India Population

11 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸੰਯੁਕਤ ਰਾਸ਼ਟਰ ਦੀ ਇਕ ਨਵੀਂ ਅੰਕੜਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ 2025 ਵਿਚ 1.46 ਅਰਬ ਪਹੁੰਚਣ ਦੀ ਉਮੀਦ ਹੈ, ਜੋ ਕਿ ਦੁਨੀਆ ਵਿਚ ਸਭ ਤੋਂ ਵੱਧ ਹੋਵੇਗੀ। ਦੇਸ਼ ਦੀ 68 ਪ੍ਰਤੀਸ਼ਤ ਆਬਾਦੀ ਕੰਮਕਾਜੀ ਹੈ। ਇਸ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਦੀ ਪ੍ਰਜਨਨ ਦਰ ਘਟ ਕੇ ਪ੍ਰਤੀ ਔਰਤ 1.9 ਜਨਮ ਰਹਿ ਗਈ ਹੈ, ਜੋ ਕਿ ਬਦਲਾਅ ਦਰ 2.1 ਤੋਂ ਘੱਟ ਹੈ।

‘ਅਸਲ ਪ੍ਰਜਨਨ ਸੰਕਟ’ ਸਿਰਲੇਖ ਵਾਲੀ ਯੂਐੱਨਐੱਫਪੀਏ ਦੀ ‘ਵਿਸ਼ਵ ਜਨਸੰਖਿਆ ਸਥਿਤੀ (ਐੱਸਓਡਬਲਯੂਪੀ) ਰਿਪੋਰਟ 2025’ ਘਟਦੀ ਪ੍ਰਜਨਨ ਸਮਰੱਥਾ ਤੋਂ ਡਰਣ ਦੀ ਬਜਾਏ ਨਾ ਪੂਰੇ ਹੋਏ ਪ੍ਰਜਨਨ ਟੀਚਿਆਂ ‘ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੰਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲੱਖਾਂ ਲੋਕ ਆਪਣੇ ਅਸਲ ਪ੍ਰਜਨਨ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਅਸਮਰੱਥ ਹਨ। ਰਿਪੋਰਟ ਅਨੁਸਾਰ, ਘੱਟ ਆਬਾਦੀ ਜਾਂ ਵੱਧ ਆਬਾਦੀ ਦੀ ਬਜਾਏ ਅਸਲ ਸੰਕਟ ਇਹੀ ਹੈ ਅਤੇ ਇਸ ਦਾ ਜਵਾਬ ਬਿਹਤਰ ਪ੍ਰਜਨਨ ਸਮਰੱਥਾ ਵਿਚ ਲੁਕਿਆ ਹੈ-ਭਾਵ ਕਿਸੇ ਵਿਅਕਤੀ ਦੀ ਸੰਭੋਗ, ਗਰਭਨਿਰੋਧਕ ਅਤੇ ਪਰਿਵਾਰ ਸ਼ੁਰੂ ਕਰਨ ਬਾਰੇ ਫੈਸਲਾ ਕਰਨ ਦੀ ਸਮਰੱਥਾ।

ਰਿਪੋਰਟ ਵਿਚ ਆਬਾਦੀ ਦੇ ਢਾਂਚੇ, ਪ੍ਰਜਨਨ ਸਮਰੱਥਾ ਅਤੇ ਜੀਵਨ ਉਮੀਦ ਵਿਚ ਮਹੱਤਵਪੂਰਨ ਬਦਲਾਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਕਿ ਇਕ ਵੱਡੇ ਆਬਾਦੀ ਬਦਲਾਅ ਦਾ ਸੰਕੇਤ ਹੈ। ਰਿਪੋਰਟ ਵਿਚ ਪਾਇਆ ਗਿਆ ਕਿ ਭਾਰਤ ਦੀ ਪ੍ਰਜਨਨ ਦਰ ਘਟ ਕੇ ਪ੍ਰਤੀ ਔਰਤ 1.9 ਜਨਮ ਰਹਿ ਗਈ ਹੈ, ਜੋ ਕਿ ਬਦਲਾਅ ਪੱਧਰ 2.1 ਤੋਂ ਹੇਠਾਂ ਹੈ। ਇਸ ਦਾ ਅਰਥ ਇਹ ਹੈ ਕਿ ਔਸਤ ਭਾਰਤੀ ਔਰਤਾਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਆਬਾਦੀ ਦਾ ਆਕਾਰ ਬਣਾਈ ਰੱਖਣ ਲਈ ਜ਼ਰੂਰੀ ਗਿਣਤੀ ਤੋਂ ਘੱਟ ਬੱਚੇ ਪੈਦਾ ਕਰ ਰਹੀਆਂ ਹਨ। ਜਨਮ ਦਰ ਵਿਚ ਕਮੀ ਦੇ ਬਾਵਜੂਦ, ਭਾਰਤ ਦੀ ਨੌਜਵਾਨ ਆਬਾਦੀ ਹੁਣ ਵੀ ਮਹੱਤਵਪੂਰਨ ਰਹੀ ਹੈ, ਜਿਸ ਵਿਚ 0-14 ਉਮਰ ਵਰਗ ਵਿਚ 24 ਪ੍ਰਤੀਸ਼ਤ, 10-19 ਉਮਰ ਵਰਗ ਵਿਚ 17 ਪ੍ਰਤੀਸ਼ਤ ਅਤੇ 10-24 ਉਮਰ ਵਰਗ ਵਿਚ 26 ਪ੍ਰਤੀਸ਼ਤ ਨੌਜਵਾਨ ਹਨ। ਦੇਸ਼ ਦੀ 68 ਪ੍ਰਤੀਸ਼ਤ ਆਬਾਦੀ ਕੰਮਕਾਜੀ ਉਮਰ (15-64) ਵਾਲੀ ਹੈ, ਜੋ ਕਿ ਯੋਗ ਰੋਜ਼ਗਾਰ ਅਤੇ ਨੈਤਿਕ ਸਮਰਥਨ ਨਾਲ ਸੰਭਾਵਿਤ ਆਬਾਦੀ ਲਾਭ ਪ੍ਰਦਾਨ ਕਰਦੀ ਹੈ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਭਾਰਤ ਨੂੰ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਸਮੂਹ ਵਿਚ ਰੱਖਿਆ ਗਿਆ ਹੈ, ਜੋ ਤੇਜ਼ੀ ਨਾਲ ਆਬਾਦੀ ਦੇ ਬਦਲਾਅ ਤੋਂ ਲੰਘ ਰਹੇ ਹਨ, ਜਿੱਥੇ ਆਬਾਦੀ ਦੋਗੁਣਾ ਹੋਣ ਵਿਚ ਹੁਣ 79 ਸਾਲ ਦਾ ਸਮਾਂ ਲੱਗਣ ਦੀ ਉਮੀਦ ਹੈ।

