12 ਅਗਸਤ 2024 : High Cholesterol : ਅੱਜਕੱਲ੍ਹ ਕੋਲੈਸਟ੍ਰੋਲ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਨੌਜਵਾਨਾਂ ‘ਚ ਵੀ ਇਹ ਸਮੱਸਿਆ ਵਧਦੀ ਨਜ਼ਰ ਆ ਰਹੀ ਹੈ। ਕੋਲੈਸਟ੍ਰੋਲ ਦਿਲ ਦੀਆਂ ਨਾੜੀਆਂ ਨੂੰ ਬਲਾਕ ਕਰ ਸਕਦਾ ਹੈ। ਇਸ ਨਾਲ ਹਾਰਟ ਅਟੈਕ ਤੇ ਸਟ੍ਰੋਕ ਵਰਗੀਆਂ ਸਥਿਤੀਆਂ ਬਣ ਜਾਂਦੀਆਂ ਹਨ। ਸਰੀਰ ‘ਚ ਹੋਣ ਵਾਲੀਆਂ ਬਹੁਤ ਸਾਰੀਆਂ ਤਬਦੀਲੀਆਂ ਸਾਨੂੰ ਕੋਲੇਸਟ੍ਰੋਲ (High Cholesterol Symptom) ਦੇ ਵਧਣ ਦੇ ਸੰਕੇਤ ਦਿੰਦੀਆਂ ਹਨ। ਇੰਨਾ ਹੀ ਨਹੀਂ ਕੋਲੈਸਟ੍ਰਾਲ ਦੀ ਵਜ੍ਹਾ ਨਾਲ ਅੱਖਾਂ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਖ਼ੂਨ ਦੀਆਂ ਨਾੜੀਆਂ ‘ਚ ਖਰਾਬ ਕੋਲੈਸਟ੍ਰਾਲ ਵਧਣ ਨਾਲ ਅੱਖਾਂ ‘ਚ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਤੁਹਾਡੀ ਨਜ਼ਰ ਧੁੰਦਲੀ ਹੋਣ ਲੱਗਦੀ ਹੈ, ਕਾਲੇ ਧੱਬੇ ਪੈ ਜਾਂਦੇ ਹਨ, ਅੱਖਾਂ ‘ਚ ਦਰਦ ਅਤੇ ਹੋਰ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਤੁਸੀਂ ਆਪਣੀਆਂ ਅੱਖਾਂ ‘ਚ ਜਾਂ ਆਲੇ ਦੁਆਲੇ ਦੀਆਂ ਤਬਦੀਲੀਆਂ ਜ਼ਰੀਏ ਹਾਈ ਕੋਲੇਸਟ੍ਰੋਲ ਦਾ ਪਤਾ ਲਗਾ ਸਕਦੇ ਹੋ।
ਜੈਂਥੇਲਾਸਮਾ
ਜ਼ੈਂਥੇਲਾਸਮਾ ‘ਚ ਕਿਸੇ ਵਿਅਕਤੀ ਦੀਆਂ ਪਲਕਾਂ ‘ਤੇ ਜਾਂ ਅੱਖਾਂ ਦੇ ਆਲੇ-ਦੁਆਲੇ ਦੀ ਸਕਿੰਨ ਤੋਂ ਲੈ ਕੇ ਨੱਕ ਤਕ ਪੀਲੇ ਧੱਬੇ ਨਜ਼ਰ ਆਉਣ ਲਗਦੇ ਹਨ। ਕਈ ਵਾਰ ਇਹ ਨਿਸ਼ਾਨ ਬਾਹਰਲੇ ਪਾਸੇ ਵੀ ਦਿਖਾਈ ਦਿੰਦੇ ਹਨ। ਇਹ ਪੀਲੇ ਨਿਸ਼ਾਨ ਕੋਲੈਸਟ੍ਰੋਲ ਕਾਰਨ ਹੁੰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਬਹੁਤ ਨੁਕਸਾਨਦੇਹ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਵਿਅਕਤੀ ਦੀ ਦੇਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਨਹੀਂ ਕਰਦੇ।
