25 ਜੂਨ (ਪੰਜਾਬੀ ਖ਼ਬਰਨਾਮਾ):ਭਾਰਤ ਨੇ ਅੱਜ ਇੱਥੇ ਵਿਸ਼ਵ ਤੀਰਅੰਦਾਜ਼ੀ ਦੀ ਨਵੀਨਤਮ ਦਰਜਾਬੰਦੀ ਦੇ ਆਧਾਰ ’ਤੇ ਪੈਰਿਸ ਓਲੰਪਿਕ ਲਈ ਤੀਰਅੰਦਾਜ਼ੀ ਵਿੱਚ ਪੁਰਸ਼ ਅਤੇ ਮਹਿਲਾ ਟੀਮ ਕੋਟਾ ਹਾਸਲ ਕਰ ਲਿਆ। ਭਾਰਤੀ ਪੁਰਸ਼ ਟੀਮ ਵਿੱਚ ਤਰੁਣਦੀਪ ਰਾਏ, ਧੀਰਜ ਬੋਮਦੇਵਰਾ ਤੇ ਪ੍ਰਵੀਨ ਜਾਧਵ ਅਤੇ ਮਹਿਲਾ ਟੀਮ ਵਿੱਚ ਦੀਪਿਕਾ ਕੁਮਾਰੀ, ਭਜਨ ਕੌਰ ਅਤੇ ਅੰਕਿਤਾ ਭਕਤ ਦੇਸ਼ ਲਈ ਪ੍ਰਦਰਸ਼ਨ ਕਰਨਗੇ। ਭਾਰਤ ਨੇ ਪੁਰਸ਼ ਅਤੇ ਮਹਿਲਾ ਦੋਵੇਂ ਵਰਗਾਂ ਵਿੱਚ ਕੁਆਲੀਫਿਕੇਸ਼ਨ ਹਾਸਲ ਕਰਨ ’ਚ ਅਸਫਲ ਰਹੇ ਦੇਸ਼ਾਂ ਦੀ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਹਾਸਲ ਕਰ ਕੇ ਟੀਮ ਕੋਟਾ ਪੱਕਾ ਕੀਤਾ। ਇਸ ਤਰ੍ਹਾਂ ਭਾਰਤ ਪੈਰਿਸ ਵਿੱਚ ਸਾਰੇ ਪੰਜ ਤਗ਼ਮਾ ਮੁਕਾਬਲਿਆਂ (ਪੁਰਸ਼ ਅਤੇ ਮਹਿਲਾ ਟੀਮ, ਵਿਅਕਤੀਗਤ ਅਤੇ ਮਿਕਸਡ ਸ਼੍ਰੇਣੀਆਂ) ਵਿੱਚ ਹਿੱਸਾ ਲਵੇਗਾ।

ਪੁਰਸ਼ ਵਰਗ ਵਿੱਚ ਦਰਜਾਬੰਦੀ ਦੇ ਆਧਾਰ ’ਤੇ ਭਾਰਤ ਅਤੇ ਚੀਨ ਨੇ ਕੋਟਾ ਹਾਸਲ ਕੀਤਾ, ਜਦਕਿ ਮਹਿਲਾ ਵਰਗ ਵਿੱਚ ਭਾਰਤ ਤੋਂ ਇਲਾਵਾ ਇੰਡੋਨੇਸ਼ੀਆ ਕੋਟਾ ਹਾਸਲ ਕਰਨ ਵਾਲਾ ਦੂਜਾ ਦੇਸ਼ ਰਿਹਾ। ਓਲੰਪਿਕ ਵਿੱਚ 12 ਦੇਸ਼ ਟੀਮ ਮੁਕਾਬਲਿਆਂ ਵਿੱਚ ਚੁਣੌਤੀ ਪੇਸ਼ ਕਰਨਗੇ, ਜਦਕਿ ਮਿਕਸਡ ਮੁਕਾਬਲਿਆਂ ਵਿੱਚ ਪੰਜ ਟੀਮਾਂ ਮੁਕਾਬਲਾ ਕਰਨਗੀਆਂ। ਇਹ ਪਹਿਲੀ ਵਾਰ ਹੈ ਜਦੋਂ ਤਿੰਨ ਰਾਊਂਡ ਦੇ ਓਲੰਪਿਕ ਕੁਆਲੀਫਾਇਰ ਤੋਂ ਬਾਹਰ ਰਹਿਣ ਵਾਲੇ ਸਿਖਰਲੇ ਦੋ ਦੇਸ਼ਾਂ ਨੂੰ ਟੀਮ ਕੋਟਾ ਦਿੱਤਾ ਗਿਆ ਹੈ। ਅਨੁਭਵੀ ਤੀਰਅੰਦਾਜ਼ ਤਰੁਣਦੀਪ ਰਾਏ ਅਤੇ ਦੀਪਿਕਾ ਕੁਮਾਰੀ ਰਿਕਾਰਡ ਚੌਥੀ ਵਾਰ ਓਲੰਪਿਕ ਵਿੱਚ ਚੁਣੌਤੀ ਪੇਸ਼ ਕਰਨਗੇ। ਸੈਨਾ ਦੇ 40 ਸਾਲ ਦੇ ਦਿੱਗਜ ਤਰੁਣਦੀਪ ਨੇ 2004 ਵਿੱਚ ਏਥਨਜ਼ ਓਲੰਪਿਕ ’ਚ ਪਹਿਲੀ ਵਾਰ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।

ਦੀਪਿਕਾ ਨੇ 2012 ਲੰਡਨ ਵਿੱਚ ਪਹਿਲੀ ਵਾਰ ਓਲੰਪਿਕ ਖੇਡਾਂ ’ਚ ਹਿੱਸਾ ਲਿਆ ਸੀ। ਧੀਰਜ ਬੋਮਦੇਵਰਾ, ਅੰਕਿਤਾ ਭਕਤ ਅਤੇ ਭਜਨ ਕੌਰ ਓਲੰਪਿਕ ਵਿੱਚ ਪ੍ਰਦਰਸ਼ਨ ਕਰਨਗੇ, ਜਦਕਿ ਪ੍ਰਵੀਨ ਜਾਧਵ ਦਾ ਟੋਕੀਓ ਤੋਂ ਬਾਅਦ ਇਹ ਲਗਾਤਾਰ ਦੂਜਾ ਓਲੰਪਿਕ ਹੋਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।