ਨਵੀਂ ਦਿੱਲੀ/11 ਅਪ੍ਰੈਲ( ਪੰਜਾਬੀ ਖਬਰਨਾਮਾ) : ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਜਨਤਾ ਦੇ ਆਸ਼ੀਰਵਾਦ ਨਾਲ ਸਾਡੀ ਸਰਕਾਰ ਸੱਤਾ ’ਚ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਕਈ ਨੇਤਾ ਜੇਲ੍ਹ ਵਿੱਚ ਹੋਣਗੇ। ਇਸ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ 2029 ਤੱਕ ਸਭ ਕੁਝ ਤੈਅ ਹੈ। ਇਸ ਤੋਂ ਬਾਅਦ ਜੋ ਹੋਵੇਗਾ ਸੋਚਾਂਗੇ।
ਮੀਸਾ ਭਾਰਤੀ ਆਰਜੇਡੀ ਦੀ ਟਿਕਟ ’ਤੇ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ। ਉਹ ਪ੍ਰਧਾਨ ਮੰਤਰੀ ਦੇ ਜੇਲ੍ਹ ਜਾਣ ਨੂੰ ਲੈ ਕੇ ਦੋ ਵਾਰ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਇਹ ਬਿਆਨ ਪਹਿਲੀ ਵਾਰ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਚੋਣ ਰੈਲੀ ਦੌਰਾਨ ਦੂਜੀ ਵਾਰ ਇਹ ਗੱਲ ਕਹੀ।
ਉਧਰ ਮੀਸਾ ਭਾਰਤੀ ਦੇ ਇਸ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਪੁਰੀ ਨੇ ਕਿਹਾ, ਉਹ (ਮੀਸਾ ਭਾਰਤੀ) ਕਹਿ ਰਹੀ ਹੈ ਕਿ ਜੇਕਰ ਅਸੀਂ (ਇੰਡੀਆ ਗੱਠਜੋੜ) ਸੱਤਾ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਸੋਚਦੇ ਹੋ? 2029 ਤੱਕ ਸਭ ਕੁਝ ਤੈਅ ਹੈ? ਇਸ ਤੋਂ ਬਾਅਦ ਜੋ ਹੋਵੇਗਾ ਦੇਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਰਾਸ਼ਟਰੀ ਜਨਤਾ ਦਲ ’ਤੇ ਚਾਰਾ ਘੁਟਾਲੇ ਦਾ ਕੇਸ ਦਰਜ ਕੀਤਾ ਗਿਆ ਸੀ।
