ਨਵੀਂ ਦਿੱਲੀ, 13 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਖਾਂਦੇ-ਪੀਂਦੇ ਭਾਰਤ ਦੇ ਕਈ ਇਲਾਕਿਆਂ ਨੇ ਆਪਣੇ ਸਵਾਦ ਲਈ ਦੁਨੀਆ ਦੇ ਸਿਖਰਲੇ ਸੌ ਖੇਤਰਾਂ ’ਚ ਆਪਣੀ ਥਾਂ ਬਣਾਈ ਹੈ। ਭੋਜਨ ਤੇ ਯਾਤਰਾ ਨਾਲ ਸਬੰਧਤ ਪ੍ਰਸਿੱਧ ਗਾਈਡ, ਟੇਸਟ ਐਟਲਸ ਨੇ ਪਿਛਲੇ ਦਿਨੀਂ ਯਿਅਰ ਐਂਡ ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਲਈ ਮਾਣ ਦੀ ਗੱਲ ਹੈ ਕਿ ਟੇਸਟ ਐਟਲਸ ਐਵਾਰਡਜ਼ 2024-25 ਦੇ ਹਿੱਸੇ ਦੇ ਰੂਪ ’ਚ, ‘ਦੁਨੀਆ ਦੇ 100 ਸਰਬੋਤਮ ਫੂਡ ਸੈਕਟਰਾਂ’ ’ਚ ਪੰਜਾਬ ਨੇ ਨਾ ਸਿਰਫ਼ ਥਾਂ ਬਣਾਈ, ਬਲਕਿ ਚੋਟੀ ਦੇ 10 ’ਚ ਵੀ ਸਥਾਨ ਹਾਸਲ ਕੀਤਾ ਹੈ।
ਪਹਿਲੇ ਤਿੰਨ ਸਥਾਨਾਂ ’ਤੇ ਕੈਂਪੇਨੀਆ (ਇਟਲੀ) ਦਾ ਕਬਜ਼ਾ ਰਿਹਾ। ਇਸ ਤੋਂ ਬਾਅਦ ਪੇਲੋਪੋਨਿਸ (ਗ੍ਰੀਸ), ਏਮੀਲੀਆ-ਰੋਮਾਗਨਾ (ਇਟਲੀ), ਸਿਚੁਆਨ (ਚੀਨ) ਤੇ ਸਾਈਕਲੇਡੇਸ (ਗ੍ਰੀਸ) ਦਾ ਨੰਬਰ ਰਿਹਾ। ਪੰਜਾਬ ਸੱਤਵੇਂ ਸਥਾਨ ’ਤੇ ਰਿਹਾ। ਟੇਸਟ ਐਟਲਸ ਨੇ ਪੰਜਾਬ ਦੇ ਜਿਨ੍ਹਾਂ ਪਕਵਾਨਾਂ ਦਾ ਸਵਾਦ ਜ਼ਰੂਰ ਲੈਣ ਦੀ ਸਿਫ਼ਾਰਿਸ਼ ਕੀਤੀ ਹੈ ਉਨ੍ਹਾਂ ’ਚ ਅੰਮ੍ਰਿਤਸਰੀ ਕੁਲਚਾ, ਟਿੱਕਾ, ਸ਼ਾਹੀ ਪਨੀਰ, ਤੰਦੂਰੀ ਮੁਰਗਾ, ਸਾਗ ਤੇ ਪਨੀਰ ਹਨ।
ਸੂਚੀ ’ਚ ਮਹਾਰਾਸ਼ਟਰ 41ਵੇਂ ਸਥਾਨ ’ਤੇ ਰਿਹਾ। ਮਹਾਰਾਸ਼ਟਰ ਦੇ ਪਸੰਦੀਦਾ ਪਕਵਾਨ, ਜਿਵੇਂ ਮਿਸਲ ਪਾਵ, ਆਮਰਸ, ਸ਼੍ਰੀਖੰਡ ਤੇ ਪਾਵ ਭਾਜੀ ਸ਼ਾਮਲ ਹਨ। ਬੰਗਾਲ ਨੂੰ 54ਵਾਂ ਸਥਾਨ ਮਿਲਿਆ ਤੇ ਚਿੰਗਰੀ ਮਲਾਈ ਕਰੀ, ਸ਼ੋਰਸ਼ੇ ਇਲਿਸ਼, ਰਸ ਮਲਾਈ ਤੇ ਕਾਠੀ ਰੋਲ ਵਰਗੇ ਹਰਮਨਪਿਆਰੇ ਪਕਵਾਨਾਂ ਦਾ ਜ਼ਿਕਰ ਕੀਤਾ ਗਿਆ। 59ਵੇਂ ਸਥਾਨ ’ਤੇ ‘ਦੱਖਣੀ ਭਾਰਤ’ (ਸਿੰਗਲ ਐਂਟਰੀ ਦੇ ਰੂਪ ’ਚ) ਰਿਹਾ। ਇਸ ਵੱਡੇ ਫੂਡ ਸੈਕਟਰ ਦੀ ਵਿਭਿੰਨਤਾ ਨੂੰ ਦਰਸਾਉਣ ਲਈ ਇਸ ’ਚ ਮਸਾਲਾ ਡੋਸਾ, ਮਦਰਾਸ ਕਰੀ, ਹੈਦਰਾਬਾਦੀ ਬਿਰਿਆਨੀ ਨੂੰ ਸ਼ਾਮਲ ਕੀਤਾ ਗਿਆ ਹੈ।
