13 ਜੂਨ 2024 (ਪੰਜਾਬੀ ਖਬਰਨਾਮਾ) : ਭਾਰਤ ਤੇ ਪਾਕਿਸਤਾਨ (India and Pakistan) ਚਿਰ ਪ੍ਰਤੀਦਵੰਦੀ ਹਨ ਤੇ ਇਹਨਾਂ ਦੇਸ਼ਾਂ ਦੀ ਕ੍ਰਿਕਟ ਟੀਮ ਦੇ ਮੈਚ ਵੀ ਲੋਕਾਂ ਲਈ ਖਾਸ ਖਿੱਚ ਦਾ ਕਾਰਨ ਬਣਦੇ ਹਨ। 09 ਜੂਨ 2024 ਨੂੰ ਟੀ20 ਵਿਸ਼ਵ ਕੱਪ (T20 World Cup 2024) ਵਿਚ ਭਾਰਤ ਬਨਾਮ ਪਾਕਿਸਤਾਨ ਮੈਚ ਵਿਚ ਭਾਰਤ ਨੇ ਜਿੱਤ ਹਾਸਿਲ ਕਰ ਲਈ ਸੀ ਪਰ ਬੀਤੇ ਦਿਨ ਭਾਰਤ ਨੇ ਪਾਕਿਸਤਾਨ ਨੂੰ ਤੋਹਫ਼ਾ ਦੇ ਦਿੱਤਾ ਹੈ। ਭਾਰਤ ਨੇ ਹੁਣ ਤੱਕ 2 ਮੈਚ ਜਿੱਤ ਚੁੱਕੀ ਅਮਰੀਕਾ (USA) ਦੀ ਟੀਮ ਨੂੰ ਹਰਾ ਦਿੱਤਾ ਹੈ। ਇਸ ਨਾਲ ਹੁਣ ਪਾਕਿਸਤਾਨ ਦੇ ਸੁਪਰ 8 ਵਿਚ ਪਹੁੰਚਣ ਦੀ ਆਸ ਬਚੀ ਰਹੀ ਹੈ। ਆਓ ਤੁਹਾਨੂੰ ਗਰੁੱਪ ਏ ਦੇ ਪੁਆਇੰਟਸ ਟੇਬਲ ਦੇ ਹਿਸਾਬ ਨਾਲ ਸਾਰੀ ਗੱਲ ਦੱਸਦੇ ਹਾਂ –
ਗਰੁੱਪ ਏ ਪੁਆਇੰਟਸ ਟੇਬਲ
ਗਰੁੱਪ ਏ ਵਿਚ ਕੁੱਲ ਪੰਜ ਟੀਮਾਂ ਭਾਰਤ, ਪਾਕਿਸਤਾਨ, ਕਨੇਡਾ, ਆਇਰਲੈਂਡ ਤੇ ਅਮਰੀਕਾ ਹਨ। ਇਹਨਾਂ ਵਿਚੋਂ ਭਾਰਤ ਤਿੰਨ ਮੈਚ ਜਿੱਤ ਕੇ 6 ਅੰਕਾਂ ਨਾਲ ਪਹਿਲੇ ਨੰਬਰ ਉੱਤੇ ਹੈ। ਦੂਜਾ ਨੰਬਰ ਤਿੰਨਾਂ ਵਿਚੋਂ ਦੋ ਮੈਚ ਜਿੱਤ ਕੇ 4 ਅੰਕਾਂ ਨਾਲ ਅਮਰੀਕਾ ਦਾ ਹੈ। ਬਾਕੀ ਤਿੰਨਾਂ ਵਿਚੋਂ ਪਾਕਿਸਤਾਨ ਤੇ ਕਨੈਡਾ 2-2 ਅੰਕਾਂ ਨਾਲ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ਉੱਤੇ ਹਨ। ਪੰਜਵਾਂ ਸਥਾਨ ਆਇਰਲੈਂਡ (Ireland) ਦਾ ਹੈ, ਜਿਸ ਨੇ ਦੋ ਮੁਕਾਬਲੇ ਖੇਡੇ ਤੇ ਦੋਨੋਂ ਹਾਰੇ ਹਨ।
