ਜਲੰਧਰ 30 ਮਈ 2024 (ਪੰਜਾਬੀ ਖਬਰਨਾਮਾ) : ਪੰਜਾਬ ਦੀ ਸਿਆਸਤ ’ਤੇ ਧਾਰਮਿਕ ਡੇਰਿਆਂ ਦਾ ਬਹੁਤ ਵੱਡਾ ਪ੍ਰਭਾਵ ਹੈ। ਸੂਬੇ ਅੰਦਰ ਮੌਜੂਦਾ ਸਮੇਂ ਛੋਟੇ-ਵੱਡੇ 7000 ਦੇ ਕਰੀਬ ਧਾਰਮਿਕ ਡੇਰੇ ਹਨ। ਲੋਕ ਸਭਾ ਚੋਣਾਂ ਦਾ ਅਮਲ ਸ਼ੁਰੂ ਹੁੰਦਿਆ ਹੀ ਇਨ੍ਹਾਂ ਡੇਰਿਆਂ ’ਚ ਸਿਆਸੀ ਆਗੂਆਂ ਦਾ ਆਉਣਾ-ਜਾਣਾ ਵੱਧ ਗਿਆ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸੂਬੇ ਅੰਦਰ ਹਰ ਪ੍ਰਕਾਰ ਦੀਆਂ ਚੋਣਾਂ ਦੌਰਾਨ ਇਨ੍ਹਾਂ ਡੇਰਿਆਂ ਦਾ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ ’ਚ ਵੱਡਾ ਯੋਗਦਾਨ ਰਿਹਾ ਹੈ। ਡੇਰਿਆਂ ਦਾ ਰੁਝਾਨ ਵਧੇਰੇ ਕਰ ਕੇ ਪੰਜਾਬ ’ਚ ਅੱਤਵਾਦ ਦੇ ਕਾਲ਼ੇ ਦੌਰ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਇਨ੍ਹਾਂ ਡੇਰਿਆਂ ਦਾ ਵੱਖ-ਵੱਖ ਖਿੱਤਿਆਂ ਤੇ ਜ਼ਿਲ੍ਹਿਆਂ ਅੰਦਰ ਵੱਖੋ-ਵੱਖਰੀ ਤਰ੍ਹਾਂ ਦਾ ਪ੍ਰਭਾਵ ਹੈ।
ਸਿਆਸਤਦਾਨ ਚਾਹੇ ਉਹ ਸੱਤਾ ਵਿਚ ਹੋਣ ਜਾਂ ਨਾ, ਇਨ੍ਹਾਂ ਡੇਰਿਆਂ ’ਚ ਅਕਸਰ ਹੀ ਹਾਜ਼ਰੀ ਭਰਦੇ ਰਹਿੰਦੇ ਹਨ। ਇਸ ਤਰ੍ਹਾਂ ਸਿਆਸੀ ਆਗੂ ਉਕਤ ਡੇਰਿਆਂ ਦੇ ਸ਼ਰਧਾਲੂਆਂ ’ਚ ਇਹ ਸੰਦੇਸ਼ ਪਹੁੰਚਾਉਣ ਦਾ ਯਤਨ ਕਰਦੇ ਹਨ ਕਿ ਉਹ ਡੇਰੇ ਦੇ ਕਰੀਬੀ ਹਨ। ਬਹੁਤੇ ਡੇਰੇ ਚੋਣਾਂ ਦੌਰਾਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਲੀਡਰਾਂ ਦੀ ਮਦਦ ਕਰਨ ਬਾਰੇ ਆਪਣੇ ਸ਼ਰਧਾਲੂਆਂ ਨੂੰ ਕੋਈ ਆਦੇਸ਼ ਜਾਰੀ ਨਹੀਂ ਕਰਦੇ। ਹਾਲਾਂਕਿ ਮਾਲਵੇ ਖਿੱਤੇ ’ਚ ਵਧੇਰੇ ਪ੍ਰਭਾਵ ਰੱਖਣ ਵਾਲਾ ਡੇਰਾ ਸੱਚਾ ਸੌਦਾ ਸਿਆਸੀ ਲੀਡਰਾਂ ਦੀ ਚੋਣਾਂ ਦੌਰਾਨ ਮਦਦ ਕਰਨ ਜਾਂ ਨਾ ਕਰਨ ਬਾਰੇ ਸ਼ਰਧਾਲੂਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਰਿਹਾ ਹੈ।