ਬਿਹਤਰੀਨ 50 ਪਕਵਾਨਾਂ ਦੀ ਸੂਚੀ ’ਚ ਦੋ ਭਾਰਤੀ
ਭਾਰਤੀਆਂ ਦੇ ਲਜ਼ੀਜ਼ ਪਕਵਾਨ ਪੂਰੀ ਦੁਨੀਆ ਨੂੰ ਪਸੰਦ ਆ ਰਹੇ ਹਨ। ਟੇਸਟ ਐਟਲਸ ਨੇ ‘ਦੁਨੀਆ ਦੇ 100 ਬਿਹਤਰੀਨ ਪਕਵਾਨਾਂ’ ਦੀ ਸੂਚੀ ਵੀ ਸਾਂਝੀ ਕੀਤੀ ਹੈ। ਇਸ ਸੂਚੀ ’ਚ ਚਾਰ ਭਾਰਤੀ ਪਕਵਾਨਾਂ ਨੇ ਥਾਂ ਬਣਾਈ ਹੈ। ਇਨ੍ਹਾਂ ’ਚ ਦੋ ਟਾਪ-50 ’ਚ ਸ਼ਾਮਲ ਹਨ। ਕੋਲੰਬਿਆਈ ਪਕਵਾਨ ਲੇਚੋਨਾ ਜਿਸ ’ਚ ਪਿਆਜ਼, ਮਟਰ, ਚਾਵਲ ਤੇ ਮਸਾਲਿਆਂ ਨਾਲ ਭਰਿਆ ਹੋਇਆ ਭੁੰਨਿਆ ਹੋਇਆ ਪੋਰਕ ਹੁੰਦਾ ਹੈ, ਨੇ ਪਹਿਲਾ ਰੈਂਕ ਹਾਸਲ ਕੀਤਾ ਹੈ। ਇਟਲੀ ਦੇ ਪਿਜ਼ਾ ਨੇਪੋਲੇਟਾਨਾ (ਪਿਜ਼ਾ) ਨੂੰ ਦੂਜਾ ਤੇ ਬ੍ਰਾਜ਼ੀਲ ਦੇ ਪਿਕਾਨਹਾ (ਬੀਫ) ਨੂੰ ਤੀਜਾ ਸਥਾਨ ਮਿਲਿਆ ਹੈ।
ਭਾਰਤ ਦੇ ਮੁਰਗ ਮਖਨੀ ਜਾਂ ਬਟਰ ਚਿਕਨ ਦੀ ਦੁਨੀਆ ਮੁਰੀਦ ਹੈ। ਭੁੰਨੇ ਹੋਏ ਮਾਸ, ਮਸਾਲਿਆਂ, ਕ੍ਰੀਮ, ਟਮਾਟਰ ਤੇ ਮੱਖਣ ਨਾਲ ਬਣਨ ਵਾਲਾ ਬਟਰ ਚਿਕਨ ਟੇਸਟ ਐਟਲਸ ਦੇ ਦੁਨੀਆ ਦੇ 100 ਸਰਬੋਤਮ ਪਕਵਾਨਾਂ ’ਚੋਂ 29ਵੇਂ ਸਥਾਨ ’ਤੇ ਹੈ। ਬਾਸਮਤੀ ਚਾਵਲ, ਮਟਨ ਜਾਂ ਚਿਕਨ, ਨੀਂਬੂ, ਦਹੀ, ਪਿਆਜ਼ ਤੇ ਕੇਸਰ ਨਾਲ ਬਣਨ ਵਾਲਾ ਭਾਰਤੀ ਪਕਵਾਨ ਹੈਦਰਾਬਾਦੀ ਬਿਰਿਆਨੀ 31ਵੇਂ ਸਥਾਨ ’ਤੇ ਹੈ। ਚਿਕਨ ਨੂੰ 65ਵਾਂ ਸਥਾਨ ਮਿਲਿਆ ਹੈ। ਸੂਚੀ ’ਚ ਥਾਂ ਬਣਾਉਣ ਵਾਲਾ ਇਕ ਹੋਰ ਭਾਰਤੀ ਪਕਵਾਨ ਕੀਮਾ ਹੈ, ਜੋ 100ਵੇਂ ਸਥਾਨ ’ਤੇ ਹੈ। ਕੀਮਾ ਨੂੰ ਮਾਸ, ਹਰੇ ਮਟਰ, ਆਲੂ, ਅਦਰਕ, ਮਿਰਚ, ਪਿਆਜ਼, ਘਿਓ, ਲਸਣ ਤੇ ਗਰਮ ਮਸਾਲੇ ਨਾਲ ਬਣਾਇਆ ਜਾਂਦਾ ਹੈ।
ਸੰਖੇਪ
ਪੰਜਾਬ ਦੇ ਖਾਣੇ ਨੂੰ ਦੁਨੀਆ ਭਰ ਵਿੱਚ ਸੱਤਵਾਂ ਸਥਾਨ ਮਿਲਿਆ ਹੈ। ਬੰਗਾਲ ਨੂੰ 54ਵਾਂ ਅਤੇ ਦੱਖਣੀ ਭਾਰਤ ਨੂੰ 59ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਹ ਪੰਜਾਬ ਦੇ ਵਿਸ਼ੇਸ਼ ਸਵਾਦ ਦੀ ਅੰਤਰਰਾਸ਼ਟਰੀ ਮਾਨਤਾ ਹੈ।