ਚੰਡੀਗੜ੍ਹ (ਪੰਜਾਬੀ ਖਬਰਨਾਮਾ) 28 ਮਈ : ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਝੂਠ ਬੋਲਣਾ ਅਤੇ ਸਨਸਨੀ ਪੈਦਾ ਕਰਨ ਆਪ ਮੁਖੀ ਅਰਵਿੰਦ ਕੇਜਰੀਵਾਲ ਦੇ ਡੀਐੱਨਏ ‘ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਹਰੇਕ ਵਰਗ ਨੂੰ ਸਬਜ਼ਬਾਗ ਦਿਖਾਇਆ ਹੈ। ਸ਼ੇਖਾਵਤ ਨੇ ਕਿਹਾ ਕਿ ਕੇਜਰੀਵਾਲ ਹਮੇਸ਼ਾਂ ਮਹਿਲਾ ਸਸ਼ਕਤੀਕਰਣ ਦੀ ਗੱਲ ਕਰਦੇ ਹਨ, ਪਰ ਪਾਰਟੀ ਦੀ ਰਾਜ ਸਭਾ ਮੈਂਬਰ ਨਾਲ ਜੋ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਹੋਇਆ ਉਹ ਪੂਰੀ ਦੁਨੀਆਂ ਨੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਹਰੇਕ ਔਰਤ ਨੂੰ ਇਕ ਹਜ਼ਾਰ ਰੁਪਏ ਦੇਣ, ਕਾਨੂੰਨ ਵਿਵਸਥਾ ਠੀਕ ਕਰਨ, ਰੇਤ ਦੀ ਕਾਲਾ ਬਜ਼ਾਰੀ ਖ਼ਤਮ ਕਰਨ, ਨਸ਼ਿਆਂ ’ਤੇ ਨਕੇਲ ਪਾਉਣ ਦਾ ਦਾਅਵਾ ਕੀਤਾ ਸੀ, ਪਰ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਜਿਸ ਕਰਕੇ ਹਰੇਕ ਵਰਗ ਵਿਚ ਨਿਰਾਸ਼ਾ ਦਾ ਆਲਮ ਹੈ। ਸ਼ੇਖਾਵਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ’ਚ ਹੈਰਾਨ ਕਰਨ ਵਾਲੇ ਨਤੀਜ਼ੇ ਆਉਣਗੇ ਅਤੇ 2027 ਵਿਚ ਭਾਜਪਾ ਪੰਜਾਬ ’ਚ ਸਰਕਾਰ ਬਣਾਏਗੀ।
ਇਸ ਮੌਕੇ ਸੇਖਾਵਤ ਨੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੇ ਬੇਟੇ ਐਡਵੋਕੇਟ ਅਰਵਿੰਦ ਮਿੱਤਲ ਨੂੰ ਮੁੜ ਪਾਰਟੀ ਵਿਚ ਸ਼ਾਮਲ ਕੀਤਾ। ਮਿੱਤਲ ਪਰਿਵਾਰ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਾ ਮਿਲਣ ਤੋਂ ਖਫ਼ਾ ਹੋ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਸੀ। ਇਸੇ ਤਰ੍ਹਾਂ ਪਾਰਟੀ ਦੇ ਪ੍ਰਵਾਸੀ ਸੈੱਲ ਦੇ ਚੇਅਰਮੈਨ ਅਨਿਲ ਕੁਮਾਰ ਨੇ ਵੀ ਘਰ ਵਾਪਸੀ ਕੀਤੀ। ਸ਼ੇਖਾਵਤ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਕੇਂਦਰੀ ਮੰਤਰੀ ਨੇ ਕਿਹਾ ਕਿ ਅਜੇ ਆਪ ਦਾ ਇਕ ਵਿਧਾਇਕ ਹੀ ਆਪ ਵਿਚ ਸ਼ਾਮਲ ਹੋਇਆ ਹੈ, ਕਿਉੰਂਕਿ ਆਪ ਵਿਧਾਇਕਾਂ ਵਿਚ ਨਿਰਾਸ਼ਾ ਦਾ ਆਲਮ ਹੈ ਤੇ ਉਹ ਪਾਰਟੀ ਛੱਡਣ ਬਾਰੇ ਸੋਚ ਰਹੇ ਹਨ।