13 ਜੂਨ (ਪੰਜਾਬੀ ਖਬਰਨਾਮਾ):ਇਟਲੀ ’ਚ ਖ਼ਾਲਿਸਤਾਨੀ ਸਮਰਥਕਾਂ ਨੇ ਉਥੇ ਮਹਾਤਮਾ ਗਾਂਧੀ ਦੀ ਮੂੁਰਤੀ ਤੋੜ ਦਿੱਤੀ। ਉਨ੍ਹਾਂ ਨੇ ਗਾਂਧੀ ਦੀ ਮੂਰਤੀ ਦੇ ਹੇਠਾਂ ਹਰਦੀਪ ਸਿੰਘ ਨਿੱਝਰ ਦਾ ਨਾਂ ਵੀ ਲਿਖ ਦਿੱਤਾ। ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੂਰਤੀ ’ਤੇ ਲਿਖੇ ਨਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਉਸ ਦੀ ਸਫ਼ਾਈ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੀ ਵੀ ਟਿੱਪਣੀ ਆਈ ਹੈ। ਵਿਦੇਸ਼ ਸਕੱਤਰ ਵਿਨੇ ਮੋਹਨ ਕਵਾਤਰਾ ਨੇ ਕਿਹਾ ਹੈ ਕਿ ਇਸ ਮਾਮਲੇ ਸਬੰਧੀ ਇਟਲੀ ਸਰਕਾਰ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ। ਵਾਜਬ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ਪੀਐੱਮ ਮੋਦੀ ਦੇ ਸ਼ੁੱਕਰਵਾਰ ਨੂੰ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਇਟਲੀ ਪੁੱਜਣ ਤੋਂ ਠੀਕ ਪਹਿਲਾਂ ਹੋਈ ਹੈ। ਵਿਦੇਸ਼ ਸਕੱਤਰ ਵਿਨੇ ਕਵਾਤਰਾ ਨੇ ਇਹ ਵੀ ਕਿਹਾ ਹੈ ਕਿ ਜੀ-7 ਸਿਖਰ ਸੰਮੇਲਨ ਵਿਚ ਪੀਐੱਮ ਮੋਦੀ ਦੀ ਹਿੱਸੇਦਾਰੀ ਨਾਲ ਪਿਛਲੇ ਸਾਲ ਭਾਰਤ ਦੀ ਪ੍ਰਧਾਨਗੀ ਵਿਚ ਕਰਵਾਏ ਜੀ-20 ਸਿਖਰ ਸੰਮੇਲਨ ਦੇ ਨਤੀਜਿਆਂ ਦੀ ਪੈਰਵੀ ਕਰਨ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਤੇ 14 ਜੂਨ ਨੂੰ ਹੋਣ ਵਾਲੇ 50ਵੇਂ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਵੀਰਵਾਰ ਨੂੰ ਇਟਲੀ ਲਈ ਰਵਾਨਾ ਹੋਣ ਵਾਲੇ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨੇ 14 ਜੂਨ ਨੂੰ ਪੁਗਲੀਆ ਵਿਚ ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਵਿਦੇਸ਼ੀ ਜ਼ਮੀਨ ’ਤੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪਿਛਲੇ ਸਾਲ, ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਮਾਰਚ ਵਿਚ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਵਿਚ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਦੇ ਬਰਨਾਬੀ ਕੈਂਪਸ ਵਿਚ ਮਹਾਤਮਾ ਗਾਂਧੀ ਦੀ ਇਕ ਮੂਰਤੀ ਨੂੰ ਤੋੜ ਦਿੱਤਾ ਗਿਆ ਸੀ। ਕੈਨੇਡਾ ਵਿਚ ਇਹ ਅਜਿਹੀ ਦੂਜੀ ਘਟਨਾ ਸੀ। ਪਹਿਲੀ ਘਟਨਾ ਓਂਟਾਰੀਓ ਸੂਬੇ ਦੇ ਹੈਮਿਲਟਨ ਸ਼ਹਿਰ ਵਿਚ ਸਿਟੀ ਹਾਲ ਕੋਲ ਦਰਜ ਕੀਤੀ ਗਈ ਸੀ। ਜੁਲਾਈ 2022 ਵਿਚ ਕੈਨੇਡਾ ਵਿਚ ਯੋਂਗ ਸਟ੍ਰੀਟ ਤੇ ਗਾਰਡਨ ਐਵੇਨਿਊ ਦੇ ਖੇਤਰ ਵਿਚ ਵਿਸ਼ਣੂ ਮੰਦਰ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜਨ ਦੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਜਨਵਰੀ 2021 ਵਿਚ ਅਮਰੀਕਾ ਦੇ ਕੈਲੇਫੋਰਨੀਆ ਦੇ ਡੇਵਿਸ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜ ਦਿੱਤਾ ਗਿਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।