ਨਵੀਂ ਦਿੱਲੀ, 31 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਨੇ ਭਾਰਤ-ਪਾਕਿਸਤਾਨ ਜੰਗਬੰਦੀ (Ceasefire) ਵਿੱਚ ਵਿਚੋਲਗੀ ਕਰਨ ਦੇ ਚੀਨ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮਈ ਦੇ ਸੰਘਰਸ਼ ਦੌਰਾਨ ਜੰਗਬੰਦੀ ਤੱਕ ਪਹੁੰਚਣ ਵਿੱਚ ਕਿਸੇ ਤੀਜੀ ਧਿਰ ਦੀ ਕੋਈ ਵਿਚੋਲਗੀ ਨਹੀਂ ਹੋਈ ਸੀ।

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ, “ਵਿਚੋਲਗੀ ‘ਤੇ ਭਾਰਤ ਦਾ ਰੁਖ ਹਮੇਸ਼ਾ ਸਾਫ਼ ਰਿਹਾ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੋਈ ਵਿਚੋਲਗੀ ਨਹੀਂ ਹੋਈ। ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਕੋਈ ਤੀਜੀ ਧਿਰ ਦਖਲ ਨਹੀਂ ਦੇ ਸਕਦੀ। ਪਾਕਿਸਤਾਨ ਨੇ ਖ਼ੁਦ ਭਾਰਤ ਦੇ DGMO ਨੂੰ ਜੰਗਬੰਦੀ ਲਈ ਬੇਨਤੀ ਕੀਤੀ ਸੀ।”

ਚੀਨ ਨੇ ਕੀ ਦਾਅਵਾ ਕੀਤਾ ਸੀ?

ਚੀਨ ਨੇ ਬੀਤੇ ਦਿਨੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਵਿੱਚ ਵਿਚੋਲਗੀ ਕਰਨ ਦਾ ਦਾਅਵਾ ਕੀਤਾ ਸੀ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਇਸ ਸਾਲ ਚੀਨ ਦੁਆਰਾ ਸੁਲਝਾਏ ਗਏ ਪ੍ਰਮੁੱਖ ਮੁੱਦਿਆਂ ਦੀ ਸੂਚੀ ਵਿੱਚ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 7 ਤੋਂ 10 ਮਈ ਦਰਮਿਆਨ ਸੰਘਰਸ਼ ਹੋਇਆ ਸੀ ਅਤੇ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋਈ ਸੀ। ਉਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕਈ ਵਾਰ ਜੰਗਬੰਦੀ ਕਰਵਾਉਣ ਦਾ ਦਾਅਵਾ ਕਰ ਚੁੱਕੇ ਹਨ। ਹਾਲਾਂਕਿ, ਭਾਰਤ ਸਪੱਸ਼ਟ ਕਰ ਚੁੱਕਾ ਹੈ ਕਿ ਇਹ ਜੰਗਬੰਦੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ DGMOs ਵਿਚਕਾਰ ਗੱਲਬਾਤ ਤੋਂ ਬਾਅਦ ਹੋਈ ਸੀ।

ਟਰੰਪ ਤੋਂ ਬਾਅਦ ਚੀਨ ਨੂੰ ਚੜ੍ਹਿਆ ਕ੍ਰੈਡਿਟ ਦਾ ਖ਼ੁਮਾਰ

ਭਾਰਤ ਦਾ ਸਪੱਸ਼ਟ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਨਾਲ ਸਬੰਧਤ ਮਾਮਲਿਆਂ ਵਿੱਚ ਕੋਈ ਵੀ ਵਿਚੋਲਗੀ ਪ੍ਰਵਾਨ ਨਹੀਂ ਹੈ। ਚੀਨੀ ਵਿਦੇਸ਼ ਮੰਤਰੀ ਨੇ ਬੀਜਿੰਗ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਨੇ ਉੱਤਰੀ ਮਿਆਂਮਾਰ, ਈਰਾਨੀ ਪਰਮਾਣੂ ਮੁੱਦੇ, ਭਾਰਤ-ਪਾਕਿਸਤਾਨ ਤਣਾਅ ਅਤੇ ਫਲਸਤੀਨ-ਇਜ਼ਰਾਈਲ ਵਰਗੇ ਮੁੱਦਿਆਂ ਵਿੱਚ ਵਿਚੋਲਗੀ ਕੀਤੀ ਹੈ, ਜਿਸ ਨੂੰ ਭਾਰਤ ਨੇ ਹੁਣ ਨਕਾਰ ਦਿੱਤਾ ਹੈ।

ਸੰਖੇਪ:-
ਭਾਰਤ ਨੇ ਸਪਸ਼ਟ ਕੀਤਾ ਕਿ ਭਾਰਤ-ਪਾਕਿਸਤਾਨ ਮਾਮਲਿਆਂ ਵਿੱਚ ਕੋਈ ਤੀਜੀ ਧਿਰ ਦਖਲ ਨਹੀਂ ਦੇ ਸਕਦੀ, ਚੀਨ ਦੇ ਦਾਅਵੇ ਨੂੰ ਰੱਦ ਕਰ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।