14 ਅਗਸਤ 2024 : 13,190 ਕਰੋੜ ਰੁਪਏ ਦੀ ਲਾਗਤ ਵਾਲੇ 391 ਕਿਲੋਮੀਟਰ ਇਲਾਕੇ ਦੇ 10 ਰਾਸ਼ਟਰੀ ਰਾਜਮਾਰਗ ਪ੍ਰਾਜੈਕਟ(NHAI) ਆਦੇਸ਼ ਦੇ ਬਾਵਜੂਦ ਜ਼ਮੀਨ ਮੁਹਈਆ ਨਾ ਹੋਣ ਕਾਰਨ ਲਟਕਣ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਪ੍ਰਗਟਾਇਆ ਹੈ। ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਦਾਖ਼ਲ ਕਰਨ ਦਾ ਹੁਕਮ ਗਿੱਤਾ ਹੈ। ਹਲਫ਼ਨਾਮੇ ’ਚ ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਬੀਤੇ ਸਾਲ ਅਕਤੂਬਰ ਦੇ ਹੁਕਮ ’ਤੇ ਅਮਲ ਕਰਦੇ ਹੋਏ ਐੱਨਐੱਚਏਆਈ ਨੂੰ ਜ਼ਮੀਨ ਦਾ ਕਬਜ਼ਾ ਕਿਉੰ ਨਹੀਂ ਦਿਵਾਇਆ ਗਿਆ।
ਐੱਨਐੱਚਏਆਈ ਨੇ ਹਾਈ ਕੋਰਟ(High court) ’ਚ ਪਟੀਸ਼ਨ ਦਾਖ਼ਲ ਕਰਦੇ ਹੋਏ ਭਾਰਤਮਾਲਾ ਪ੍ਰਾਜੈਕਟ ’ਚ ਮੇਮਦਪੁਰ (ਅੰਬਾਲਾ)-ਬਨੂੜ (ਆਈਟੀ ਸਿਟੀ ਚੌਕ)-ਖਰੜ (ਚੰਡੀਗੜ੍ਹ) ਗਲਿਆਰੇ ਲਈ ਜ਼ਮੀਨ ਅਕਵਾਇਰ ਦੀ ਪ੍ਰਕਿਰਿਆ ਨੂੰ ਚੁਣੌਤੀ ਦਿੱਤੀ ਸੀ। ਕੋਰਟ ਨੂੰ ਦੱਸਿਆ ਸੀ ਕਿ ਜ਼ਮੀਨ ਨਾ ਮਿਲਣ ਕਾਰਨ ਦਿੱਲੀ-ਕਟੜਾ ਐਕਸਪ੍ਰੈੱਸ ਵੇਅ, ਲੁਧਿਆਣਾ ਰੂਪਨਗਰ ਤੋਂ ਖਰੜ ਹਾਈਵੇ ਤੇ ਲੁਧਿਆਣਾ-ਬਠਿੰਡਾ ਹਾਈਵੇ ਦਾ ਕੰਮ ਪੈਂਡਿੰਗ ਹੈ। ਹਾਈ ਕੋਰਟ ਨੇ ਬੀਤੇ ਸਾਲ ਅਕਤੂਬਰ ’ਚ ਆਦੇਸ਼ ਦਿੱਤਾ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦੋ ਮਹੀਨਿਆਂ ਦੇ ਅੰਦਰ ਅੜਿੱਕਾ ਮੁਕਤ ਕਬਜ਼ਾ ਐੱਨਐੱਚਏਆਈ ਨੂੰ ਦਿਵਾਇਆ ਜਾਵੇ। ਹੁਣ ਹਾਈ ਕੋਰਟ ’ਚ ਐੱਨਐੱਚਏਆਈ ਨੇ ਦੱਸਿਆ ਹੈ ਕਿ ਆਦੇਸ਼ ਦੇ ਬਾਵਜੂਦ ਜ਼ਮੀਨ ਦਾ ਕਬਜ਼ਾ ਨਹੀਂ ਦਿਵਾਇਆ ਜਾ ਰਿਹਾ। 34,193 ਕਰੋੜ ਦੀ ਲਾਗਤ ਦੇ 897 ਕਿਲੋਮੀਟਰ ਦੀ ਦੂਰੀ ਵਾਲੇ 26 ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਲਈ ਹੁਣ ਤੱਕ 100 ਫ਼ੀਸਦੀ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ। ਨਾਲ ਹੀ 13,190 ਕਰੋੜ ਦੀ ਲਾਗਤ ਵਾਲੇ 391 ਕਿਲੋਮੀਟਰ ਦੇ 10 ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਲਈ ਅਜੇ 80 ਫ਼ੀਸਦੀ ਜ਼ਮੀਨ ਹਾਸਲ ਨਹੀਂ ਹੋਈ।
