Music Collab

20 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਟੀ-ਸੀਰੀਜ਼ ਅਤੇ ਗੁਰੂ ਰੰਧਾਵਾ ਟ੍ਰੈਂਡਿੰਗ ‘ਚ ਚੱਲ ਰਹੇ ਅਪਣੇ ਕਲੋਬ੍ਰੇਟ ਗੀਤ ‘ਵਾਈਬ’ ਨਾਲ ਇੱਕ ਵਾਰ ਮੁੜ ਇਕੱਠੇ ਹੋਏ ਹਨ, ਜਿਸ ਨਾਲ ਲੰਮੇਂ ਤੋਂ ਦੋਨੋਂ ਵਿਚਕਾਰ ਚੱਲ ਰਹੇ ਸ਼ੀਤ ਯੁੱਧ ਦਾ ਵੀ ਆਖ਼ਿਰਕਾਰ ਅੰਤ ਹੋ ਗਿਆ ਹੈ। ਸੰਗੀਤਕ ਕੰਪਨੀ ਟੀ-ਸੀਰੀਜ਼ ਅਤੇ ਗੁਲਸ਼ਨ ਕੁਮਾਰ ਵੱਲੋਂ ਵੱਡੇ ਪੱਧਰ ਉਤੇ ਸੰਗੀਤ ਮਾਰਕੀਟ ਵਿੱਚ ਜਾਰੀ ਕੀਤਾ ਗਿਆ ਹੈ ਉਕਤ ਗਾਣਾ, ਜਿਸ ਨੂੰ ਆਵਾਜ਼ਾਂ ਗੁਰੂ ਰੰਧਾਵਾ ਅਤੇ ਵਿਸ਼ਵ ਪੱਧਰ ਉੱਪਰ ਛਾਏ ਗਾਇਕ ਫ੍ਰੈਂਚ ਮੋਂਟਾਨਾ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਖੂਬਸੂਰਤ ਗੀਤ ਦੇ ਬੋਲ ਵੀ ਇੰਨ੍ਹਾਂ ਦੋਹਾਂ ਵੱਲੋਂ ਹੀ ਸਿਰਜੇ ਗਏ ਹਨ।

ਨੌਜਵਾਨ ਮਨਾਂ ਦੀ ਤਰਜਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ, ਜਿਸ ਦੀ ਨਿਰਦੇਸ਼ਨਾ ਰਿਆਨ ਸ਼ਾਹ ਅਤੇ ਸਹਿ ਨਿਰਦੇਸ਼ਕ ਗਾਏ ਬਰਗਮੈਨ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਆਲੀਸ਼ਾਨਤਾ ਪੂਰਵਕ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੇ ਚਰਚਿਤ ਚਿਹਰੇ ਸ਼ਨਾਇਆ ਕਪੂਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਪੈਨ ਇੰਡੀਆ ਫਿਲਮ ਨਾਲ ਜਲਦ ਹੀ ਸ਼ਾਨਦਾਰ ਸਿਲਵਰ ਸਕਰੀਨ ਡੈਬਿਊ ਕਰਨ ਜਾ ਰਹੀ ਹੈ।

ਨਿਰਮਾਤਾ ਸੁਸ਼ਮਿਤਾ ਕੋਹਲੀ ਵੱਲੋਂ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਦੇ ਰਚਨਾਤਮਕ ਨਿਰਮਾਤਾ ਸਿਮਰਜੀਤ ਸੈਣੀ, ਕੈਮਰਾਮੈਨ ਬੋਵੀਨ ਮੋਰੀਨੋ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਗਾਣੇ ਨਾਲ ਜੁੜੀ ਸਮੁੱਚੀ ਟੀਮ ਵੱਲੋਂ ਬਿਹਤਰੀਨ ਰੂਪ ਵਿੱਚ ਸਾਹਮਣੇ ਲਿਆਂਦੇ ਗਏ ਉਕਤ ਗਾਣੇ ਨੇ ਸੰਗੀਤਕ ਖੇਤਰ ਦੀਆਂ ਉਨ੍ਹਾਂ 2 ਮਸ਼ਹੂਰ ਹਸਤੀਆਂ ਭੂਸ਼ਣ ਕੁਮਾਰ ਅਤੇ ਗੁਰੂ ਰੰਧਾਵਾ ਨੂੰ ਮੁੜ ਇੱਕ ਮੰਚ ਉਤੇ ਲਿਆ ਖੜਾ ਕੀਤਾ ਹੈ, ਜੋ ਕੁਝ ਸਮਾਂ ਪਹਿਲਾ ਖੁੱਲ੍ਹ ਕੇ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਹੋ ਗਏ ਸਨ।

