ਅੰਮ੍ਰਿਤਸਰ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਨਵੇਂ ਸਾਲ ਦੇ ਆਗਮਨ ਵਿਚ ਹੁਣ ਦੋ ਦਿਨ ਬਾਕੀ ਹਨ। ਧੁੰਦ ਤੇ ਠੰਢ ਵਿਚਾਲੇ ਅੰਮ੍ਰਿਤਸਰ ਵਿਚ ਸੈਲਾਨੀਆਂ ਦੀ ਭੀੜ ਉਮੜ ਪਈ ਹੈ। ਰੋਜ਼ਾਨਾ ਇਕ ਲੱਖ ਤੋਂ ਵੱਧ ਸੈਲਾਨੀ ਪਹੁੰਚ ਰਹੇ ਹਨ। ਸ਼ਹਿਰ ਦੇ ਹੋਟਲ, ਰੈਸਟੋਰੈਂਟ ਤੇ ਸਰਾਵਾਂ ਦੇ ਸਾਰੇ ਕਮਰੇ ਫੁਲ ਹੋ ਚੁੱਕੇ ਹਨ। ਸਾਲ 2025 ਵਿਚ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਕਰੀਬ ਡੇਢ ਲੱਖ ਸੈਲਾਨੀ ਗੁਰੂ ਨਗਰੀ ਆਏ ਸਨ। ਇਸ ਵਾਰ ਦੋ ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਸੰਭਾਵਨਾ ਹੈ।

ਧਾਰਮਿਕ ਤੇ ਇਤਿਹਾਸਕ ਮਹੱਤਵ ਦੇ ਚੱਲਦੇ ਅੰਮ੍ਰਿਤਸਰ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਚੁੱਕਾ ਹੈ। ਸ੍ਰੀ ਹਰਿਮੰਦਰ ਸਾਹਿਬ, ਜੱਲਿਆਂਵਾਲਾ ਬਾਗ਼, ਸ਼੍ਰੀ ਦੁਰਗਿਆਣਾ ਤੀਰਥ ਅਤੇ ਭਾਰਤ-ਪਾਕਿਸਤਾਨ ਨੂੰ ਵੰਡਣ ਕੌਮਾਂਤਰੀ ਅਟਾਰੀ ਸਰਹੱਦ ’ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦੇਖਣ ਲਈ ਸੈਲਾਨੀਆਂ ਵਿਚ ਖ਼ਾਸਾ ਉਤਸ਼ਾਹ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਸਾਲ ਦੇ ਅੰਤ ਦੀਆਂ ਛੁੱਟੀਆਂ ਤੇ ਨਵਾਂ ਸਾਲ ਮਨਾਉਣ ਲਈ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਇਕ ਲੱਖ ਤੋਂ ਵੱਧ ਸੈਲਾਨੀ ਅੰਮ੍ਰਿਤਸਰ ਪਹੁੰਚ ਰਹੇ ਹਨ।

ਕੜਾਕੇ ਦੀ ਠੰਢ ਵਿਚਾਲੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਪਰਿਕਰਮਾ ਵਿਚ ਲੱਗੀਆਂ ਲੰਬੀਆਂ ਲਾਈਨਾਂ ਸ਼ਰਧਾਲੂਆਂ ਦੇ ਧੀਰਤ ਤੇ ਭਗਤੀ ਨੂੰ ਦਰਸਾ ਰਹੀਆਂ ਹਨ। ਹੈਰੀਟੇਜ ਸਟ੍ਰੀਟ ’ਤੇ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਹੈ। ਦੇਸ਼ ਭਗਤੀ ਦਾ ਪ੍ਰਤੀਕ ਜੱਲਿਆਂਵਾਲਾ ਬਾਗ਼ ਵੀ ਸੈਲਾਨੀਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੈ। ਇਹੀ ਨਹੀਂ ਨਵੇਂ ਸਾਲ ’ਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਮਨਾਉਣ ਲਈ ਸ਼ਰਧਾਲੂਆਂ ਤੇ ਸੈਲਾਨੀਆਂ ਨੇ ਐਡਵਾਂਸ ਵਿਚ ਹੀ ਹੋਟਲਾਂ ਤੇ ਐੱਸਜੀਪੀਸੀ ਦੀਆਂ ਸਰਾਵਾਂ ਵਿਚ ਬੁਕਿੰਗ ਕਰਵਾ ਲਈ ਹੈ।

