Family Loss

19 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਗਾਇਕ ਹਰਭਜਨ ਮਾਨ ਨੂੰ ਬੀਤੀ ਰਾਤ ਉਸ ਵੇਲੇ ਭਾਰੀ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਸਹੁਰਾ ਹਰਚਰਨ ਸਿੰਘ ਗਿੱਲ ਰਾਮੂਵਾਲੀਆ ਦਾ ਅਚਾਨਕ ਦੇਹਾਂਤ ਹੋ ਗਿਆ, ਜਿੰਨ੍ਹਾਂ ਦੇ ਇਸ ਅਕਾਲ ਚਲਾਣੇ ਉਤੇ ਸੰਗੀਤ ਅਤੇ ਸਿਨੇਮਾ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਇਸੇ ਸੰਬੰਧੀ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਕਰਦਿਆਂ ਗਾਇਕ ਹਰਭਜਨ ਮਾਨ ਨੇ ਕਿਹਾ ਕਿ ਮੇਰੀ ਪਤਨੀ ਹਰਮਨ ਮਾਨ ਦੇ ਪਿਤਾ ਅਤੇ ਮੇਰੇ ਸਤਿਕਾਰਯੋਗ ਸਹੁਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਸਵਰਗਵਾਸ ਹੋ ਗਏ ਹਨ, ਜਿਸ ਨਾਲ ਪੂਰਾ ਪਰਿਵਾਰ ਕਦੇ ਵੀ ਪੂਰਾ ਨਾ ਹੋ ਸਕਣ ਵਾਲਾ ਘਾਟਾ ਮਹਿਸੂਸ ਕਰ ਰਿਹਾ ਹੈ।

ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਪਾ ਜੀ, ਜੋ ਪਿਛਲੇ 53 ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਵਿਖੇ ਰਹਿ ਰਹੇ ਹਨ, ਇੱਕ ਬਹੁਤ ਹੀ ਉੱਨਤ ਸੋਚ ਵਾਲੇ ਅਤੇ ਨੇਕ ਦਿਲ ਵਿਅਕਤੀ ਸਨ, ਜਿੰਨ੍ਹਾਂ ਹਰ ਲੋੜਵੰਦ ਦੀ ਮਦਦ ਕਰ ਸਕਣ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ।

ਉਨ੍ਹਾਂ ਅਪਣਾ ਦੁੱਖ ਜ਼ਾਹਿਰ ਕਰਦਿਆਂ ਅੱਗੇ ਦੱਸਿਆ ਕਿ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੇ ਵੱਡੇ ਪੁੱਤਰ ਸਨ ਹਰਚਰਨ ਸਿੰਘ ਜੀ, ਜਿੰਨ੍ਹਾਂ ਲੰਮਾਂ ਸਮਾਂ ਆਪਣੇ ਜੱਦੀ ਪਿੰਡ ਰਾਮੂਵਾਲਾ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ ਅਤੇ ਉਨ੍ਹਾਂ ਦੀਆਂ ਸਲਾਹਾਂ ਅਤੇ ਉਤਸ਼ਾਹ ਨੇ ਜਿੱਥੇ ਸਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਉੱਥੇ ਉਨ੍ਹਾਂ ਨੇ ਸਾਨੂੰ ਹਰ ਹਾਲਾਤ ਵਿੱਚ ਜੀਵੰਤ ਦਿਲ ਨਾਲ ਜ਼ਿੰਦਗੀ ਜਿਊਣੀ ਵੀ ਸਿਖਾਈ ਹੈ, ਜਿੰਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

ਇਹਨਾਂ ਪੰਜਾਬੀ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ

ਇਸ ਦੁੱਖ ਦੀ ਘੜੀ ਵਿੱਚ ਮਾਨ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਜ਼ੀਮ ਗੀਤਕਾਰ ਬਾਬੂ ਸਿੰਘ ਮਾਨ, ਨਿਰਦੇਸ਼ਕ ਮਨਮੋਹਨ ਸਿੰਘ, ਹਰਜੀਤ ਸਿੰਘ, ਅਮਿਤੋਜ ਮਾਨ, ਸ਼ਿਤਿਜ ਚੌਧਰੀ, ਅਦਾਕਾਰਾ ਕਿੰਮੀ ਵਰਮਾ, ਨੀਰੂ ਬਾਜਵਾ, ਜਪੁਜੀ ਖਹਿਰਾ, ਬਾਲੀਵੁੱਡ ਅਦਾਕਾਰ ਕੰਵਲਜੀਤ ਸਿੰਘ, ਦੀਪ ਢਿੱਲੋਂ, ਲੇਖਕ ਬਲਦੇਵ ਗਿੱਲ, ਅਦਾਕਾਰ ਅਸ਼ੀਸ਼ ਦੁੱਗਲ, ਲਾਈਨ ਨਿਰਮਾਤਾ ਦਰਸ਼ਨ ਔਲਖ, ਕਲਾ ਨਿਰਦੇਸ਼ਕ ਤੀਰਥ ਸਿੰਘ ਗਿੱਲ ਆਦਿ ਵੱਲੋਂ ਸੰਵੇਦਨਾ ਪ੍ਰਗਟ ਕੀਤੀ ਗਈ।

ਸੰਖੇਪ: ਪ੍ਰਸਿੱਧ ਗਾਇਕ ਹਰਭਜਨ ਮਾਨ ਦੇ ਪਰਿਵਾਰ ‘ਚ ਸੋਗ ਦੀ ਲਹਿਰ ਦੌੜੀ, ਪਰਿਵਾਰਕ ਮੈਂਬਰ ਦੇ ਦੇਹਾਂਤ ਕਾਰਨ ਮਾਹੌਲ ਭਾਵੁਕ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।