ਸੰਗੀਤਕ ਗਲਿਆਰਿਆਂ ਵਿੱਚ ਇੱਕ ਹੋਰ ਵੱਡੇ ਵਿਵਾਦ ਵਜੋਂ ਉਭਰੇ ਰਹੇ ਉਕਤ ਮਾਮਲੇ ਵਿੱਚ ਟੀ-ਸੀਰੀਜ਼, ਜੋ ਇੱਕ ਪ੍ਰਮੁੱਖ ਭਾਰਤੀ ਸੰਗੀਤ ਲੇਬਲ ਹੈ ਅਤੇ ਸੰਬੰਧਤ ਗਾਇਕ ਦੁਆਰਾ ਇੱਕ ਦੂਜੇ ਖਿਲਾਫ਼ ਕਥਿਤ ਰੂਪ ਵਿੱਚ ਕੀਤੇ ਕਰਾਰਾ ਤੋਂ ਲਾਂਭੇ ਹੱਟਣ ਦਾ ਦੋਸ਼ ਪ੍ਰਤੀਰੋਪ ਲਗਾਇਆ ਗਿਆ ਸੀ, ਜਿਸ ਦੇ ਮੱਦੇਨਜ਼ਰ ਗੁਰੂ ਰੰਧਾਵਾ ਵੱਲੋਂ ਕੰਪਨੀ ਤੋਂ ਕਿਨਾਰਾ ਕਰਦਿਆਂ ਅਪਣੇ ਨਵੇਂ ਗਾਣਿਆ ਨੂੰ ਅਪਣੇ ਖੁਦ ਦੇ ਪਲੇਟਫ਼ਾਰਮ ਉਪਰ ਜਾਰੀ ਕੀਤਾ ਗਿਆ, ਜਿਸ ਸੰਬੰਧਤ ਕਾਪੀ ਰਾਈਟ ਅਤੇ ਨਿਯਮ ਅਦੂਲੀ ਦਾ ਦੋਸ਼ ਲਗਾਉਂਦਿਆਂ ਟੀ-ਸੀਰੀਜ਼ ਵੱਲੋਂ ਕਈ ਗਾਣਿਆ ਨੂੰ ਸੰਬੰਧਤ ਪਲੇਟਫ਼ਾਰਮ ਤੋਂ ਹੱਟਵਾ ਦਿੱਤਾ ਗਿਆ ਸੀ, ਜਿਸ ਨਾਲ ਦੋਨਾਂ ਪਾਸਿਓ ਵਧੇ ਮਤਭੇਦ ਕਾਫ਼ੀ ਗੰਭੀਰ ਰੁਖ ਅਖ਼ਤਿਆਰ ਕਰ ਗਏ ਸਨ।

ਸੰਖੇਪ: ਟ੍ਰੈਂਡਿੰਗ ਗੀਤ ‘ਵਾਈਬ’ ਦੀ ਸਫਲਤਾ ਤੋਂ ਬਾਅਦ ਗੁਰੂ ਰੰਧਾਵਾ ਅਤੇ ਟੀ-ਸੀਰੀਜ਼ ਨੇ ਇੱਕ ਵਾਰ ਫਿਰ ਹੱਥ ਮਿਲਾਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।