20 ਸਤੰਬਰ 2024 : ਭਾਰਤ ਵਿਵਿਧਤਾ ਨਾਲ ਭਰਿਆ ਦੇਸ਼ ਹੈ। ਜੇ ਤੁਸੀਂ ਕਦੇ ਭਾਰਤ ਦੇਸ਼ ਦੀ ਯਾਤਰਾ ਉੱਤੇ ਨਿਕਲੋ ਤਾਂ ਤੁਹਾਨੂੰ ਇੱਥੇ ਬਹੁਤ ਸਾਰੀ ਵਿਵਿਧਤਾ ਮਿਲੇਗੀ। ਤੁਹਾਨੂੰ ਹਰ ਥੋੜੀ ਦੂਰੀ ਉੱਤੇ ਲੋਕਾਂ ਦੀ ਬੋਲੀ, ਲੋਕਾਂ ਦਾ ਖਾਣਾ ਤੇ ਇੱਥੋਂ ਤੱਕ ਕਿ ਲੋਕਾਂ ਦੇ ਪਹਿਰਾਵੇ ਵਿੱਚ ਵੀ ਅੰਤਰ ਸਾਫ ਦਿੱਖ ਜਾਵੇਗਾ।
ਇੱਥੇ ਤੁਹਾਨੂੰ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦੇ ਨਾਲ ਨਾਲ ਵੱਖ-ਵੱਖ ਰੀਤੀ-ਰਿਵਾਜ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਭਾਰਤੀ ਸੰਸਕ੍ਰਿਤੀ ਨੂੰ ਇੰਨਾ ਅਮੀਰ ਕਿਹਾ ਜਾਂਦਾ ਹੈ। ਇੱਥੇ, ਹਰ ਦੂਰੀ ‘ਤੇ ਲੋਕਾਂ ਦੀਆਂ ਪਰੰਪਰਾਵਾਂ ਅਤੇ ਵਿਸ਼ਵਾਸ ਬਦਲਦੇ ਦੇਖੇ ਜਾ ਸਕਦੇ ਹਨ। ਭਾਰਤ ਵਿੱਚ ਵਿਆਹ ਦੇ ਬੰਧਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਇੱਕ ਵਾਰ ਵਿਆਹ ਹੋ ਜਾਵੇ ਤਾਂ ਇਹ ਸੱਤ ਜਨਮਾਂ ਦਾ ਰਿਸ਼ਤਾ ਬਣ ਜਾਂਦਾ ਹੈ। ਭਾਵ ਉਹ ਅਗਲੇ ਸੱਤ ਜਨਮਾਂ ਤੱਕ ਪਤੀ-ਪਤਨੀ ਬਣੇ ਰਹਿਣਗੇ।
ਭਾਰਤ ਵਿੱਚ ਹਿੰਦੂ ਧਰਮ ਵਿੱਚ ਸਿਰਫ਼ ਇੱਕ ਵਿਆਹ ਦੀ ਇਜਾਜ਼ਤ ਹੈ। ਇੱਥੇ ਬਹੁ-ਵਿਆਹ ਭਾਵ ਇੱਕ ਤੋਂ ਵੱਧ ਵਿਆਹ ਕਰਨਾ ਅਪਰਾਧ ਮੰਨਿਆ ਜਾਂਦਾ ਹੈ । ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਹਰ ਆਦਮੀ ਨੇ ਦੋ ਵਾਰ ਵਿਆਹ ਕੀਤਾ ਹੈ।
