ਚੰਡੀਗੜ੍ਹ, 17 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਵਿਚ ਅਗਲੇ ਦੋ ਦਿਨ ਮੌਸਮ ਠੰਢਾ ਰਹੇਗਾ। ਵਿਭਾਗ ਦੇ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿਚ ਬੱਦਲਵਾਈ ਰਹੇਗੀ ਅਤੇ 17 ਅਤੇ 18 ਸਤੰਬਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿਚ ਖਾਸ ਤੌਰ ਉਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਵਿਚ ਵੀ ਮੀਂਹ ਪੈ ਸਕਦਾ ਹੈ।
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਕੱਲ੍ਹ ਮੰਗਲਵਾਰ ਨੂੰ ਮੌਸਮ ਨੇ ਅਚਾਨਕ ਆਪਣਾ ਮਿਜ਼ਾਜ ਬਦਲ ਲਿਆ ਹੈ, ਜਿਸ ਕਰਕੇ ਦਿਨ ਸਮੇਂ ਸ਼ਹਿਰ ਵਿੱਚ ਠੰਢੀਆਂ ਹਵਾਵਾਂ ਚੱਲੀਆਂ। ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਕਈ ਥਾਵਾਂ ਉਤੇ ਭਾਰੀ ਮੀਂਹ ਪਿਆ ਹੈ। ਮੀਂਹ ਕਰਕੇ ਸ਼ਹਿਰ ਵਿੱਚ ਤਾਪਮਾਨ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਦਿਨ ਭਰ ਹੁੰਮਸ ਭਰੀ ਗਰਮੀ ਜਾਰੀ ਰਹੀ। ਮੌਮਸ ਵਿਭਾਗ ਨੇ ਚੰਡੀਗੜ੍ਹ ਵਿਚ ਅਗਲੇ ਤਿੰਨ ਦਿਨ 17, 18 ਤੇ 19 ਸਤੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੀਂਹ ਦੇ ਮੱਦੇਨਜ਼ਰ ਫਸਲਾਂ ਦੀ ਦੇਖਭਾਲ ਕਰਨ ਅਤੇ ਖੇਤਾਂ ਵਿੱਚ ਪਹਿਲਾਂ ਤੋਂ ਜ਼ਰੂਰੀ ਪ੍ਰਬੰਧ ਕਰਨ, ਤਾਂ ਜੋ ਕੋਈ ਨੁਕਸਾਨ ਨਾ ਹੋਵੇ।
ਮੌਸਮ ਵਿਭਾਗ (IMD), ਚੰਡੀਗੜ੍ਹ ਨੇ ਹਰਿਆਣਾ ਦੇ ਫਰੀਦਾਬਾਦ, ਗੁਰੂਗ੍ਰਾਮ, ਨੂਹ ਅਤੇ ਪਲਵਲ ਸਮੇਤ ਰਾਜ ਦੇ 15 ਜ਼ਿਲ੍ਹਿਆਂ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ 17 ਸਤੰਬਰ ਤੋਂ 19 ਸਤੰਬਰ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਅਤੇ ਮਾਨਸੂਨ 20 ਸਤੰਬਰ ਤੋਂ ਰਵਾਨਾ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਲੇ ਚਾਰ ਦਿਨਾਂ ਵਿੱਚ ਬੂੰਦਾਬਾਂਦੀ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।
ਮੌਸਮ ਵਿਗਿਆਨੀਆਂ ਦੇ ਅਨੁਸਾਰ, ਇਸ ਵਾਰ ਮਾਨਸੂਨ ਹਰਿਆਣਾ ‘ਤੇ ਮਿਹਰਬਾਨ ਰਿਹਾ ਹੈ। ਮਾਨਸੂਨ 22 ਅਤੇ 23 ਜੂਨ ਨੂੰ ਦਾਖਲ ਹੋਇਆ ਸੀ, ਅਤੇ ਹੁਣ ਤੱਕ ਆਮ ਨਾਲੋਂ 41 ਪ੍ਰਤੀਸ਼ਤ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪਹਾੜਾਂ ਵਿੱਚ ਘੱਟ ਮੀਂਹ ਪੈਣ ਕਾਰਨ ਪੰਜਾਬ ਵਿੱਚ ਦਰਿਆਵਾਂ ਦਾ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਅਤੇ ਸਥਿਤੀ ਹੌਲੀ-ਹੌਲੀ ਆਮ ਹੁੰਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ ਸਫਾਈ ਮੁਹਿੰਮ ਹਰ ਪਿੰਡ ਵਿੱਚ ਜਾਰੀ ਹੈ।