11 ਅਕਤੂਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿਚ ਜਾਰੀ ਟਕਰਾਅ ਤੇ ਤਣਾਅ ਦੇ ਮਾਹੌਲ ਦਰਮਿਆਨ ਭਾਰਤ-ਆਸੀਆਨ ਦੋਸਤੀ ਬਹੁਤ ਅਹਿਮ ਹੈ। ਸ੍ਰੀ ਮੋਦੀ ਨੇ ਭਾਰਤ-ਆਸੀਆਨ ਵਿਆਪਕ ਭਾਈਵਾਲੀ ਦੀ ਮਜ਼ਬੂਤੀ ਲਈ 10 ਨੁਕਾਤੀ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਖੇਤਰੀ ਸਮੂਹਾਂ ਦਰਮਿਆਨ ਰਿਸ਼ਤੇ ਏਸ਼ੀਆ ਦੇ ਭਵਿੱਖ ਨੂੰ ਸੇਧ ਦੇਣ ਲਈ ਅਹਿਮ ਹਨ। ਪ੍ਰਧਾਨ ਮੰਤਰੀ ਇਥੇ 21ਵੀਂ ਭਾਰਤ-ਆਸੀਆਨ ਸਿਖਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਕਿਹਾ ਕਿ ਉਨ੍ਹਾਂ ਦਹਾਕੇ ਪਹਿਲਾਂ ਐਕਟ ਈਸਟ ਪਾਲਿਸੀ ਦਾ ਐਲਾਨ ਕੀਤਾ ਸੀ, ਜਿਸ ਨੇ ਬੀਤੇ ਦਹਾਕੇ ਵਿਚ ਭਾਰਤ ਤੇ ਆਸੀਆਨ ਮੁਲਕਾਂ ਦਰਮਿਆਨ ਇਤਿਹਾਸਕ ਰਿਸ਼ਤਿਆਂ ਨੂੰ ਨਵੀਂ ਊਰਜਾ, ਸੇਧ ਤੇ ਰਫ਼ਤਾਰ ਦਿੱਤੀ ਹੈ। ਆਸੀਆਨ ਮੁਲਕਾਂ ਵਿਚ ਮਲੇਸ਼ੀਆ, ਥਾਈਲੈਂਡ, ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਮਿਆਂਮਾਰ, ਫ਼ਿਲਪੀਨਜ਼, ਵੀਅਤਨਾਮ, ਲਾਓਸ ਤੇ ਸਿੰਗਾਪੁਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ, ਜਿਸ ਨੂੰ ਏਸ਼ੀਆ ਦੀ ਸਦੀ ਵੀ ਕਿਹਾ ਜਾਂਦਾ ਹੈ, ਭਾਰਤ ਤੇ ਆਸੀਆਨ ਮੁਲਕਾਂ ਦੀ ਸਦੀ ਹੈ। ਉਨ੍ਹਾਂ ਕਿਹਾ, ‘ਭਾਰਤ-ਆਸੀਆਨ ਦੋਸਤੀ, ਤਾਲ-ਮੇਲ ਸੰਵਾਦ ਤੇ ਸਹਿਯੋਗ ਅਜਿਹੇ ਸਮੇਂ ਬਹੁਤ ਅਹਿਮ ਹੈ ਜਦੋਂ ਕੁੱਲ ਆਲਮ ਦੇ ਵੱਖ ਵੱਖ ਹਿੱਸਿਆਂ ਨੂੰ ਟਕਰਾਅ ਤੇ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਆਸੀਆਨ ਮੁਲਕ ਆਲਮੀ ਦੱਖਣ ਵਿਚ ਗੁਆਂਢੀ ਤੇ ਭਾਈਵਾਲ ਹਨ ਅਤੇ ਇਹ ਉਹ ਖਿੱਤਾ ਹੈ ਜੋ ਤੇਜ਼ੀ ਨਾਲ ਤਰੱਕੀ ਦਾ ਗਵਾਹ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀ ਪਸੰਦ ਮੁਲਕ ਹਾਂ ਤੇ ਇਕ ਦੂਜੇ ਦੀ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹਾਂ, ਅਤੇ ਖਿੱਤੇ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹਾਂ।’’ ਉਨ੍ਹਾਂ ਕਿਹਾ ਕਿ ਲੋਕ ਕੇਂਦਰਤ ਪਹੁੰਚ ਭਾਰਤ ਤੇ ਆਸੀਆਨ ਦਰਮਿਆਨ ਵਿਕਾਸ ਭਾਈਵਾਲੀ ਦੀ ਨੀਂਹ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਤੋਂ ਸੱਤ ਆਸੀਆਨ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਹਨ ਤੇ ਜਲਦੀ ਹੀ ਬਰੂਨੇਈ ਲਈ ਸਿੱਧੀ ਉਡਾਣ ਸ਼ੁਰੂ ਹੋ ਜਾਵੇਗੀ।’’ ਪ੍ਰਧਾਨ ਮੰਤਰੀ ਵੱਲੋਂ ਐਲਾਨੀ 10 ਨੁਕਾਤੀ ਯੋਜਨਾ ਵਿਚ ਸਾਲ 2025 ਨੂੰ ਆਸੀਆਨ-ਇੰਡੀਆ ਸੈਰ-ਸਪਾਟਾ ਸਾਲ ਵਜੋਂ ਮਨਾਉਣ, ਨਾਲੰਦਾ ਯੂਨੀਵਰਸਿਟੀ ’ਚ ਵਜ਼ੀਫ਼ਿਆਂ ਦੀ ਗਿਣਤੀ ਦੁੱਗਣੀ ਕਰਨਾ, ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਵਿਚ ਆਸੀਆਨ ਵਿਦਿਆਰਥੀਆਂ ਲਈ ਨਵੀਆਂ ਗਰਾਂਟਾਂ ਮੁਹੱਈਆ ਕਰਵਾਉਣਾ, ਆਸੀਆਨ-ਇੰਡੀਆ ਸਾਇੰਸ ਟੈਕਨਾਲੋਜੀ ਡਿਵੈਲਪਮੈਂਟ ਫੰਡ ਤਹਿਤ ਆਸੀਆਨ-ਇੰਡੀਆ ਵਿਮੈਨ ਸਾਇੰਟਿਸਟਸ ਕਾਨਕਲੇਵ ਕਰਵਾਉਣਾ ਆਦਿ ਸ਼ਾਮਲ ਹਨ। ਸ੍ਰੀ ਮੋਦੀ ਨੇ ਸਿਖਰ ਵਾਰਤਾ ਤੋਂ ਇਕਪਾਸੇ ਜਾਪਾਨ ਦੇ ਆਪਣੇ ਨਵੇਂ ਹਮਰੁਤਬਾ ਸ਼ਿਗੇਰੂ ਇਸ਼ੀਬਾ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੀਟਿੰਗਾਂ ਕੀਤੀਆਂ।