ਜੀ ਹਾਂ, ਇਹ ਸੱਚ ਹੈ, ਤੁਹਾਨੂੰ ਸੁਣ ਕੇ ਥੋੜੀ ਹੈਰਾਨੀ ਹੋਵੇਗੀ ਪਰ ਇਹ ਰਿਵਾਜ਼ ਹੈ ਜੋ ਸਾਡੇ ਦੇਸ਼ ਦੇ ਇੱਕ ਪਿੰਡ ਵਿੱਚ ਅੱਜ ਵੀ ਮੰਨਿਆ ਜਾਂਦਾ ਹੈ। ਇਹ ਪਿੰਡ ਰਾਜਸਥਾਨ ਦੇ ਜੈਸਲਮੇਰ ਵਿੱਚ ਸਥਿਤ ਹੈ। ਇਸ ਪਿੰਡ ਦਾ ਨਾਂ ਹੈ “ਰਾਮਦੇਯੋ ਕੀ ਬਸਤੀ” ਹੈ। “ਰਾਮਦੇਯੋ ਕੀ ਬਸਤੀ” ਪਿੰਡ ਵਿੱਚ ਤੁਸੀਂ ਜਿੰਨੇ ਵੀ ਬਜ਼ੁਰਗਾਂ ਨੂੰ ਮਿਲੋਗੇ, ਉਹ ਸਾਰੇ ਦੋ ਵਾਰ ਵਿਆਹ ਕਰਵਾ ਚੁੱਕੇ ਹਨ। ਇਸ ਦੇ ਪਿੱਛੇ ਇਕ ਖਾਸ ਕਾਰਨ ਹੈ। ਆਓ ਜਾਣਦੇ ਹਾਂ ਇਸ ਬਾਰੇ:
“ਰਾਮਦੇਯੋ ਕੀ ਬਸਤੀ” ਪਿੰਡ ਦੇ ਹਰ ਆਦਮੀ ਨੇ ਦੋ ਵਾਰ ਵਿਆਹ ਕੀਤਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਸੌਂਕਣਾਂ ਆਮ ਤੌਰ ‘ਤੇ ਇਕ-ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੀਆਂ ਹਨ, ਇਸ ਪਿੰਡ ਵਿਚ ਇਸ ਦੇ ਬਿਲਕੁਲ ਉਲਟ ਹੁੰਦਾ ਹੈ। ਇੱਥੇ ਦੋਵੇਂ ਪਤਨੀਆਂ ਸੌਂਕਣਾਂ ਵਾਂਗ ਨਹੀਂ ਬਲਕਿ ਭੈਣਾਂ ਵਾਂਗ ਰਹਿੰਦੀਆਂ ਹਨ।
ਉਹ ਆਪਣੇ ਪਤੀਆਂ ਨੂੰ ਇੱਕ ਛੱਤ ਹੇਠ ਸਾਂਝੇ ਤੌਰ ਉੱਤੇ ਰੱਖਦੀਆਂ ਹਨ ਤੇ ਆਪਣਾ ਜੀਵਨ ਬਤੀਤ ਕਰਦੀਆਂ ਹਨ। “ਰਾਮਦੇਯੋ ਕੀ ਬਸਤੀ” ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਹਰੇ ਵਿਆਹ ਕਾਰਨ ਇੱਥੇ ਕਦੇ ਵੀ ਔਰਤਾਂ ਦਰਮਿਆਨ ਲੜਾਈ ਝਗੜੇ ਨਹੀਂ ਹੁੰਦੇ। ਉਹ ਬਹੁਤ ਪਿਆਰ ਨਾਲ ਭੈਣਾਂ ਵਾਂਗ ਰਹਿੰਦੀਆਂ ਹਨ ਅਤੇ ਆਪਸੀ ਸਹਿਮਤੀ ਨਾਲ ਆਪਣੇ ਪਤੀਆਂ ਨੂੰ ਵੰਡਦੀਆਂ ਹਨ।
“ਰਾਮਦੇਯੋ ਕੀ ਬਸਤੀ” ਪਿੰਡ ਵਿੱਚ ਕਿਉਂ ਮੰਨਿਆ ਜਾਂਦਾ ਹੈ ਇਹ ਰਿਵਾਜ: ਪਿੰਡ ਵਾਸੀਆਂ ਅਨੁਸਾਰ ਇੱਥੇ ਜਦੋਂ ਵੀ ਕੋਈ ਵਿਅਕਤੀ ਪਹਿਲੀ ਵਾਰ ਵਿਆਹ ਕਰਦਾ ਹੈ ਤਾਂ ਜਾਂ ਤਾਂ ਉਸ ਦੀ ਪਤਨੀ ਗਰਭਵਤੀ ਨਹੀਂ ਹੁੰਦੀ ਜਾਂ ਉਸ ਦੀ ਕੋਈ ਧੀ ਹੁੰਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਆਪਣੇ ਬੇਟੇ ਲਈ ਦੁਬਾਰਾ ਵਿਆਹ ਕਰਨਾ ਪੈਂਦਾ ਹੈ। ਜਿਵੇਂ ਹੀ ਕੋਈ ਆਦਮੀ ਦੂਜੀ ਵਾਰ ਵਿਆਹ ਕਰਦਾ ਹੈ, ਉਸ ਦੇ ਇੱਕ ਪੁੱਤਰ ਹੁੰਦਾ ਹੈ।
ਇਸ ਵਿਸ਼ਵਾਸ ਦੇ ਕਾਰਨ ਇੱਥੇ ਦੇ ਪੁਰਸ਼ ਦੋ ਵਾਰ ਵਿਆਹ ਕਰਦੇ ਹਨ। ਹਾਲਾਂਕਿ ਹੁਣ ਨੌਜਵਾਨ ਪੀੜ੍ਹੀ ਇਸ ਗੱਲ ਨਾਲ ਸਹਿਮਤ ਨਹੀਂ ਹੈ। ਅਜੋਕੀ ਪੀੜ੍ਹੀ ਨੇ ਦੋ ਵਿਆਹਾਂ ਦੇ ਇਸ ਰਿਵਾਜ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਪਹਿਲੇ ਸਮਿਆਂ ਦੇ ਸਾਰੇ ਲੋਕ ਦੋਹਰੇ ਵਿਆਹ ਦੀ ਪਰੰਪਰਾ ਦੀ ਪਾਲਣਾ ਕਰਦੇ ਸਨ। ਇਸ ਪਿੰਡ ਵਿੱਚ ਜਦੋਂ ਵੀ ਕੋਈ ਮਰਦ ਦੂਜਾ ਵਿਆਹ ਕਰਦਾ ਹੈ ਤਾਂ ਉਸ ਦੀ ਪਹਿਲੀ ਪਤਨੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰਦੀ ਹੈ।
ਆਪਣੇ ਹੱਥਾਂ ਨਾਲ ਉਹ ਆਪਣੀ ਸੌਂਕਣ ਨੂੰ ਘਰ ਦੇ ਅੰਦਰ ਲੈ ਆਉਂਦੀ ਹੈ। ਇੰਨਾ ਹੀ ਨਹੀਂ ਵਿਆਹ ਦੀ ਰਾਤ ਦੀਆਂ ਤਿਆਰੀਆਂ ਵੀ ਪਹਿਲੀ ਪਤਨੀ ਵੱਲੋਂ ਹੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦੋਵੇਂ ਸੌਂਕਣਾ ਸਾਰੀ ਉਮਰ ਭੈਣਾਂ ਵਾਂਗ ਰਹਿੰਦੀਆਂ ਹਨ। ਹਾਲਾਂਕਿ ਹੁਣ ਇਸ ਪਿੰਡ ਦੇ ਨੌਜਵਾਨਾਂ ਨੇ ਇਸ ਰਿਵਾਜ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਕਹਿੰਦੇ ਹਨ ਕਿ ਮਰਦਾਂ ਨੇ ਆਪਣੇ ਫਾਇਦੇ ਲਈ ਇਹ ਰਿਵਾਜ ਸ਼ੁਰੂ ਕੀਤਾ ਸੀ, ਜਿਸ ਨੂੰ ਗਰੀਬ ਔਰਤਾਂ ਨੇ ਆਪਣੀ ਕਿਸਮਤ ਮੰਨ ਲਿਆ। ਪਰ ਉਹ ਇਸ ਨੂੰ ਨਹੀਂ ਮੰਨਣਾ ਚਾਹੁੰਦੇ।