ਹਾਲਾਤ ਇਹ ਹਨ ਕਿ ਸ਼ਹਿਰ ਦੇ 900 ਦੇ ਕਰੀਬ ਛੋਟੇ-ਵੱਡੇ ਹੋਟਲ ਤੇ ਜ਼ਿਲ੍ਹੇ ਦੀਆਂ 65 ਦੇ ਕਰੀਬ ਸਰਾਵਾਂ ਫੁਲ ਚੱਲ ਰਹੀਆਂ ਹਨ। ਇਨ੍ਹਾਂ ਵਿਚ ਐੱਸਜੀਪੀਸੀ ਦੀਆਂ ਅੱਠ ਸਰਾਵਾਂ ਵੀ ਸ਼ਾਮਲ ਹਨ। ਐੱਸਜੀਪੀਸੀ ਨੇ ਸਰਾਵਾਂ ਵਿਚ ਸ਼ਰਧਾਲੂਆਂ ਦੇ ਠਹਿਰਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਵਾਲਡ ਸਿਟੀ ਵਿਚ 500 ਦੇ ਲਗਪਗ ਛੋਟੇ-ਵੱਡੇ ਹੋਟਲ ਹਨ ਜਦਕਿ ਸਿਵਲ ਲਾਈਨ, ਰੇਲਵੇ ਸਟੇਸ਼ਨ, ਬੱਸ ਅੱਡੇ ਦੇ ਆਲੇ-ਦੁਆਲੇ ਹੋਟਲਾਂ ਦੀਆਂ ਗਿਣਤੀ 400 ਦੇ ਕਰੀਬ ਹੈ। ਇਨ੍ਹਾਂ ਹੋਟਲਾਂ ਵਿਚ ਕਮਰਿਆਂ ਦੀ ਗਿਣਤੀ 11 ਹਜ਼ਾਰ ਹੈ ਪਰ ਸਾਰੇ ਫੁਲ ਹਨ। ਉੱਥੇ ਸ਼ਹਿਰ ਦੀਆਂ ਸਰਾਵਾਂ ਵਿਚ 10,500 ਕਮਰੇ ਹਨ।

ਛੋਟੇ ਹੋਟਲਾਂ ਵਿਚ ਕਮਰੇ ਦਾ ਕਿਰਾਇਆ ਇਕ ਹਜ਼ਾਰ ਤੋਂ ਲੈ ਕੇ 2500 ਰੁਪਏ ਤੱਕ ਹੈ ਜਦਕਿ ਵੱਡੇ ਹੋਟਲਾਂ ਵਿਚ ਤਿੰਨ ਤੋਂ ਪੰਜ ਹਜ਼ਾਰ ਅਤੇ 35 ਤੋਂ 40 ਹਜ਼ਾਰ ਰੁਪੇ ਹੈ। ਹੋਟਲ ਕਾਰੋਬਾਰੀ ਸੰਜੈ ਕੁਮਾਰ ਨੇ ਦੱਸਿਆ ਕਿ ਹੋਟਲਾਂ ਵਿਚ ਕਈ ਦਿਨ ਪਹਿਲਾਂ ਬੁਕਿੰਗ ਹੋ ਚੁੱਕੀ ਹੈ। ਨਵੇਂ ਸਾਲ ’ਤੇ ਹੋਟਲਾਂ ਵੱਲੋਂ ਵਿਸ਼ੇਸ਼ ਪੈਕੇਜ ਵੀ ਦਿੱਤੇ ਜਾ ਰਹੇ ਹਨ।

