ਚੰਡੀਗੜ੍ਹ, 28 ਨਵੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) IND vs AUS 2nd Test: ਟੀਮ ਇੰਡੀਆ ਨੇ ਆਸਟ੍ਰੇਲੀਆ ਦੌਰੇ ‘ਚ ਜਿੱਤ ਦਰਜ ਕਰ ਕੇ ਸੀਰੀਜ਼ ਦਾ ਆਗਾਜ ਕੀਤਾ ਹੈ। ਪਰਥ ਦੇ ਓਪਟਸ ਸਟੇਡੀਅਮ ‘ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ। ਸੀਰੀਜ਼ ਦਾ ਦੂਜਾ ਟੈਸਟ ਮੈਚ 6 ਦਸੰਬਰ ਤੋਂ ਐਡੀਲੇਡ ‘ਚ ਖੇਡਿਆ ਜਾਵੇਗਾ। ਇਹ ਟੈਸਟ ਦਿਨ-ਰਾਤ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਹਾਲਾਂਕਿ ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਦੂਜੇ ਟੈਸਟ ‘ਚ ਭਾਰਤੀ ਟੀਮ ਦਾ ਕਪਤਾਨ ਬਦਲ ਜਾਵੇਗਾ । ਇਸ ਟੈਸਟ ‘ਚ ਰੋਹਿਤ ਸ਼ਰਮਾ ਕਪਤਾਨ ਦੇ ਰੂਪ ‘ਚ ਵਾਪਸੀ ਕਰਨਗੇ। ਪਹਿਲੇ ਟੈਸਟ ਮੈਚ ‘ਚ ਰੋਹਿਤ ਦੀ ਗੈਰ-ਮੌਜੂਦਗੀ ‘ਚ ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ ਸੀ। ਪੈਟਰਨਿਟੀ ਲੀਵ ਤੋਂ ਬਾਅਦ ਰੋਹਿਤ ਹਾਲ ਹੀ ‘ਚ ਆਸਟ੍ਰੇਲੀਆ ਪਹੁੰਚੇ ਹਨ ਜਿੱਥੇ ਉਨ੍ਹਾ ਨੇ ਟੀਮ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਦੂਜੇ ਟੈਸਟ ਮੈਚ ਦੇ ਸਮੇਂ ‘ਚ ਵੀ ਬਦਲਾਅ ਕੀਤਾ ਗਿਆ ਹੈ। ਪਰਥ ਦੇ ਓਪਟਸ ਸਟੇਡੀਅਮ ‘ਚ ਖੇਡਿਆ ਜਾਣ ਵਾਲਾ ਪਹਿਲਾ ਟੈਸਟ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7.50 ਵਜੇ ਸ਼ੁਰੂ ਹੋ ਰਿਹਾ ਸੀ ਪਰ ਐਡੀਲੇਡ ਟੈਸਟ ਦਾ ਸਮਾਂ ਵੱਖਰਾ ਹੈ। ਐਡੀਲੇਡ ‘ਚ ਖੇਡਿਆ ਜਾਣ ਵਾਲਾ ਡੇਅ-ਨਾਈਟ ਟੈਸਟ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ 9 ਵਜੇ ਹੋਵੇਗਾ। ਇਸ ਦਾ ਮਤਲਬ ਹੈ ਕਿ ਇਸ ਟੈਸਟ ਦਾ ਆਨੰਦ ਲੈਣ ਲਈ ਪ੍ਰਸ਼ੰਸਕਾਂ ਨੂੰ ਨੀਂਦ ਨਹੀਂ ਗਵਾਉਣੀ ਪਵੇਗੀ।
ਟੀਮ ਇੰਡੀਆ ਨੇ ਜਿੱਤੇ ਹਨ 3 ਡੇਅ-ਨਾਈਟ ਟੈਸਟ
ਭਾਰਤੀ ਟੀਮ 5 ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤ ਨੇ ਹੁਣ ਤੱਕ 4 ਡੇਅ-ਨਾਈਟ ਟੈਸਟ ਖੇਡੇ ਹਨ, ਜਿਸ ‘ਚ ਭਾਰਤੀ ਟੀਮ ਨੇ 3 ਜਿੱਤੇ ਹਨ ਅਤੇ ਇੱਕ ਮੈਚ ਹਾਰਿਆ ਹੈ। ਭਾਰਤੀ ਟੀਮ ਇਸ ਤੋਂ ਪਹਿਲਾਂ ਐਡੀਲੇਡ ਵਿੱਚ ਮੇਜ਼ਬਾਨ ਟੀਮ ਨਾਲ ਗੁਲਾਬੀ ਗੇਂਦ ਦਾ ਟੈਸਟ ਮੈਚ ਖੇਡ ਚੁੱਕੀ ਹੈ ਜਿੱਥੇ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗੁਲਾਬੀ ਗੇਂਦ ਦੇ ਟੈਸਟ ‘ਚ ਆਸਟ੍ਰੇਲੀਆਈ ਟੀਮ ਦਾ ਰਿਕਾਰਡ ਸ਼ਾਨਦਾਰ ਹੈ। ਮੇਜ਼ਬਾਨ ਆਸਟਰੇਲੀਆ ਨੇ ਹੁਣ ਤੱਕ 12 ਟੈਸਟ ਖੇਡੇ ਹਨ, ਜਿੱਥੇ ਆਸਟਰੇਲੀਆ ਨੂੰ ਸਿਰਫ਼ ਇੱਕ ਵਿੱਚ ਹਾਰ ਮਿਲੀ ਹੈ।
ਜੈਸਵਾਲ ਅਤੇ ਕੋਹਲੀ ਨੇ ਸੈਂਕੜੇ ਲਗਾਏ
ਪਰਥ ‘ਚ ਖੇਡੇ ਗਏ ਪਹਿਲੇ ਟੈਸਟ ‘ਚ ਭਾਰਤ ਲਈ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਨੇ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਕੇਐੱਲ ਰਾਹੁਲ ਨੇ ਅਰਧ ਸੈਂਕੜਾ ਲਗਾ ਕੇ ਭਾਰਤ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਨੇ 8 ਵਿਕਟਾਂ ਲੈ ਕੇ ਟੀਮ ਦੀ ਅਗਵਾਈ ਕੀਤੀ। ਬੁਮਰਾਹ ਦੀ ਕਪਤਾਨੀ ਵਿੱਚ ਭਾਰਤ ਦੀ ਦੋ ਟੈਸਟ ਮੈਚਾਂ ਵਿੱਚ ਇਹ ਪਹਿਲੀ ਜਿੱਤ ਸੀ।