ਆਰਕਸ ਸੇਨਿਲਿਸ ਜਾਂ ਕੋਰਨੀਅਲ ਸੇਨਿਲਿਸ
ਕੋਲੈਸਟ੍ਰੋਲ ਵਧਣ ਕਾਰਨ ਕਈ ਵਾਰ ਵਿਅਕਤੀ ਨੂੰ ਆਪਣੀ ਅੱਖ ‘ਚ ਮੌਜੂਦ ਕਾਰਨੀਆ ਦੇ ਦੁਆਲੇ ਚਿੱਟੇ-ਪੀਲੇ ਰੰਗ ਦੀ ਛੱਲੀ ਵਰਗੀ ਸ਼ਕਲ ਦਿਖਾਈ ਦੇਣ ਲੱਗਦੀ ਹੈ। ਇਹ ਗੋਲ ਆਕਾਰ ਕਾਰਨੀਆ ‘ਚ ਫੈਟ ਤੇ ਕੋਲੈਸਟ੍ਰੋਲ ਜਮ੍ਹਾਂ ਹੋਣ ਕਾਰਨ ਦਿਖਾਈ ਦਿੰਦਾ ਹੈ।
ਰੈਟਿਨਲ ਵੇਨ ਔਕਲੂਜ਼ਮ
ਹਾਈ ਕੋਲੈਸਟ੍ਰੋਲ ‘ਚ ਰੈਟੀਨਾ ‘ਚ ਜਾਣ ਵਾਲੀਆਂ ਖ਼ੂਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ ਜਿਸ ਕਾਰਨ ਖ਼ੂਨ ਦਾ ਰਿਸਾਅ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਵਿਅਕਤੀ ਦੀਆਂ ਅੱਖਾਂ ‘ਚ ਸੋਜ ਆ ਜਾਂਦੀ ਹੈ ਅਤੇ ਉਸ ਦੀ ਦੇਖਣ ਦੀ ਸਮਰੱਥਾ ਵੀ ਖਤਮ ਹੋ ਸਕਦੀ ਹੈ।
ਲਾਈਫਸਟਾਈਲ ਤੇ ਡਾਈਟ ‘ਚ ਕਰੋ ਬਦਲਾਅ
ਕੋਲੈਸਟ੍ਰੋਲ ਨੂੰ ਸਮੇਂ ਸਿਰ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਇਕ ਗੰਭੀਰ ਸਮੱਸਿਆ ਹੈ।
ਦਿਲ ਦੇ ਨਾਲ-ਨਾਲ ਅੱਖਾਂ ‘ਤੇ ਵੀ ਇਸ ਦੇ ਨੁਕਸਾਨਦੇਹ ਪ੍ਰਭਾਵ ਹੁੰਦੇ ਹਨ।
ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਤੇ ਆਪਣੇ ਡਾਕਟਰ ਦੀ ਸਲਾਹ ਲਓ।
ਤੁਸੀਂ ਆਪਣੀ ਖੁਰਾਕ ਤੇ ਜੀਵਨਸ਼ੈਲੀ ‘ਚ ਕੁਝ ਬਦਲਾਅ ਕਰ ਕੇ ਵੀ ਕੋਲੈਸਟ੍ਰੋਲ ਕੰਟਰੋਲ ਕਰ ਸਕਦੇ ਹੋ।
ਕੁਕਿੰਗ ‘ਚ ਸੂਰਜਮੁਖੀ, ਮੂੰਗਫਲੀ, ਤਿਲ, ਜੈਤੂਨ ਤੇ ਚੀਆ ਸੀਡਜ਼ ਦੇ ਤੇਲ ਦੀ ਵਰਤੋਂ ਕਰੋ।