ਮੁੱਖ ਮੰਤਰੀ ਮਾਨ ਨੇ ਗਡਕਰੀ ਨੂੰ ਭੇਜਿਆ ਜਵਾਬ,ਕਿਹਾ- ਐੱਨਐੱਚਏਆਈ ਨੇ ਜ਼ਮੀਨ ’ਤੇ ਸ਼ੁਰੂ ਨਹੀਂ ਕੀਤਾ ਕੰਮ
ਮੁੱਖ ਮੰਤਰੀ ਭਗਵੰਤ ਮਾਨ(Bhagwant mann) ਨੇ ਕੇਂਦਰੀ ਮੰਤਰੀ ਨਿਤਨ ਗਡਕਰੀ(Nitin GAdkari) ਵੱਲੋਂ ਪੰਜਾਬ ’ਚ ਚੱਲ ਰਹੇ ਨੈਸ਼ਨਲ ਹਾਈਵੇ ਦੇ ਪ੍ਰਾਜੈਕਟਾਂ ਬਾਰੇ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਜ਼ਮੀਨ ਅਕਵਾਇਰ ਸਬੰਧੀ ਚੁੱਕੇ ਗਏ ਸਵਾਲਾਂ ਦੇ ਜਵਾਬ ਭੇਜ ਦਿੱਤੇ ਹਨ।
ਮੁੱਖ ਮੰਤਰੀ ਨੇ ਆਪਣੇ ਜਵਾਬ ’ਚ ਮੁੱਖ ਤੌਰ ’ਤੇ ਤਿੰਨ ਨੁਕਤੇ ਉਜਾਗਰ ਕੀਤੇ ਹਨ। ਇਕ ਤਾਂ ਸੂਬਾ ਸਰਕਾਰ ਨੇ ਐੱਨਐੱਚਏਆਈ ਨੂੰ ਕਿਸਾਨਾਂ ਦੀ ਵੱਡੀ ਮਾਤਰਾ ’ਚ ਜ਼ਮੀਨ ਦਾ ਕਬਜ਼ਾ ਦਿਵਾ ਦਿੱਤਾ ਹੈ ਪਰ ਐੱਨਐੱਚਏਆਈ ਤੇ ਉਸ ਦੇ ਠੇਕੇਦਾਰਾਂ ਵੱਲੋਂ ਉਸ ਜ਼ਮੀਨ ’ਤੇ ਆਪਣੀਆਂ ਮਸ਼ੀਨਾਂ ਪਹੁੰਚਾ ਕੇ ਉੱਥੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਕੰਮ ਰੁਕਿਆ ਹੈ। ਦੂਜੇ ਪਾਸੇ ਐੱਨਐੱਚਏਆਈ ਵੱਲੋਂ ਕਬਜ਼ਾ ਲੈਣ ’ਚ ਢਿੱਲ ਕਾਰਨ ਉਸ ਜ਼ਮੀਨ ’ਤੇ ਕਿਸਾਨਾਂ ਨੇ ਫ਼ਸਲਾਂ ਦੀ ਬਿਜਾਈ ਕਰ ਦਿੱਤੀ ਹੈ ਤੇ ਤੀਜਾ, ਜ਼ਮੀਨ ਲਈ ਆਰਬੀਟ੍ਰੇਟਰ (ਪੰਚਾਟ) ਨੇ ਜਿਹੜੀ ਕੀਮਤ ਤੈਅ ਕੀਤੀ ਹੈ, ਉਸ ਨੂੰ ਖ਼ੁਦ ਐੱਨਐੱਚਏਆਈ ਵੱਲੋਂ ਹੀ ਚੁਣੌਤੀ ਤੋਂ ਜ਼ਮੀਨ ਅਕਵਾਇਰ ਦੇ ਮਾਮਲੇ ਲਟਕ ਗਏ ਹਨ।
ਗਡਕਰੀ ਨੇ ਐੱਨਐੱਚਏਆਈ ਦੇ ਠੇਕੇਦਾਰਾਂ ਨਾਲ ਮਾਰਕੁੱਟ ਤੇ ਧਮਕੀ ਦੇ ਜਿਨ੍ਹਾਂ ਦੋ ਮਾਮਲਿਆਂ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਦੇ ਸਬੰਧ ’ਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਮਾਮਲਿਆਂ ਦੀ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਜਾਂਚ ’ਚ ਇਹ ਦੇਖਿਆ ਗਿਆ ਕਿ ਇਕ ਘਟਨਾ ਐੱਨਐੱਚਏਆਈ ਦੇ ਠੇਕੇਦਾਰਾਂ ਵੱਲੋਂ ਜ਼ਮੀਨ ਦੀ ਜ਼ਿਆਦਾ ਪੁਟਾਈ ਦਾ ਨਤੀਜਾ ਸੀ ਜਦਿਕ ਦੂਜੀ ਘਟਨਾ ਠੇਕੇਦਾਰ ਵੱਲੋਂ ਆਪਣੇ ਉਪ-ਠੇਕੇਦਾਰ ਨੂੰ ਉਸ ਦੀ ਬਕਾਇਆ ਰਕਮ ਦਾ ਭੁਗਤਾਨ ਨਾ ਕਰਨ ਕਾਰਨ ਹੋਈ।