਣੀ ਪਹਿਲੀ ਹਾਜ਼ਰੀ ਲਵਾਏਗਾ। ਅੱਜ ਭਾਰਤ (India) ਦਾ ਪਹਿਲਾ ਟੀ20 ਵਿਸ਼ਵ ਕੱਪ 2024 ਮੈਚ ਆਇਰਲੈਂਡ (Ireland) ਨਾਲ ਹੋਣ ਜਾ ਰਿਹਾ ਹੈ। ਆਇਰਲੈਂਡ ਨੂੰ ਮੁਕਾਬਲਤਨ ਸੌਖਾ ਪ੍ਰਤੀਦਵੰਦੀ ਸਮਝਿਆ ਜਾਂਦਾ ਹੈ, ਕਿਉਂਕਿ ਆਇਰਲੈਂਡ ਦੀ ਟੀਮ ਵਿਸ਼ਵ ਕੱਪ ਦੀ ਦਾਅਵੇਦਾਰ ਨਹੀਂ ਹੈ। ਪਰ ਕਿਸੇ ਵੀ ਟੀਮ ਨੂੰ ਘੱਟ ਮੰਨਣਾ ਕੋਈ ਸਿਆਣਪ ਨਹੀਂ ਹੈ, ਉਹ ਵੀ ਉਦੋਂ ਜਦ ਅਮਰੀਕਾ ਦੀਆਂ ਪਿੱਚਾਂ ਦਾ ਕੋਈ ਬਹੁਤਾ ਤਜਰਬਾ ਨਹੀਂ ਹੈ। ਅਜਿਹੇ ਵਿਚ ਭਾਰਤੀ ਟੀਮ ਆਪਣੇ ਪਲੇਇੰਗ ਇਲੈਵਨ ਵਿਚ ਵੱਡੀ ਤਬਦੀਲੀ ਕਰ ਸਕਦੀ ਹੈ। ਆਓ ਤੁਹਾਨੂੰ ਦੱਸੀਏ ਇਹ ਤਬਦੀਲੀ ਕਿਹੜੀ ਹੈ
ਬੱਲੇਬਾਜ਼ੀ ਲਈ ਮੁਸ਼ਕਿਲ ਪਿਚ
ਭਾਰਤੀ ਕ੍ਰਿਕਟ ਟੀਮ ਕੋਲ ਅਮਰੀਕਾ ਵਿਚ ਖੇਡਣ ਦਾ ਅਨੁਭਵ ਨਹੀਂ ਹੈ। ਦੂਜੇ ਪਾਸੇ ਹੁਣ ਤੱਕ ਜਿਹੜੇ ਮੈਚ ਹੋਏ ਹਨ, ਉਹਨਾਂ ਵਿਚ ਅਮਰੀਕੀ ਗਰਾਊਂਡਾਂ ਦੀ ਪਿਚ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦੀ ਨਜ਼ਰ ਆਈ ਹੈ। ਇਸ ਸਥਿਤੀ ਵਿਚ ਆਪਣੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਉੱਤੇ ਭਾਰਤੀ ਟੀਮ ਪੂਰਾ ਜ਼ੋਰ ਲਗਾਏਗੀ। ਭਾਰਤੀ ਟੀਮ ਅਜਿਹੀ ਟੀਮ ਖਿਡਾਉਣਾ ਚਾਹੇਗੀ, ਜਿਸ ਵਿਚ ਮਿਡਲ ਤੇ ਲੋਅਰ ਓਡਰ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੋਵੇ। ਇਸ ਲਈ ਸ਼ਿਵਮ ਦੂਬੇ (Shivam Dube) ਨੂੰ ਪਲੇਇੰਗ ਇਲੇਵਨ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਭਾਰਤੀ ਬੱਲੇਬਾਜ਼ੀ ਵਿਚ ਸ਼ਿਵਮ ਦੂਬੇ ਨੂੰ ਸ਼ਾਮਿਲ ਕਰਨ ਲਈ ਇਕ ਵੱਡਾ ਫੈਸਲਾ ਲੈਣਾ ਪਵੇਗਾ। ਅਜਿਹਾ ਕਰਨ ਲਈ ਭਾਰਤੀ ਟੀਮ ਦੀ ਮੌਜੂਦਾ ਓਪਨਿੰਗ ਜੋੜੀ ਯਸ਼ਸਵੀ ਜੈਸਵਾਲ (Yashshwi Jaiswal) ਤੇ ਰੋਹਿਤ ਸ਼ਰਮਾ (Rohit Sharma) ਨੂੰ ਤੋੜਨਾ ਪਵੇਗਾ। ਅਜਿਹਾ ਹੋਣ ਤੇ ਜੈਸਵਾਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਇਸ ਤਰ੍ਹਾਂ ਰੋਹਿਤ ਨਾਲ ਉਪਨਿੰਗ ਕਰਨ ਲਈ ਵਿਰਾਟ ਕੋਹਲੀ (Virat Kohli) ਆ ਸਕਦੇ ਹਨ। ਪਰ ਇਸ ਵਿਚ ਇਕ ਹੋਰ ਸਮੱਸਿਆ ਹੈ। ਵਿਰਾਟ ਕੋਹਲੀ ਹੌਲੀ ਖੇਡਕੇ ਲੰਬੀ ਪਾਰੀ ਖੇਡਣ ਦੇ ਸ਼ੌਕੀਨ ਹਨ, ਤਾਂ ਪਾਵਰ ਪਲੇਅ ਵਿਚ ਰਨ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਰੋਹਿਤ ਸਿਰ ਆ ਜਾਵੇਗੀ।
ਭਾਰਤੀ ਖਿਡਾਰੀਆਂ ਦੀ ਚੰਗੀ ਫੌਮ
ਭਾਰਤੀ ਕ੍ਰਿਕਟ ਟੀਮ ਨੇ ਆਇਰਲੈਂਡ ਨਾਲ ਮੈਚ ਤੋਂ ਪਹਿਲਾਂ ਭਰਪੂਰ ਅਭਿਆਸ ਕੀਤਾ ਹੈ। ਅਭਿਆਸ ਵਿਚ ਬੈਟਰਾਂ ਨੇ ਚੰਗੇ ਛੱਕੇ ਲਗਾਏ ਹਨ। ਇਸ ਨੂੰ ਦੇਖਕੇ ਟੀਮ ਦੇ ਕਪਤਾਨ ਰੋਹਿਤ ਤੇ ਕੋਚ ਰਾਹੁਲ ਦ੍ਰਾਵਿੜ (Rahul Dravid) ਖ਼ੁਸ਼ ਨਜ਼ਰ ਆ ਰਹੇ ਹਨ।