ਨਵੀਂ ਦਿੱਲੀ, 17 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : ਸੰਸਦ ਦੇ ਸਰਦਰੁੱਤ ਸੈਸ਼ਨ ਵਿਚ ਕਾਂਗਰਸ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰਨ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੇ ਹੁਣ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਚਿੱਠੀਆਂ ਨੂੰ ਲੁਕੋਣ ਦਾ ਇਲਜ਼ਾਮ ਲਗਇਆ ਹੈ। ਭਾਜਪਾ ਸੰਸਦ ਮੈਂਬਰ ਤੇ ਕੌਮੀ ਬੁਲਾਰੇ ਡਾ. ਸੰਬਿਤ ਪਾਤਰਾ ਨੇ ਪ੍ਰਧਾਨ ਮੰਤਰੀ ਆਜਾਇਬ ਘਰ ਤੇ ਕਿਤਾਬਘਰ ਵਿਚ ਰੱਖੀਆਂ ਨਹਿਰੂ ਦੇ ਨਾਲ ਮਾਊਂਟਬੇਟਨ, ਬਾਬੂ ਜਗਜੀਵਨ ਰਾਮ ਤੇ ਜੈਪ੍ਰਕਾਸ਼ ਨਾਰਾਇਣ ਦੇ ਵਿਚਾਲੇ ਸੰਵਾਦ ਦੀਆਂ ਅਹਿਮ ਚਿੱਠੀਆਂ ਨੂੰ ਸੋਨੀਆ ਗਾਂਧੀ ਦੇ ਘਰ ਭੇਜੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਸਵਾਲ ਚੁੱਕਿਆ ਹੈ ਕਿ ਇਨ੍ਹਾਂ ਪੱਤਰਾਂ ਵਿਚ ਅਜਿਹਾ ਕੀ ਹੈ, ਜਿਸ ਨੂੰ ਕਾਂਗਰਸ ਲੁਕੋਣਾ ਚਾਹੁੰਦੀ ਹੈ। ਦੇਸ਼ ਨੂੰ ਇਹ ਜਾਨਣ ਦਾ ਅਧਿਕਾਰ ਹੈ।
ਸੋਮਵਾਰ ਨੂੰ ਭਾਜਪਾ ਮੁੱਖ ਦਫਤਰ ਵਿਚ ਡਾ. ਪਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਜਾਇਬ ਘਰ ਤੇ ਕਿਤਾਬਘਰ (ਹੁਣ ਪ੍ਰਧਾਨਮੰਤਰੀ ਅਜਾਇਬ ਘਰ) ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਜੁੜੀਆਂ ਇਤਿਹਾਸਕ ਸਮੱਗਰੀਆਂ ਰੱਖੀਆਂ ਗਈਆਂ ਸਨ। ਪ੍ਰਧਾਨ ਮੰਤਰੀ ਦਾ ਪ੍ਰਬੰਧਨ ਪ੍ਰਧਾਨ ਮੰਤਰੀ ਸਮਾਰਕ ਟਰੱਸਟ ਦੇ 29 ਮੈਂਬਰਾਂ ਦੀ ਟੀਮ ਦੇ ਤਹਿਤ ਹਨ। ਫਰਵਰੀ 2024 ਵਿਚ ਟਰੱਸਟ ਦੀ ਇਕ ਬੈਠਕ ਹੋਈ ਸੀ, ਜਿਸ ਵਿਚ ਇਕ ਮਹੱਤਵਪੂਰਨ ਤੱਥ ਸਾਹਮਣੇ ਆਇਆ ਕਿ ਪੰਡਿਤ ਨਹਿਰੂ ਵੱਲੋਂ ਵੱਖ ਵੱਖ ਵਿਅਕਤੀਆਂ ਤੇ ਹਸਤੀਆਂ ਨੂੰ ਲਿਖੇ ਪੱਤਰ 