24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਉਥੇ ਮੌਜੂਦ ਸੈਲਾਨੀ ਆਪਣੀਆਂ ਛੁੱਟੀਆਂ ਰੱਦ ਕਰ ਰਹੇ ਹਨ ਅਤੇ ਆਪਣੇ-ਆਪਣੇ ਸ਼ਹਿਰਾਂ ਨੂੰ ਮੁੜਨਾ ਚਾਹੁੰਦੇ ਹਨ। ਅਜਿਹੇ ’ਚ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਗਿਣਤੀ ਅਚਾਨਕ ਵਧ ਗਈ ਹੈ। ਰੇਲਵੇ ਉਥੇ ਫਸੇ ਲੋਕਾਂ ਨੂੰ ਕੱਢਣ ਲਈ ਅੱਗੇ ਆਇਆ ਹੈ। ਉੱਤਰ ਰੇਲਵੇ ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ ਲਈ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਹੈ।
ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਉਪਾਧਿਆਏ ਨੇ ਕਿਹਾ ਕਿ ਲੋੜ ਨੂੰ ਦੇਖਦੇ ਹੋਏ ਅਸੀਂ ਸਾਰੀਆਂ ਸ਼੍ਰੇਣੀਆਂ ਦੇ ਯਾਤਰੀਆਂ ਲਈ ਉਨ੍ਹਾਂ ਦੇ ਗ੍ਰਿਹ ਸ਼ਹਿਰ ਮੁੜਨ ਲਈ ਤੁਰੰਤ ਇਕ ਵਿਸ਼ੇਸ਼ ਟ੍ਰੇਨ ਦੀ ਵਿਵਸਥਾ ਕੀਤੀ ਹੈ। ਇਹ ਟ੍ਰੇਨ ਸ੍ਰੀ ਵੈਸ਼ਨੋ ਦੇਵੀ ਕਟੜਾ ਤੋਂ ਚੱਲ ਕੇ ਉਧਮਪੁਰ, ਜੰਮੂ,ਪਠਾਨਕੋਟ, ਜਲੰਧਰ, ਅੰਬਾਲਾ, ਕੁਰੂਕਸ਼ੇਤਰ ਅਤੇ ਪਾਣੀਪਤ ਵਰਗੇ ਕਈ ਹੋਰ ਸਟੇਸ਼ਨਾਂ ’ਤੇ ਰੁਕਦੀ ਹੋਈ ਵੀਰਵਾਰ ਸਵੇਰੇ 9.30 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ।
ਉਪਾਧਿਆਏ ਨੇ ਕਿਹਾ ਕਿ ਉੱਤਰ ਰੇਲਵੇ ਨੇ ਯਾਤਰੀਆਂ ਨੂੰ ਟ੍ਰੇਨ ਦੇ ਸਮੇਂ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਸਹਾਇਤਾ ਕਰਨ ਲਈ ਜੰਮੂ ਤਵੀ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨਾਂ ’ਤੇ ਹੈਲਪ ਡੈਸਕ ਵੀ ਖੋਲ੍ਹੇ ਹਨ। ਇਸ ਤੋਂ ਇਲਾਵਾ ਜੰਮੂ ਤਵੀ ਰੇਲਵੇ ਸਟੇਸ਼ਨ ਲਈ ਵੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜੋ 0191-2470116 ਹੈ। ਜੰਮੂ ਖੇਤਰ ਦੇ ਰਹਿਣ ਵਾਲੇ ਲੋਕ ਟ੍ਰੇਨ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ 1072 ਡਾਇਲ ਵੀ ਕਰ ਸਕਦੇ ਹਨ। ਹੋਰ ਹੈਲਪਲਾਈਨ ਨੰਬਰ ਸ੍ਰੀ ਮਾਂ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਲਈ 01991-234876 ਅਤੇ ਉਧਮਪੁਰ ਸਟੇਸ਼ਨ ਲਈ 7717306616 ਹੈ।
ਸੰਖੇਪ: ਫਸੇ ਯਾਤਰੀਆਂ ਦੀ ਸਹਾਇਤਾ ਲਈ ਰੇਲਵੇ ਨੇ ਜੰਮੂ-ਕਸ਼ਮੀਰ ਵਿੱਚ ਸਪੈਸ਼ਲ ਟ੍ਰੇਨ ਚਲਾਈ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ।