ਚੰਡੀਗੜ੍ਹ, 3 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੇਂਦਰ ਸਰਕਾਰ ਨੇ ਵੀਰਵਾਰ ਨੂੰ ਖੇਡ ਰਤਨ ਤੇ ਅਰਜੁਨ ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ। ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਖੇਲ ਰਤਨ, ਅੰਮ੍ਰਿਤਸਰ ਦੇ ਹੀ ਪਿੰਡ ਰਜਧਾਨ ਦੇ ਰਹਿਣ ਵਾਲੇ ਜਰਮਨਪ੍ਰੀਤ ਸਿੰਘ ਤੇ ਜਲੰਧਰ ਦੇ ਪਿੰਡ ਧੰਨੋਵਾਲੀ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਦੇਣ ਸਬੰਧੀ ਐਲਾਨ ਨਾਲ ਉਨ੍ਹਾਂ ਦੇ ਪਰਿਵਾਰ ਤੇ ਖੇਡ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਹੈ।

ਕਿਡਨੀ ਦੀ ਬਿਮਾਰੀ ਤੋਂ ਪੀੜਤ ਹਰਮਨਪ੍ਰੀਤ ਦੇ ਪਿਤਾ ਸਰਬਜੀਤ ਤੇ ਮਾਤਾ ਰਾਜਵਿੰਦਰ ਕੌਰ ਆਪਣੇ ਬੇਟੇ ਨੂੰ ਖੇਲ ਰਤਨ ਐਵਾਰਡ ਮਿਲਣ ਦੇ ਐਲਾਨ ‘ਤੇ ਬੇਹੱਦ ਖੁਸ਼ ਹਨ। ਪੁੱਤਰ ਦੀ ਇਸ ਪ੍ਰਾਪਤੀ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ। ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦਿਆਂ ਹਰਮਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਪਿੰਡ ‘ਚ ਕੋਈ ਹਾਕੀ ਨੂੰ ਜਾਣਨ ਵਾਲਾ ਨਹੀਂ ਸੀ।

ਜੰਡਿਆਲਾ ਦੇ ਇਕ ਪ੍ਰਾਈਵੇਟ ਸਕੂਲ ‘ਚ ਪੜ੍ਹਦਿਆਂ ਹਰਮਨਪ੍ਰੀਤ ਨੇ ਜਦੋਂ ਇਸ ਖੇਡ ਨੂੰ ਚੁਣਿਆ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਦੇਸ਼ ਦੀ ਨੁਮਾਇੰਦਗੀ ਕਰੇਗਾ ਤੇ ਖੇਲ ਰਤਨ ਐਵਾਰਡ ਹਾਸਲ ਕਰੇਗਾ। ਦੂਜੇ ਪਾਸੇ ਜਰਮਨਪ੍ਰੀਤ ਸਿੰਘ ਅੰਮ੍ਰਿਤਸਰ ਦੇ ਪਿੰਡ ਰਜਧਾਨ ਨਾਲ ਸਬੰਧਤ ਹੈ ਜਿਸ ਨੇ ਦੇਸ਼ ਨੂੰ ਕਈ ਸਾਈਕਲਿਸਟ ਦਿੱਤੇ ਹਨ। ਐਵਾਰਡ ਦੇ ਐਲਾਨ ਤੋਂ ਬਾਅਦ ਜਰਮਨਪ੍ਰੀਤ ਸਿੰਘ ਦੇ ਘਰ ਵੀ ਖੁਸ਼ੀ ਦਾ ਮਾਹੌਲ ਹੈ।

ਅਧਰੰਗ ਨੂੰ ਮਾਤ ਦੇ ਕੇ ਹਾਕੀ ‘ਚ ਚਮਕਿਆ ਸੁਖਜੀਤ

ਭਾਰਤੀ ਹਾਕੀ ਟੀਮ ਦੇ ਫਾਰਵਰਡ ਸੁਖਜੀਤ ਸਿੰਘ ਦੇ ਜੀਵਨ ‘ਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਦਾ ਭਾਰਤ ਲਈ ਖੇਡਣ ਦਾ ਸੁਪਨਾ ਟੁੱਟਦਾ ਨਜ਼ਰ ਆਉਂਦਾ ਸੀ। ਸਾਲ 2018 ‘ਚ ਉਸਨੂੰ ਭਾਰਤੀ ਟੀਮ ਦੇ ਸੰਭਾਵੀ ਖਿਡਾਰੀਆਂ ‘ਚ ਚੁਣਿਆ ਗਿਆ ਸੀ। ਸਾਰਾ ਪਰਿਵਾਰ ਖੁਸ਼ ਸੀ ਪਰ ਇਹ ਖੁਸ਼ੀ ਬਹੁਤੀ ਦੇਰ ਟਿਕ ਨਹੀਂ ਸਕੀ।

ਤਿਆਰੀ ਕੈਂਪ ‘ਚ ਸੁਖਜੀਤ ਨੂੰ ਰੀੜ੍ਹ ਦੀ ਹੱਡੀ ‘ਚ ਅਜਿਹੀ ਸੱਟ ਲੱਗੀ ਕਿ ਉਹ ਚਾਰ ਮਹੀਨੇ ਤਕ ਮੰਜੇ ਤੋਂ ਨਾ ਉੱਠ ਸਕਿਆ। ਸੱਜੀ ਲੱਤ ‘ਚ ਅਧਰੰਗ ਹੋ ਗਿਆ। ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਡੇਰੇ ਤੋਂ ਸੁਖਜੀਤ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਲੈਣ ਵਾਪਸ ਆਇਆ ਤਾਂ ਉਹ ਵ੍ਹੀਲਚੇਅਰ ’ਤੇ ਸੀ। ਮੈਂ ਥੋੜ੍ਹਾ ਨਿਰਾਸ਼ ਸੀ ਪਰ ਆਪਣੇ ਬੇਟੇ ਨੂੰ ਹੌਸਲਾ ਦਿੱਤਾ।

ਪੀਏਪੀ ‘ਚ ਸਹਾਇਕ ਸਬ ਇੰਸਪੈਕਟਰ (ASI) ਅਜੀਤ ਸਿੰਘ ਪੰਜਾਬ ਪੁਲਿਸ ਦੀ ਹਾਕੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ। ਉਹ ਚਾਹੁੰਦੇ ਸੀ ਕਿ ਉਨ੍ਹਾਂ ਦਾ ਪੁੱਤਰ ਉਹ ਕੰਮ ਕਰੇ ਜੋ ਉਹ ਨਹੀਂ ਕਰ ਸਕੇ। ਦੇਸ਼ ਲਈ ਖੇਡੇ। ਸੁਖਜੀਤ ਦੇ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਸਿਖਲਾਈ ਦਿੱਤੀ ਤੇ ਮੁੜ ਆਪਣੇ ਪੈਰਾਂ ਸਿਰ ਕੀਤਾ। ਇਸ ਤੋਂ ਬਾਅਦ ਸੁਖਜੀਤ ਨੇ 2022 ‘ਚ ਭਾਰਤੀ ਟੀਮ ‘ਚ ਜਗ੍ਹਾ ਬਣਾ ਕੇ ਮੇਰਾ ਸੁਪਨਾ ਸਾਕਾਰ ਕੀਤਾ।

ਪਿਤਾ ਦਾ ਸੁਪਨਾ ਪੂਰਾ ਕੀਤਾ

ਸੁਖਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਜ਼ਖ਼ਮੀ ਹੋ ਗਿਆ ਤਾਂ ਲੱਗਦਾ ਸੀ ਕਿ ਉਹ ਹਾਕੀ ਨਹੀਂ ਖੇਡ ਸਕੇਗਾ। ਪਿਤਾ ਦਾ ਵਿਸ਼ਵਾਸ ਤੇ ਉਨ੍ਹਾਂ ਦੀ ਮਿਹਨਤ ਨੇ ਉਸ ਨੂੰ ਮੁੜ ਮੈਦਾਨ ‘ਚ ਲਿਆਂਦਾ। ਅੱਜ ਮੈਂ ਖੁਸ਼ ਹਾਂ ਕਿ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ।

ਖੇਲ ਰਤਨ ਐਵਾਰਡ: ਇਕ ਮੈਡਲ, ਪ੍ਰਸ਼ੰਸਾ ਪੱਤਰ ਤੇ 25 ਲੱਖ ਰੁਪਏ।

ਅਰਜੁਨ ਪੁਰਸਕਾਰ: ਪੰਜ ਲੱਖ, ਅਰਜੁਨ ਦੀ ਮੂਰਤੀ ਤੇ ਪ੍ਰਸ਼ੰਸਾ ਪੱਤਰ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।