ਲੁਧਿਆਣਾ 31 ਜੁਲਾਈ 2024 (ਪੰਜਾਬੀ ਖਬਰਨਾਮਾ) : ਜੁਲਾਈ ਮਹੀਨੇ ’ਚ ਸੋਕੇ ਦੀ ਮਾਰ ਸਹਿ ਰਹੇ ਪੰਜਾਬ ਲਈ ਅਗਲੇ ਚਾਰ ਦਿਨ ਰਾਹਤ ਭਰੇ ਹੋਣਗੇ। ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਦੀ ਮੰਨੀਏ ਤਾਂ ਪੰਜਾਬ ’ਚ ਦੋ ਅਗਸਤ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਕ ਬੁੱਧਵਾਰ ਤੋਂ ਬੰਗਾਲ ਦੀ ਖਾੜੀ ਵੱਲੋਂ ਆਉਣ ਵਾਲੀਆਂ ਮਾਨਸੂਨੀ ਹਵਾਵਾਂ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਨਾਲ ਪੰਜਾਬ ਤੇ ਹਰਿਆਣਾ ’ਚ ਕੁਝ ਸਥਾਨਾਂ ’ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਸਬੰਧੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਡਾ. ਸੁਰਿੰਦਰਪਾਲ ਮੁਤਾਬਕ ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ, ਬਰਨਾਲਾ, ਮਾਨਸਾ, ਸੰਗਰੂਰ, ਗੁਰਦਾਸਪੁਰ, ਬਠਿੰਡਾ, ਰੋਪੜ, ਅੰਮ੍ਰਿਤਸਰ, ਫ਼ਤਹਿਗੜ੍ਹ ਸਾਹਿਬ, ਰੋਪੜ ਤੇ ਫ਼ਿਰੋਜ਼ਪੁਰ ’ਚ ਭਾਰੀ ਬਾਰਿਸ਼ ਹੋ ਸਕਦੀ ਹੈ ਜਦਕਿ ਹੋਰ ਜ਼ਿਲ੍ਹਿਆਂ ’ਚ ਆਮ ਤੋਂ ਮੱਧਮ ਬਾਰਿਸ਼ ’ਚ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੰਗਲਵਾਰ ਨੂੰ ਲੁਧਿਆਣਾ ਤੇ ਚੰਡੀਗੜ੍ਹ ’ਚ ਜ਼ੋਰਦਾਰ ਬਾਰਿਸ਼ ਹੋਈ। ਲੁਧਿਆਣਾ ’ਚ ਦੁਪਿਹਰ ਦੋ ਵਜੇ ਦੇ ਕਰੀਬ ਬਾਰਿਸ਼ ਸ਼ੁਰੂ ਹੋਈ ਤੇ ਚਾਰ ਵਜੇ ਤੱਕ ਜਾਰੀ ਰਹੀ। ਜਿਸ ਨਾਲ ਸੜਕਾਂ ’ਤੇ ਪਾਣੀ ਭਰ ਗਿਆ। ਇਸ ਤੋਂ ਇਲਾਵਾ ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਰੋਪੜ ’ਚ ਵੀ ਹਲਕੀ ਤੋਂ ਮੱਧਮ ਬਾਰਿਸ਼ ਹੋਈ।