ਫ਼ਿਰੋਜ਼ਪੁਰ, 4 ਜਨਵਰੀ 2024:
ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ/ਪੰਜਾਬ ਸਰਕਾਰ ਵੱਲੋਂ ਇਸ ਸਾਲ 20-21 ਜਨਵਰੀ ਨੂੰ ਹਰੀਕੇ ਪੱਤਣ ਵਿਖੇ ਬਰਡ ਸੈਂਚੂਰੀ ਵਿਖੇ ਹਰੀਕੇ ਵੈਟਲੈਂਡ ਫੈਸਟੀਵਲ ਮਨਾਇਆ ਜਾਵੇਗਾ ਜਿੱਥੇ ਹਰ ਸਾਲ 1 ਲੱਖ ਤੋਂ ਵੱਧ ਖੂਬਸੂਰਤ ਪ੍ਰਵਾਸੀ ਪੰਛੀ ਆਉਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮਦ ਬਾਮਬਾ, ਐਸ.ਡੀ.ਐਮ. ਫ਼ਿਰੋਜ਼ਪੁਰ ਸ. ਜਸਪਾਲ ਸਿੰਘ ਬਰਾੜ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਡੀ.ਡੀ.ਪੀ.ਓ. ਸ. ਜਸਵੰਤ ਸਿੰਘ ਬੜੈਚ ਵੀ ਹਾਜ਼ਰ ਸਨ।
ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਮੇਲੇ ਦੌਰਾਨ ਸੌਂਪੀਆਂ ਜਾਣ ਵਾਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਫੈਸਟੀਵਲ ਵਿੱਚ ਆਪਣੇ ਪਰਿਵਾਰਾਂ ਸਮੇਤ ਹੁੰਮਹੁਮਾ ਕੇ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਨੂੰ ਰਿਵਾਇਤੀ ਤੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ। ਫੈਸਟੀਵਲ ਦੌਰਾਨ ਰੱਸਭਿੰਨੇ ਸਗੀਤ ਸੁਣਨ ਨੂੰ ਮਿਲੇਗਾ ਅਤੇ ਖੂਬਸੂਰਤ ਪ੍ਰਾਕ੍ਰਿਤਕ ਦ੍ਰਿਸ਼, ਪ੍ਰਵਾਸੀ ਪੰਛੀ ਅਤੇ ਜੀਵ ਜੰਤੂ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਦੌਰਾਨ ਵੱਖ-ਵੱਖ ਆਕਰਸ਼ਕ ਪ੍ਰਦਰਸ਼ਨੀਆਂ, ਖਾਣ ਪੀਣ ਦੀਆਂ ਵਸਤਾਂ ਦੇ ਸਟਾਲ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਸੁੰਦਰ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਬਣਨਗੀਆਂ। ਇਹ ਮੇਲਾ ਦਰਿਆ ਸਤਲੁੱਜ-ਬਿਆਸ ਦੇ ਸੰਗਮ ਨਜ਼ਦੀਕ ਲੱਗੇਗਾ।
ਮੀਟਿੰਗ ਵਿੱਚ ਐਸ.ਪੀ.(ਐਚ) ਸੋਹਨ ਲਾਲ ਸੋਨੀ, ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ.) ਪ੍ਰਗਟ ਸਿੰਘ ਬਰਾੜ, ਜ਼ਿਲ੍ਹਾ ਭਾਸ਼ਾ ਅਫ਼ਸਰ ਜਗਦੀਪ ਸਿੰਘ ਸੰਧੂ, ਇਲੈਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼, ਡੀ.ਐਫ.ਐਸ.ਸੀ. ਰਾਜ ਰਿਸ਼ੀ ਮਹਿਰਾ, ਸਕੱਤਰ ਰੈਡ ਕਰਾਸ ਅਸ਼ੋਕ ਬਹਿਲ, ਐਮ.ਈ. ਨਗਰ ਕੌਂਸਲ ਚਰਨਪਾਲ, ਰਾਸ਼ਟਰੀ ਐਵਾਰਡ ਜੇਤੂ ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਡੀ.ਡੀ.ਐਫ. ਸੌਰਵ ਕੁਮਾਰ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।