ਯੂਐੱਨਐੱਫਪੀਏ ਦੀ ਭਾਰਤ ਦੀ ਪ੍ਰਤਿਨਿਧੀ ਐਂਡ੍ਰੀਆ ਐੱਮ ਵੋਜ਼ਨਰ ਨੇ ਕਿਹਾ, “ਭਾਰਤ ਨੇ ਪ੍ਰਜਨਨ ਦਰ ਘਟਾਉਣ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ-1970 ਵਿਚ ਪ੍ਰਤੀ ਔਰਤ ਲਗਪਗ ਪੰਜ ਬੱਚਿਆਂ ਤੋਂ ਲੈ ਕੇ ਅੱਜ ਲਗਪਗ ਦੋ ਬੱਚਿਆਂ ਤੱਕ, ਜਿਸ ਦਾ ਸਿਹਰਾ ਬਿਹਤਰ ਸਿੱਖਿਆ ਅਤੇ ਪ੍ਰਜਨਨ ਸਿਹਤ ਦੇਖਭਾਲ ਤੱਕ ਪਹੁੰਚ ਨੂੰ ਦਿੱਤਾ ਜਾਂਦਾ ਹੈ।”

ਮਰਦਾਂ ਦੀ ਔਸਤ ਉਮਰ 71 ਅਤੇ ਔਰਤਾਂ ਦੀ 74 ਸਾਲ ਰਹਿਣ ਦੀ ਉਮੀਦ

ਬਜ਼ੁਰਗ ਆਬਾਦੀ (65 ਸਾਲ ਅਤੇ ਇਸ ਤੋਂ ਉੱਪਰ) ਇਸ ਸਮੇਂ ਸੱਤ ਪ੍ਰਤੀਸ਼ਤ ਹੈ, ਜੋ ਆਉਣ ਵਾਲੇ ਦਹਾਕਿਆਂ ਵਿਚ ਜੀਵਨ ਉਮੀਦ ਵਿਚ ਸੁਧਾਰ ਦੇ ਨਾਲ ਵਧਣ ਦੀ ਉਮੀਦ ਹੈ। 2025 ਤੱਕ, ਜਨਮ ਦੇ ਸਮੇਂ ਤੋਂ ਪੁਰਸ਼ਾਂ ਲਈ ਔਸਤ ਉਮਰ 71 ਸਾਲ ਅਤੇ ਔਰਤਾਂ ਲਈ 74 ਸਾਲ ਹੋਣ ਦੀ ਉਮੀਦ ਹੈ। ਯੂਐੱਨ ਦੇ ਅਨੁਮਾਨਾਂ ਦੇ ਅਨੁਸਾਰ, ਇਸ ਸਮੇਂ ਭਾਰਤ ਦੀ ਆਬਾਦੀ 146.39 ਕਰੋੜ ਹੈ। ਆਉਣ ਵਾਲੇ ਦਹਾਕਿਆਂ ਵਿਚ ਇਹ ਅੰਕੜਾ ਲਗਪਗ 1.70 ਅਰਬ ਤੱਕ ਪਹੁੰਚੇਗਾ ਅਤੇ ਫਿਰ ਲਗਪਗ 40 ਸਾਲ ਬਾਅਦ ਘਟਣਾ ਸ਼ੁਰੂ ਹੋਵੇਗਾ।

ਸੰਖੇਪ: ਯੂਨਾਈਟਡ ਨੇਸ਼ਨ ਦੀ ਨਵੀਂ ਰਿਪੋਰਟ ਅਨੁਸਾਰ 2025 ਤੱਕ ਭਾਰਤ ਦੀ ਆਬਾਦੀ 1.46 ਅਰਬ ਹੋਣ ਦੀ ਉਮੀਦ ਹੈ, ਜਿਸ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਬਣ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।