ਨਈ ਦੁਨੀਆ, ਰਾਏਪੁਰ( ਪੰਜਾਬੀ ਖਬਰਨਾਮਾ) : ਹਵਾਈ ਯਾਤਰਾ ਤੇ ਸਿਨੇਮਾ ਹਾਲ ਦੀ ਟਿਕਟ ਵਾਂਗ ਹੁਣ ਰੇਲਵੇ ਨੇ ਯਾਤਰੀਆਂ ਨੂੰ ਟ੍ਰੇਨਾਂ ’ਚ ਮਨਪਸੰਦ ਸੀਟ ਦੇਣ ਦੀ ਵਿਵਸਥਾ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਇਸ ਲਈ ਨਵਾਂ ਸਾਫਟਵੇਅਰ ਲਗਪਗ ਤਿਆਰ ਹੈ। ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (IRCTC) ਦੇ ਅਧਿਕਾਰੀਆਂ ਮੁਤਾਬਕ ਵਿਵਸਥਾ ਲਾਗੂ ਹੋਣ ’ਤੇ ਦੇਸ਼ ਭਰ ਦੇ ਯਾਤਰੀਆਂ ਨੂੰ ਘਰ ਬੈਠੇ ਹੀ ਖ਼ਾਲੀ ਬਰਥ ਦੀ ਸੂਚੀ ਮੁਹੱਈਆ ਹੋਵੇਗੀ। ਯਾਤਰੀਆਂ ਨੂੰ ਅਪਰ-ਲੋਅਰ ਜਾਂ ਵਿੰਡੋ ਸੀਟ ਪਸੰਦ ਕਰਨ ਦਾ ਅਧਿਕਾਰ ਵੀ ਨਵੀਂ ਵਿਵਸਥਾ ’ਚ ਮਿਲੇਗਾ। ਵਿਵਸਥਾ ਤਹਿਤ ਯਾਤਰੀਆਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਯਾਤਰਾ ਕਰਨ ਵਾਲੇ ਦਿਨ ਟ੍ਰੇਨ ’ਚ ਕਿੰਨੀਆਂ ਸੀਟਾਂ ਖ਼ਾਲੀ ਹਨ ਤੇ ਉਨ੍ਹਾਂ ਦੀ ਥਾਂ ਕੀ ਹੈ।