ਇਨ੍ਹਾਂ ਡੇਰਿਆਂ ’ਚ ਸਭ ਤੋਂ ਪੁਰਾਣਾ ਤੇ ਵਿਸ਼ਾਲ ਘੇਰੇ ਵਾਲਾ ਧਾਰਮਿਕ ਡੇਰਾ ਰਾਧਾ ਸੁਆਮੀ ਹੈ, ਜਿਸ ਦੀ ਮਾਨਤਾ ਨਾ ਸਿਰਫ ਪੰਜਾਬ ਬਲਕਿ ਹੋਰਨਾਂ ਸੂਬਿਆਂ ਤੇ ਵਿਦੇਸ਼ਾਂ ਤੱਕ ਵੀ ਹੈ। ਇਸ ਡੇਰੇ ਨਾਲ ਹਰ ਪਾਰਟੀ ਦੇ ਆਗੂ ਸਿੱਧੇ ਤੌਰ ’ਤੇ ਵੀ ਜੁੜੇ ਹੋਏ ਹਨ ਜੋ ਕਿ ਡੇਰੇ ਦੇ ਪੱਕੇ ਸ਼ਰਧਾਲੂ ਹਨ। ਇੱਥੇ ਸੂਬਾਈ ਤੋਂ ਇਲਾਵਾ ਕੌਮੀ ਪੱਧਰ ਦੇ ਸਿਆਸਤਦਾਨ ਵੀ ਡੇਰਾ ਮੁਖੀ ਕੋਲ ਆ ਚੁੱਕੇ ਹਨ ਅਤੇ ਅਕਸਰ ਹੀ ਚੁੱਪ-ਚੁਪੀਤੇ ਡੇਰੇ ਪਹੁੰਚ ਜਾਂਦੇ ਹਨ। ਡੇਰਾ ਰਾਧਾ ਸੁਆਮੀ ਦੇ ਸਤਿਸੰਗ ਘਰ ਹਰ ਕਸਬੇ ਤੇ ਸ਼ਹਿਰ ਅੰਦਰ ਮੌਜੂਦ ਹਨ, ਜਿੱਥੇ ਵੱਡੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ।
ਇਸੇ ਤਰ੍ਹਾਂ ਦੋਆਬੇ ਖਿੱਤੇ ’ਚ ਸਥਿਤ ਡੇਰਾ ਸੰਤ ਬਾਬਾ ਸਰਵਣ ਦਾਸ ਮਹਾਰਾਜ ਸੱਚਖੰਡ ਬੱਲਾਂ ਰਵਿਦਸਾਈਆ ਭਾਈਚਾਰੇ ਦੇ ਲੋਕਾਂ ’ਤੇ ਵੱਡਾ ਪ੍ਰਭਾਵ ਰੱਖਦਾ ਹੈ। ਦੋਆਬੇ ਦੇ ਰਵਿਦਾਸੀਆ ਭਾਈਚਾਰੇ ਦੇ ਸਿਆਸਤਦਾਨ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਰੱਖਦੇ ਹੋਏ, ਇਸ ਡੇਰੇ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਹਨ। ਦੋਆਬੇ ਤੋਂ ਇਲਾਵਾ ਇਸ ਡੇਰੇ ਦੇ ਸ਼ਰਧਾਲੂ ਮਾਲਵੇ ’ਚ ਵੀ ਹਨ। ਇਹੀ ਕਾਰਨ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੇ ਵਿਧਾਇਕ ਇਸ ਡੇਰੇ ’ਤੇ ਰਾਤਾਂ ਵੀ ਗੁਜ਼ਾਰਦੇ ਹਨ। ਦੋਆਬੇ ’ਚ ਪੈਂਦੇ ਜਲੰਧਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇਂ ਹੋਣ ਕਰਕੇ ਇਸ ਡੇਰੇ ਦੀ ਚੋਣਾਂ ਦੌਰਾਨ ਅਹਿਮ ਭੂਮਿਕਾ ਰਹਿੰਦੀ ਹੈ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਡੇਰੇ ਨਾਲ ਨੇੜਤਾ ਜੱਗ ਜ਼ਾਹਰ ਹੈ ਅਤੇ ਉਹ ਅਕਸਰ ਹੀ ਇੱਥੇ ਆ ਕੇ ਰਾਤ ਵੀ ਰਹਿੰਦੇ ਹਨ। ਇਹੀ ਕਾਰਨ ਹੈ ਕਿ 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਦੋਆਬੇ ’ਚ ਕਾਂਗਰਸ ਨੇ ਬਾਕੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਸੀਟਾਂ ਜਿੱਤੀਆਂ ਸਨ।