ਦੁਕਾਨਦਾਰਾਂ ਦੀ ਕਮਾਈ ਹੋਈ ਦੁੱਗਣੀ

ਅੰਮ੍ਰਿਤਸਰ ਦੀਆਂ ਗਲੀਆਂ ਅਤੇ ਬਾਜ਼ਾਰ ਵੀ ਸੈਲਾਨੀਆਂ ਦੀ ਆਮਦ ਦੇ ਚੱਲਦੇ ਜੀਵੰਤ ਨਜ਼ਰ ਆ ਰਹੇ ਹਨ। ਹਾਲ ਬਾਜ਼ਾਰ, ਕੱਟੜਾ ਜੈਮਲ ਸਿੰਘ, ਗੁਰੂ ਬਾਜ਼ਾਰ, ਰਾਮਬਾਗ਼ ਤੇ ਪੁਰਾਣੇ ਸ਼ਹਿਰ ਵਿਚ ਦੇਸ਼-ਦੁਨੀਆ ਤੋਂ ਆਏ ਲੋਕ ਖ਼ਰੀਦਦਾਰੀ ਕਰਦੇ ਦੇਖੇ ਜਾ ਸਕਦੇ ਹਨ। ਕੱਟੜਾ ਜੈਮਲ ਸਿੰਘ ਵਿਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਸੁਖਦੇਵ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੇ ਸਮੇਂ ਉਨ੍ਹਾਂ ਦੀ ਵਿਕਰੀ ਵਿਚ ਦੁੱਗਣਾ ਵਾਧਾ ਹੁੰਦਾ ਹੈ। ਖ਼ਾਸ ਕਰ ਕੇ ਰਵਾਇਤੀ ਵਿਅੰਜਨ, ਹੈਂਡੀਕ੍ਰਾਫਟ ਅਤੇ ਯਾਦਗਾਰੀ ਚਿੰਨ੍ਹ ਸੈਲਾਨੀਆਂ ਨੂੰ ਕਾਫੀ ਪਸੰਦ ਆ ਰਹੇ ਹਨ।

ਸੈਲਾਨੀਆਂ ਲਈ 24 ਘੰਟੇ ਆਵਾਜਾਈ ਦੀ ਸਹੂਲਤ

-ਅੰਮ੍ਰਿਤਸਰ ਪਹੁੰਚਣ ’ਤੇ ਸੈਲਾਨੀਆਂ ਲਈ ਟੈਕਸੀ ਤੇ ਕੈਬ ਸੇਵਾਵਾਂ 24 ਘੰਟੇ ਉਪਲਬਧ ਹਨ।

-ਸ੍ਰੀ ਹਰਿਮੰਦਰ ਸਾਹਿਬ ਤੋਂ ਜੱਲਿਆਂਵਾਲਾ ਬਾਗ਼ ਦੀ ਦੂਰੀ 500 ਮੀਟਰ ਹੈ। ਇੱਥੋਂ ਤੱਕ ਪੈਦਲ ਜਾਇਆ ਜਾ ਸਕਦਾ ਹੈ।

-ਸ੍ਰੀ ਹਰਮਿੰਦਰ ਸਾਹਿਬ ਤੋਂ ਸ਼੍ਰੀ ਦੁਰਗਿਆਣਾ ਤੀਰਥ ਦੀ ਦੂਰੀ ਦੋ ਕਿਲੋਮੀਟਰ ਹੈ। ਇੱਥੇ ਜਾਣ ਲਈ ਆਟੋ ਰਿਕਸ਼ਾ ਤੇ ਟੈਕਸੀ ਸੇਵਾ ਉਪਲਬਧ ਹੈ।

-ਸ੍ਰੀ ਹਰਿਮੰਦਰ ਸਾਹਿਬ ਤੋਂ ਅਟਾਰੀ ਸਰਹੱਦ ਦੀ ਦੂਰੀ 28 ਕਿਲੋਮੀਟਰ ਹੈ। ਇੱਥੇ ਰਿਟ੍ਰੀਟ ਦੇਖਣ ਲਈ ਆਟੋ ਤੇ ਟੈਕਸੀ ਸੌਖਿਆਂ ਹੀ ਮਿਲ ਜਾਵੇਗੀ। ਐਡਵਾਂਸ ਬੁਕਿੰਗ ਵੀ ਕੀਤੀ ਜਾ ਸਕਦੀ ਹੈ।

ਸੰਖੇਪ:
ਨਵੇਂ ਸਾਲ ਤੋਂ ਪਹਿਲਾਂ ਅੰਮ੍ਰਿਤਸਰ ਸੈਲਾਨੀਆਂ ਨਾਲ ਗੁਲਜ਼ਾਰ ਹੈ—ਰੋਜ਼ਾਨਾ ਇਕ ਲੱਖ ਤੋਂ ਵੱਧ ਆਮਦ, ਹੋਟਲ–ਸਰਾਂ ਫੁੱਲ ਅਤੇ ਕਾਰੋਬਾਰ ਚਰਮ ’ਤੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।