1971 ਵਿਚ ਪ੍ਰਧਾਨ ਮੰਤਰੀ ਆਜਾਇਬ ਘਰ ਨੂੰ ਦਿੱਤੇ ਗਏ ਸੀ, ਪਰ ਸਾਲ 2008 ਵਿਚ ਉਸ ਵੇਲੇ ਦੇ ਪ੍ਰਧਾਨ ਸੋਨੀਆ ਗਾਂਧੀ ਦੇ ਨਿਰਦੇਸ਼ ’ਤੇ ਐੱਮਵੀ ਰਾਜਨ ਨਾਂ ਦੇ ਪ੍ਰਤੀਨਿਧੀ ਨੇ ਇਨ੍ਹਾਂ ਪੱਤਰਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਚੁਣਿਆ ਸੀ।
ਇਸ ਤੋਂ ਬਾਅਦ ਪੰਜ ਮਈ 2008 ਨੂੰ ਆਜਾਇਬ ਘਰ ਦੇ ਉਸ ਵੇਲੇ ਦੇ ਨਿਰਦੇਸ਼ਕ ਤੋਂ ਮਨਜ਼ੂਰੀ ਲੈ ਕੇ ਨਹਿਰੂ ਦੇ ਪੱਤਰਾਂ ਨੂੰ 51 ਡਿੱਬਿਆਂ ਵਿਚ ਰੱਖ ਕੇ ਸੋਨੀਆ ਗਾਂਧੀ ਦੇ ਘਰ ਲੈ ਕੇ ਗਏ। ਭਾਜਪਾ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਪੱਤਰਾਂ ਵਿਚ ਕਈ ਇਤਿਹਾਸਕ ਤੇ ਅਹਿਮ ਸੰਵਾਦ ਸ਼ਾਮਲ ਹਨ, ਜਿਵੇਂ ਐਡਵਿਨਾ ਮਾਊਂਟਬੈਟਨ, ਲੋਕਨਾਇਕ ਜੈਪ੍ਰਕਾਸ਼ ਨਾਰਾਇਣ, ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਤੇ ਬਾਬੂ ਜਗਜੀਵਨ ਰਾਮ ਨਾਲ ਸਬੰਧਤ ਅਹਿਮ ਪੱਤਰ ਹਨ। ਇਹ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ, ਕਿਉਂਕਿ 1971 ਵਿਚ ਇਨ੍ਹਾਂ ਨੂੰ ਦਾਨ ਕੀਤਾ ਗਿਆ ਸੀ ਤੇ ਕੌਮੀ ਵਿਰਾਸਤ ਵਿਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਜਾਇਬ ਘਰ ਤੇ ਕਿਤਾਬ ਘਰ ਦੇ ਮੈਂਬਰ ਅਹਿਮਾਦਾਬਾਦ ਦੇ ਇਕ ਇਤਿਹਾਸਕਾਰ ਡਾ. ਰਿਜਵਾਨ ਕਾਦਰੀ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਹੈ ਕਿ ਜਵਾਹਰ ਲਾਲ ਨਹਿਰੂ ਦੀਆਂ 51 ਡਿੱਬਿਆਂ ਲਿਜਾਈਆਂ ਗਈਆਂ ਇਹ ਚਿੱਠੀਆਂ ਸੋਨੀਆ ਗਾਂਧੀ ਕੋਲ ਹਨ। ਕਿਰਪਾ ਇਸ ਰਾਸ਼ਟਰੀ ਵਿਰਾਸਤ ਨੂੰ ਵਾਪਸ ਕਰਨ ਵਿਚ ਮਦਦ ਕਰਨ।