ਨੂਰਮਹਿਲ ਸਥਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨਾਲ ਵੀ ਵੱਡੀ ਗਿਣਤੀ ਸ਼ਰਧਾਲੂ ਜੁੜੇ ਹੋਏ ਹਨ ਅਤੇ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਲੀਡਰ ਇਥੇ ਹੋਣ ਵਾਲੇ ਧਾਰਮਿਕ ਸਮਾਗਮਾਂ ’ਚ ਹਾਜ਼ਰੀ ਭਰਦੇ ਰਹੇ ਹਨ ਅਤੇ ਹੁਣ ਵੀ ਸਿਆਸਤਦਾਨਾਂ ਦੀ ਆਮਦ ਵਧ ਗਈ ਹੈ। ਪਿਛਲੇ ਢਾਈ ਦਹਾਕੇ ਪਹਿਲਾਂ ਹੀ ਹੋਂਦ ’ਚ ਆਇਆ ਇਹ ਡੇਰਾ ਵਿਵਾਦਾਂ ’ਚ ਘਿਰਿਆ ਰਿਹਾ ਹੈ। ਚਾਹੇ ਉਹ ਸਿੱਖਾਂ ਦੀਆਂ ਪੰਥਕ ਧਿਰਾਂ ਨਾਲ ਹੋਵੇ ਜਾਂ ਡੇਰੇ ਦੇ ਸੰਸਥਾਪਕ ਸਵਾਮੀ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਨੂੰ ਲੈ ਕੇ ਹੋਵੇ, ਇਹ ਕਾਫੀ ਚਰਚਾ ਵਿਚ ਰਿਹਾ ਹੈ।
ਇਸੇ ਤਰ੍ਹਾਂ ਮਾਲਵੇ ਖਿੱਤੇ ਦੀ ਸਿਆਸਤ ’ਚ ਡੇਰਾ ਸੱਚਾ ਸੌਦਾ ਸਿਰਸਾ ਸਭ ਤੋਂ ਵਧੇਰੇ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਮਾਲਵੇ ਦੇ ਚਾਰ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਮੁਕਤਸਰ ਅਤੇ ਫਾਜ਼ਿਲਕਾ ਵਿਚ ਡੇਰੇ ਦੇ ਪੈਰੋਕਾਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਜਦੋਂਕਿ ਬਾਕੀ ਜ਼ਿਲ੍ਹਿਆਂ ’ਚ ਡੇਰਾ ਪੇ੍ਰਮੀਆਂ ਦੀ ਗਿਣਤੀ ਕੁੱਝ ਘੱਟ ਹੈ। ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਡੇਰਾ ਸਿਰਸਾ ਦੀ ਹਮਾਇਤ ਲੈਣ ਲਈ ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਆਗੂ ਡੇਰਾ ਸਿਰਸਾ ਵਿਖੇ ਮੁਖੀ ਦੀ ਸ਼ਰਨ ਵਿਚ ਪਹੁੰਚਦੇ ਰਹੇ ਹਨ। ਡੇਰਾ ਸੱਚਾ ਸੌਦਾ ਸਿਰਸਾ ਪਹਿਲਾਂ ਵੱਖ-ਵੱਖ ਪਾਰਟੀਆਂ ਜਾਂ ਉਮੀਦਵਾਰਾਂ ਦੀ ਅੰਦਰ ਖਾਤੇ ਵੋਟਾਂ ਵਿਚ ਮਦਦ ਕਰਦਾ ਸੀ ਪਰ ਹੌਲੀ-ਹੌਲੀ ਵੱਖ-ਵੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਖੁੱਲ੍ਹੇਆਮ ਮਦਦ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡੇਰਾ ਸਿਰਸਾ ਨੇ ਆਪਣਾ ਇਕ ਰਾਜਨੀਤਿਕ ਵਿੰਗ ਵੀ ਬਣਾ ਲਿਆ ਸੀ। ਸਾਲ 2017 ਦੀਆਂ ਚੋਣਾਂ ਵਿਚ ਡੇਰੇ ਦੇ ਰਾਜਸੀ ਵਿੰਗ ਨੇ ਸ਼ਰੇਆਮ ਵੱਡਾ ਇਕੱਠ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ।
ਪੰਜਾਬ ਵਿਚਲੇ ਹੋਰ ਪ੍ਰਸਿੱਧ ਧਾਰਮਿਕ ਡੇਰੇ ਤੇ ਅਸਥਾਨ
ਇਸ ਤੋਂ ਇਲਾਵਾ ਪੰਜਾਬ ਅੰਦਰ ਸੰਤ ਨਿਰੰਕਾਰੀ ਮਿਸ਼ਨ, ਨਾਮਧਾਰੀ ਸੰਪਰਦਾ ਭੈਣੀ ਸਾਹਿਬ, ਡੇਰਾ ਸੰਤ ਪ੍ਰੀਤਮ ਦਾਸ ਜੀ ਜੌੜੇ ਬਾਬੇ ਜਲੰਧਰ, ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਅੰਮ੍ਰਿਤਸਰ, ਨਾਨਕਸਰ ਕਲੇਰਾਂ ਵਾਲੇ ਜਗਰਾਓਂ, ਡੇਰਾ ਲੋਪੋਂ ਮੋਗਾ, ਸਵਾਮੀ ਜਗਤ ਗਿਰੀ ਆਸ਼ਰਮ ਪਠਾਨਕੋਟ, ਡੇਰਾ ਬਾਲ ਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਨਕੋਦਰ, ਬਾਬਾ ਲਾਲ ਦਿਆਲ ਜੀ ਧਿਆਨਪੁਰ ਧਾਮ, ਡੇਰਾ ਸੰਤ ਪੇ੍ਰਮ ਸਿੰਘ ਜੀ ਮੁਰਾਰੇ ਵਾਲੇ, ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ, ਬਾਬਾ ਪਿਆਰਾ ਸਿੰਘ ਭਨਿਆਰਾਵਾਲਾ ਡੇਰਾ, ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ, ਸੰਤ ਦਯਾ ਸਿੰਘ ਸੁਰਸਿੰਘ ਵਾਲੇ, ਪਰਮੇਸ਼ਵਰ ਦਵਾਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ, ਡੇਰਾ ਬਾਬਾ ਰੂੰਮੀ ਕਲਾਂ ਭੁੱਚੋ ਮੰਡੀ, ਪਾਸਟਰ ਅੰਕੁਰ ਨਰੂਲਾ ਚਰਚ ਖਾਂਬਰਾ ਜਲੰਧਰ, ਦ ਓਪਨ ਡੋਰ ਚਰਚ ਖੋਜੇਵਾਲਾ ਆਦਿ ਡੇਰੇ ਵੀ ਵੱਖ-ਵੱਖ ਵਰਗ ਦੇ ਲੋਕਾਂ ’ਚ ਕਾਫੀ ਪ੍ਰਭਾਵ ਰੱਖਦੇ ਹਨ।