ਚੰਡੀਗੜ੍ਹ, 25 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਆਈਡੀਐੱਫਸੀ ਫਸਟ ਬੈਂਕ ਅਤੇ ਏਯੂ ਸਮਾਲ ਫਾਇਨਾਂਸ ਬੈਂਕ ਨਾਲ ਜੁੜੇ 590 ਕਰੋੜ ਰੁਪਏ ਦੇ ਘੁਟਾਲੇ ’ਚ ਹਰਿਆਣਾ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ 24 ਘੰਟਿਆਂ ਅੰਦਰ 556 ਕਰੋੜ ਰੁਪਏ ਸਰਕਾਰੀ ਖਾਤਿਆਂ ਵਿਚ ਵਾਪਸ ਕਰਵਾ ਲਏ ਹਨ। ਇਸ ਰਾਸ਼ੀ ਵਿਚ 22 ਕਰੋੜ ਰੁਪਏ ਵਿਆਜ ਵੀ ਸ਼ਾਮਲ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰੀ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਹੀਂ ਜਾਵੇਗਾ।

ਮੁੱਖ ਮੰਤਰੀ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿੱਤ ਸਕੱਤਰ ਦੀ ਪ੍ਰਧਾਨਗੀ ’ਚ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ। ਇਹ ਕਮੇਟੀ ਨਾ ਸਿਰਫ ਇਸ ਮਾਮਲੇ ਵਿਚ ਸ਼ਾਮਲ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਕਰੇਗੀ ਬਲਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮਜ਼ਬੂਤ ਵਿੱਤੀ ਪ੍ਰੋਟੋਕਾਲ, ਨਿਗਰਾਨੀ ਤੰਤਰ ਤੇ ਤਕਨੀਕੀ ਸੁਰੱਖਿਆ ਉਪਾਆਂ ’ਤੇ ਵੀ ਸਿਫਾਰਸ਼ਾਂ ਦੇਵੇਗੀ।

ਸਰਕਾਰ ਮੁਤਾਬਕ, ਗੜਬੜ ਚੰਡੀਗੜ੍ਹ ਸਥਿਤ ਆਈਡੀਐੱਫਸੀ ਫਸਟ ਬੈਂਕ ਦੀ ਸ਼ਾਖਾ ਅਤੇ ਸੈਕਟਰ-32 ਸਥਿਤ ਏਯੂ ਸਮਾਲ ਫਾਇਨੈਂਸ ਬੈਂਕ ਵਿਚ ਸਾਹਮਣੇ ਆਈ। ਮੁੱਢਲੀ ਜਾਂਚ ਵਿਚ ਕੁਝ ਬੈਂਕ ਮੁਲਾਜ਼ਮਾਂ ਵੱਲੋਂ ਸਰਕਾਰੀ ਖਾਤਿਆਂ ’ਚੋਂ ਅਣ-ਅਧਿਕਾਰਿਤ ਲੈਣ-ਦੇਣ ਕਰਨ ਦੇ ਸੰਕੇਤ ਮਿਲੇ ਹਨ। ਆਈਡੀਐੱਫਸੀ ਫਸਟ ਬੈਂਕ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕਰਦਿਆਂ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਵਿਧਾਨ ਸਭਾ ਵਿਚ ਮਾਮਲਾ ਉੱਠਣ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦਾ ਦਾਅਵਾ ਹੈ ਕਿ ਸਮੇਂ ’ਤੇ ਰਿਕਵਰੀ ਅਤੇ ਸਖਤ ਕਾਰਵਾਈ ਉਸ ਦੀ ਜ਼ੀਰੋ ਟਾਲਰੈਂਸ ਨੀਤੀ ਦਾ ਸਬੂਤ ਹੈ, ਜਦਕਿ ਉੱਚ ਪੱਧਰੀ ਕਮੇਟੀ ਦੋਸ਼ੀਆਂ ਦੀ ਪਛਾਣ ਤੋਂ ਲੈ ਕੇ ਸਿਸਟਮ ਦੇ ਸੁਧਾਰ ਤੱਕ ਵਿਸਥਾਰਤ ਰਿਪੋਰਟ ਦੇਵੇਗੀ।

ਸੰਖੇਪ:

Haryana Government ਨੇ IDFC First Bank ਅਤੇ AU Small Finance Bank ਨਾਲ ਜੁੜੇ 590 ਕਰੋੜ ਦੇ ਘੁਟਾਲੇ ’ਚ 24 ਘੰਟਿਆਂ ਅੰਦਰ 556 ਕਰੋੜ (22 ਕਰੋੜ ਵਿਆਜ ਸਮੇਤ) ਵਾਪਸ ਕਰਵਾਏ, ਜਦਕਿ Nayab Singh Saini ਨੇ ਉੱਚ ਪੱਧਰੀ ਜਾਂਚ ਕਮੇਟੀ ਬਣਾਉਣ ਦਾ ਐਲਾਨ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।