ਕਮੇਟੀ ਨੇ ਵੀ ਪੱਤਰ ਲਿਖਿਆ। ਡਾ. ਪਾਤਰਾ ਨੇ ਕਿਹਾ ਕਿ 2010 ਤੋਂ ਇਨ੍ਹਾਂ ਚਿੱਠੀਆਂ ਦਾ ਡਿਜਟਲੀਕਰਨ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਸੋਨੀਆ ਗਾਂਧੀ ਨੇ ਉਨ੍ਹਾਂ ਚਿੱਠੀਆਂ ਨੂੰ ਆਪਣੇ ਕੋਲ ਮੰਗਵਾ ਲਿਆ ਸੀ। ਇਸ ਤੋਂ ਇਹ ਸਵਾਲ ਉਠਦਾ ਹੈ ਕਿ ਇਨ੍ਹਾਂ ਚਿੱਠੀਆਂ ਵਿਚ ਅਜਿਹੀ ਕਿਹੜੀ ਗੱਲਬਾਤ ਸੀ ਕਿ ਗਾਂਧੀ ਪਰਿਵਾਰ ਨਹੀਂ ਚਾਹੁੰਦਾ ਕਿ ਦੇਸ਼ ਇਨ੍ਹਾਂ ਚਿੱਠੀਆਂ ਦੇ ਵਿਸ਼ੇ ਤੋਂ ਜਾਣੂ ਹੋਵੇ।
ਸੋਨੀਆ ਤੋਂ ਜਵਾਬ ਨਹੀਂ ਮਿਲਣ ’ਤੇ ਰਾਹੁਲ ਨੂੰ ਭੇਜੀ ਈਮੇਲ : ਡਾ. ਕਾਦਰੀ
ਡਾ. ਰਿਜਵਾਨ ਕਾਦਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਲ ਸਤੰਬਰ ਵਿਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਵੱਲੋਂ ਕਈ ਜਵਾਬ ਨਹੀਂ ਮਿਲਿਆ ਤੇ ਫਿਰ ਇਸ ਬਾਰੇ ਰਾਹੁਲ ਗਾਂਧੀ ਨੂੰ ਈਮੇਲ ਲਿਖੀ ਗਈ। ਸੋਨੀਆ ਨੂੰ ਭੇਜੇ ਈਮੇਲ ਵਿਚ ਇਨ੍ਹਾਂ ਦਸਤਾਵੇਜਾਂ ਨੂੰ ਵਾਪਸ ਕਰਨ ਜਾਂ ਸਕੈਨ ਕਰਨ ਦੀ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ ਗਈ ਹੈ। ਡਾ. ਕਾਦਰੀ ਨੇ ਦਾਅਵਾ ਕੀਤਾ ਕਿ ਅਤੀਤ ਵਿਚ ਉਨ੍ਹਾਂ ਇਕ ਬਜੁਰਗ ਵਿਅਕਤੀ ਨੂੰ ਕਿਤਾਬਘਰ ਵਿਚ ਕੁਝ ਦਸਤਾਵੇਜ਼ ਨਸ਼ਟ ਕਰਦਿਆਂ ਦੇਖਿਆ ਸੀ। ਉਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਦਾ ਫਾਰੇਂਸਿਕ ਆਡਿਟ ਕਰਵਾਉਣ ਦੀ ਮੰਗ ਕੀਤੀ ਸੀ ਕਿ ਫਾਈਲਾਂ ਦੇ ਵਰਕਿਆਂ ਨੂੰ ਕਿਵੇਂ ਹਟਾਇਆ ਤੇ ਨਸ਼ਟ ਕੀਤਾ ਗਿਆ ਇਸਦਾ ਕੀ ਮਕਸਦ ਸੀ। ਮਾਮਲੇ ਦੀ ਜਾਂਚ ਲਈ ਪ੍ਰਸ਼ਾਸਨ ਨੇ ਇਕ ਅੰਤਰਿਕ ਜਾਂਚ ਕਮੇਟੀ ਵੀ ਬਣਾਈ ਸੀ।
ਸਾਰ:
ਭਾਜਪਾ ਨੇ ਕਾਂਗਰਸ ‘ਤੇ ਗੰਭੀਰ ਆਰੋਪ ਲਾਇਆ ਹੈ ਕਿ ਉਹ ਨੇਹਰੂ ਦੇ ਪੱਤਰਾਂ ਨੂੰ ਲੁਕਾਉਂਦੀ ਹੈ। ਇਹ ਪੱਤਰਾਂ ਦੇਸ਼ ਦੀ ਇਤਿਹਾਸਕ ਮਿਰਾਸ ਹੋ ਸਕਦੇ ਹਨ ਅਤੇ ਕਾਂਗਰਸ ਨੂੰ ਇਸ ਦੀ ਸਪਸ਼ਟੀਕਰਨ ਦੇਣ ਦੀ ਲੋੜ ਹੈ।