ਹੁਣ ਅਗਲੀ ਗੱਲ ਇਹ ਹੈ ਕਿ ਆਇਰਲੈਂਡ ਦਾ ਅਗਲਾ ਮੈਚ ਅਮਰੀਕਾ ਨਾਲ ਹੈ। ਜੇਕਰ ਇਸ ਮੈਚ ਵਿਚ ਆਇਰਲੈਂਡ ਅਮਰੀਕਾ ਨੂੰ ਹਰਾ ਦਿੰਦੀ ਹੈ ਤਾਂ ਅਮਰੀਕਾ ਆਪਣੇ ਕੁੱਲ ਚਾਰਾਂ ਵਿਚੋਂ ਦੋ ਮੈਚ ਹਾਰ ਕੇ 4 ਅੰਕ ਤੱਕ ਸੀਮਤ ਹੋ ਜਾਵੇਗਾ। ਪਾਕਿਸਤਾਨ ਦਾ ਅਗਲਾ ਮੈਚ ਆਇਰਲੈਂਡ ਨਾਲ ਜਿਸ ਨੂੰ ਜਿੱਤ ਲੈਣ ਦੀ ਆਸ ਹੈ। ਇਸ ਤਰ੍ਹਾਂ ਪਾਕਿਸਤਾਨ ਦੇ ਵੀ 4 ਅੰਕ ਹੋ ਜਾਣਗੇ। ਕਨੇਡਾ (Canada) ਦਾ ਅਗਲਾ ਮੈਚ ਭਾਰਤ ਨਾਲ ਹੈ, ਜਿਸ ਵਿਚ ਜਿੱਤ ਦੀ ਆਸ ਘੱਟ ਹੈ।
ਪਾਕਿਸਤਾਨ ਦੀ ਕਿਸਮਤ
ਪਾਕਿਸਤਾਨ ਦੀ ਕਿਸਮਤ ਹੁਣ ਆਇਰਲੈਂਡ ਦੇ ਹੱਥ ਵਿਚ ਹੈ। ਜੇਕਰ ਆਇਰਲੈਂਡ ਅਮਰੀਕਾ ਨੂੰ ਹਰਾ ਦਿੰਦਾ ਹੈ ਤਾਂ ਪਾਕਿਸਤਾਨ ਲਈ ਇਕ ਹੋਰ ਬਚਦਾ ਮੈਚ ਜਿੱਤ ਕੇ ਸੁਪਰ 8 ਵਿਚ ਪਹੁੰਚਣ ਦਾ ਰਾਹ ਸਾਫ਼ ਹੋ ਜਾਵੇਗਾ। ਦੂਜੇ ਪਾਸੇ ਕੈਨੇਡਾ ਵੀ ਆਪਣਾ ਬਚਦਾ ਮੈਚ ਜਿੱਤ ਕੇ ਪਾਕਿਸਤਾਨ ਨਾਲ ਪੁਆਇੰਟਸ ਟੇਬਲ ਵਿਚ ਬਰਾਬਰ ਚਲਾ ਜਾਵੇਗਾ। ਪਰ ਕੈਨੇਡਾ ਦਾ ਭਾਰਤ ਤੋਂ ਜਿੱਤਣਾ ਆਸਾਨ ਨਹੀਂ ਹੈ। ਦੂਜੇ ਪਾਸੇ ਕੈਨੇਡਾ ਨੂੰ ਇਹ ਜਿੱਤ ਵੀ ਘੱਟ ਤੋਂ ਘੱਟ 60 ਰਨ ਨਾਲ ਪ੍ਰਾਪਤ ਕਰਨੀ ਪਵੇਗੀ ਤਾਂ ਹੀ ਨੈੱਟ ਰਨਰੇਟ ਪਾਕਿਸਤਾਨ ਤੋਂ ਜ਼ਿਆਦਾ ਹੋ ਸਕੇਗਾ। ਅਜਿਹਾ ਹੋਣਾ ਦਾ ਹੋਰ ਵੀ ਔਖਾ ਹੈ।
ਤੁਹਾਨੂੰ ਦੱਸ ਦੇਈਏ ਕਿ ਹਰ ਗਰੁੱਪ ਵਿਚੋਂ ਸੁਪਰ 8 ਵਿਚ ਪਹਿਲੇ ਦੋ ਸਥਾਨਾਂ ਵਾਲੀਆਂ ਦੋ ਦੋ ਟੀਮਾਂ ਪਹੁੰਚਣਗੀਆਂ। ਸੁਪਰ 8 ਦੇ ਮੁਕਾਬਲੇ ਵੈਸਟ ਇੰਡੀਜ਼ ਵਿਚ ਹੋਣਗੇ। ਜੋ ਟੀਮਾਂ ਸੁਪਰ 8 ਵਿਚ ਪਹੁੰਚਣ ਤੋਂ ਖੁੰਝ ਜਾਣਗੀਆਂ, ਉਹ ਅਮਰੀਕਾ ਦੀ ਧਰਤੀ ਤੋਂ ਹੀ ਘਰ ਵਾਪਸੀ ਕਰ ਲੈਣਗੀਆਂ। ਦੇਖਣਾ ਬਣਦਾ ਹੈ ਕਿ ਪਾਕਿਸਤਾਨ ਹੁਣ ਅਮਰੀਕਾ ਤੋਂ ਹੀ ਵਾਪਸੀ ਕਰੇਗਾ ਜਾਂ ਵੈਸਟਇੰਡੀਜ਼ ਪਹੁੰਚ ਸਕੇਗਾ।